ਲੇਬਰ ਪਾਰਟੀ ਨੇ ਯੂ.ਕੇ. ਸੰਸਦ ਮੈਂਬਰ ਢੇਸੀ ਨੂੰ ਬਣਾਇਆ ਸ਼ੈਡੋ ਰੇਲ ਮੰਤਰੀ
ਬਰਤਾਨੀਆ ਦੇ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਤਨਮਨਜੀਤ ਸਿੰਘ ਢੇਸੀ
ਚੰਡੀਗੜ੍ਹ, 17 ਅਪ੍ਰੈਲ (ਨੀਲ ਭਲੰਦਰ ਸਿੰਘ): ਬਰਤਾਨੀਆ ਦੇ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਤਨਮਨਜੀਤ ਸਿੰਘ ਢੇਸੀ ਨੂੰ ਬਰਤਾਨੀਆ ਦੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਦੇ ਨਵੇਂ ਬਣੇ ਆਗੂ ਸਰ ਕੇਰ ਸਟਾਮਰ ਵਲੋਂ ਸ਼ੈਡੋ ਰੇਲ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਯਾਦ ਰਹੇ ਕਿ ਤਨਮਨਜੀਤ ਸਿੰਘ ਢੇਸੀ ਪਹਿਲਾਂ ਵੀ ਸਲੋਹ ਤੋਂ ਹੀਥਰੋ ਹਵਾਈ ਅੱਡੇ ਤਕ ਰੇਲ ਸੇਵਾ ਸ਼ੁਰੂ ਕਰਵਾਉਣ ਲਈ ਚੱਲ ਰਹੀ ਮੁਹਿੰਮ ਦਾ ਅਹਿਮ ਹਿੱਸਾ ਹਨ।
ਉਨ੍ਹਾਂ ਨੇ ਅਪਣੀ ਇਸ ਨਿਯੁਕਤੀ ਲਈ ਲੇਬਰ ਪਾਰਟੀ ਦੇ ਨੇਤਾ ਸਟਾਰਮ ਦਾ ਧਨਵਾਦ ਕਰਦਿਆਂ ਕਿਹਾ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਵਿਚ ਕੋਈ ਕਮੀ ਨਹੀਂ ਆਉਣ ਦੇਣਗੇ। ਤਨਮਨਜੀਤ ਢੇਸੀ ਦੀ ਇਸ ਨਿਯੁਕਤੀ ਉਤੇ ਉਨ੍ਹਾਂ ਦੇ ਪਿਤਾ ਅਤੇ ਇੰਗਲੈਂਡ ਦੇ ਉੱਘੇ ਕਾਰੋਬਾਰੀ ਜਸਪਾਲ ਸਿੰਘ ਢੇਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਸਮੇਤ ਜਲੰਧਰ ਇਲਾਕੇ ਦੇ ਲੋਕਾਂ ਨੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸੇ ਦੌਰਾਨ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਇਕ ਬਿਆਨ ਵਿਚ ਢੇਸੀ ਨੂੰ ਇਸ ਨਿਯੁਕਤੀ ਉਤੇ ਵਧਾਈ ਦਿਤੀ।