ਜਲ ਸਰੋਤ ਤੇ ‘ਪੁੱਡਾ’ ਵਲੋਂ ਰਾਹਤ ਫ਼ੰਡ ਵਿਚ 2.10 ਕਰੋੜ ਰੁਪਏ ਦਾ ਯੋਗਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬਿੰਦਰ ਸਰਕਾਰੀਆ ਨੇ ਮੁਲਾਜ਼ਮਾਂ ਦੀ ਕੀਤੀ ਸ਼ਲਾਘਾ

File photo

ਚੰਡੀਗੜ੍ਹ, 17 ਅਪ੍ਰੈਲ (ਸ.ਸ.ਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ’ਤੇ ਅਮਲ ਕਰਦਿਆਂ, ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਡਾਇਰੈਕਟੋਰੇਟ ਆਫ਼ ਟਾਊਨ ਐਂਡ ਕੰਟਰੀ ਪਲਾਨਿੰਗ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਲਈ 2 ਕਰੋੜ 10 ਲੱਖ 70 ਹਜ਼ਾਰ ਰੁਪਏ ਦਾ ਯੋਗਦਾਨ ਦਿਤਾ ਗਿਆ ਹੈ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਮਹਾਮਾਰੀ ਨਾਲ ਲੜਨ ਲਈ ਪੁੱਡਾ ਦੇ ਅਧਿਕਾਰੀਆਂ /ਕਰਮਚਾਰੀਆਂ ਨੇ 45.50 ਲੱਖ ਰੁਪਏ ਅਤੇ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ 5.20 ਲੱਖ ਰੁਪਏ ਸੂਬਾ ਸਰਕਾਰ ਦੀ ਸਹਾਇਤਾ ਲਈ ਦਿਤੇ ਗਏ ਹਨ।

ਬੁਲਾਰੇ ਨੇ ਅੱਗੇ ਦਸਿਆ ਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਨੇ ਕੋਰੋਨਾਵਾਇਰਸ ਨਾਲ ਲੜਨ ਲਈ 1.60 ਕਰੋੜ ਰੁਪਏ ਸਹਾਇਤਾ ਵਜੋਂ ਦਿਤੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਨੇ ਇਹ ਯੋਗਦਾਨ ਅਪਣੀ ਤਨਖ਼ਾਹ ਵਿਚੋਂ ਦਿਤਾ ਹੈ।
ਘਰ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਜਲ ਸਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਮਾਰੂ ਵਾਇਰਸ ਵਿਰੁਧ ਲੜਨ ਲਈ ਅੱਗੇ ਆਉਣ ਲਈ ਅਧਿਕਾਰੀਆਂ/ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਕਟ ਸਮੇਂ ਇਨ੍ਹਾਂ ਅਧਿਕਾਰੀਆਂ/ ਕਰਮਚਾਰੀਆਂ ਦਾ ਸੂਬੇ ਦੇ ਲੋਕਾਂ ਨਾਲ ਇਕਜੁੱਟਤਾ ਦਰਸਾਉਣਾ ਇਕ ਚੰਗਾ ਸੰਕੇਤ ਹੈ। 

ਮਿਲਕਫੈਡ ਵਲੋਂ ਵੀ 20.34 ਲੱਖ ਰੁਪਏ ਦਾਨ
ਚੰਡੀਗੜ੍ਹ : ਕੋਵਿਡ-19 ਸੰਕਟ ਦੇ ਮਦੇਨਜ਼ਰ ਸੂਬਾ ਸਰਕਾਰ ਵਲੋਂ ਸਥਾਪਤ ਕੀਤੇ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਲਈ ਮਿਲਕਫੈਡ ਪੰਜਾਬ ਵਲੋਂ 20.34 ਲੱਖ ਰੁਪਏ ਦਾ ਯੋਗਦਾਨ ਪਾਇਆ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈੱਸ ਬਿਆਨ ਰਾਹÄ ਦਿਤੀ ਗਈ। ਮਿਲਕਫੈਡ ਵਲੋਂ ਪਾਏ ਗਏ ਇਸ ਯੋਗਦਾਨ ਵਿਚ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਵਲੋਂ 51 ਹਜ਼ਾਰ ਰੁਪਏ ਅਤੇ ਐਮ.ਡੀ. ਕਮਲਦੀਪ ਸਿੰਘ ਸੰਘਾ ਵਲੋਂ ਸੱਤ ਦਿਨ ਦੀ ਤਨਖ਼ਾਹ ਅਤੇ ਬਾਕੀ ਸਾਰੇ ਮੁਲਾਜ਼ਮਾਂ ਵਲੋਂ ਇਕ ਦਿਨ ਦੀ ਤਨਖ਼ਾਹ ਦਾਨ ਕਰਨ ਬਦਲੇ 19,83,850 ਰੁਪਏ ਜੁਟਾਏ ਗਏ। ਮਿਲਕਫੈਡ ਵਲੋਂ ਕੁੱਲ 20,34,850 ਰੁਪਏ ਦਾਨ ਕੀਤੇ ਗਏ।