ਬੇਅਦਬੀਆਂ ਅਤੇ ਬਿਜਲੀ ਸਰਕਟ ਨਾਲ ਸਰੂਪ ਅਗਨ ਭੇਂਟ ਦੀਆਂ ਘਟਨਾਵਾਂ ਨਹੀਂ ਰਹੀਆਂ ਰੁੱਕ
ਇਸ ਘਟਨਾ ਦਾ ਸਵੇਰ ਵੇਲੇ ਪਤਾ ਲਗਿਆ ਜਦ ਗ੍ਰੰਥੀ ਨਿਤਨੇਮ ਕਰਨ ਲਈ ਦਰਬਾਰ ਸਾਹਿਬ ਵਿਖੇ ਗਏ।
ਬਰਨਾਲਾ/ਟੱਲੇਵਾਲ (ਹਰਜਿੰਦਰ ਸਿੰਘ ਪੱਪੂ/ਬੇਅੰਤ ਸਿੰਘ ਬਖਤਗੜ੍ਹ): ਬੀਤੀ ਰਾਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿਖੇ ਗੁਰਦੁਆਰਾ ਸਾਹਿਬ ਰਵੀਦਾਸੀਆ ਵਿਖੇ ਬਿਜਲੀ ਸਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸਰੂਪ ਸਮੇਤ ਦਰਬਾਰ ਸਾਹਿਬ ਦਾ ਸਾਰਾ ਸਮਾਨ ਅਗਨ ਭੇਂਟ ਹੋ ਗਿਆ ਹੈ। ਇਸ ਘਟਨਾ ਦਾ ਸਵੇਰ ਵੇਲੇ ਪਤਾ ਲਗਿਆ ਜਦ ਗ੍ਰੰਥੀ ਨਿਤਨੇਮ ਕਰਨ ਲਈ ਦਰਬਾਰ ਸਾਹਿਬ ਵਿਖੇ ਗਏ। ਘਟਨਾ ਦਾ ਪਤਾ ਲਗਦੇ ਹੀ ਅੰਤਰਿਗ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ, ਸ਼੍ਰੋਮਣੀ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ, ਮੈਨੇਜਰ ਅਮਰੀਕ ਸਿੰਘ, ਕਥਵਾਚਕ ਸਤਨਾਮ ਸਿੰਘ ਭਦੌੜ ਤੇ ਸੰਗਤਾਂ ਵੀ ਵੱਡੀ ਗਿਣਤੀ ’ਚ ਗੁਰੂ ਘਰ ਪਹੁੰਚ ਗਈਆਂ।
ਘਟਨਾ ਸਥਾਨ ’ਤੇ ਪ੍ਰਸ਼ਾਸਨ ਵਲੋਂ ਐਸ.ਡੀ.ਐਮ ਵਰਜੀਤ ਵਾਲੀਆਂ, ਐਸ.ਪੀ ਜਸਵਿੰਦਰ ਸਿੰਘ ਚੀਮਾ, ਡੀ.ਐਸ.ਪੀ ਕੁਲਦੀਪ ਸਿੰਘ ਮਹਿਲ ਕਲਾਂ, ਐਸ.ਐਚ.ਓ ਥਾਣਾ ਟੱਲੇਵਾਲ ਕਿ੍ਰਸਨ ਸਿੰਘ, ਐਸ.ਡੀ.ਓ ਬਲਜੀਤ ਸਿੰਘ ਢਿੱਲੋਂ ਵੀ ਤੁਰੰਤ ਪਹੁੰਚ ਗਏ। ਇਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਹੁੰਚੇ ਪੰਜ ਪਿਆਰੇ ਸਾਹਿਬਾਨ ਭਾਈ ਗੁਰਵਿੰਦਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਜਗਸੀਰ ਸਿੰਘ, ਭਾਈ ਕੇਵਲ ਸਿੰਘ ਤੇ ਭਾਈ ਹਰਜੀਤ ਸਿੰਘ ਨੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਪਤਾ ਲਗਿਆ ਕਿ ਅੱਗ ਬਿਜਲੀ ਦੇ ਸਾਰਟ ਸਰਕਟ ਨਾਲ ਲੱਗੀ ਹੈ।
ਉਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਪੜਤਾਲ ਕਰਨ ਲਈ ਗ੍ਰੰਥੀ ਤੇ ਗੁਰਦੁਆਰਾ ਕਮੇਟੀ ਤੋਂ ਪੁਛਗਿਛ ਕੀਤੀ। ਪੰਜ ਪਿਆਰਿਆਂ ਨੇ ਦਸਿਆ ਕਿ ਗ੍ਰੰਥੀ ਅਤੇ ਕਮੇਟੀ ਦੀ ਅਣਗਹਿਲੀ ਹੈ। ਉਨ੍ਹਾਂ ਦਸਿਆ ਕਿ ਪੜਤਾਲ ਵਿਚ ਇਹ ਵੀ ਸਾਹਮਣੇ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਗਾਤਾਰ ਪ੍ਰਕਾਸ਼ ਹੀ ਰਹਿੰਦਾ ਸੀ ਤੇ ਸੁਖਆਸਣ ਨਹੀਂ ਕੀਤਾ ਜਾਂਦਾ ਸੀ, ਪ੍ਰਬੰਧਕਾਂ ਦੀ ਇਹ ਗ਼ਲਤੀ ਸੀ ਕਿ ਉਨ੍ਹਾਂ ਰਾਤ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਨਹੀਂ ਕੀਤਾ ਤੇ ਬਿਜਲੀ ਦੇ ਲੱਗੇ ਉਪਕਰਨ ਵੀ ਬੰਦ ਨਹੀਂ ਕੀਤੇ ਗਏ ਸਨ। ਪੰਜ ਪਿਆਰੇ ਸਾਹਿਬਾਨ ਨੇ 18 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਕਮੇਟੀ, ਪੰਚਾਇਤ ਤੇ ਨਗਰ ਨਿਵਾਸੀਆਂ ਨੂੰ ਪੇਸ਼ ਹੋਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਭੁੱਲ ਬਖ਼ਸਾਉਣ ਲਈ ਧਾਰਮਕ ਸਜ਼ਾ ਵੀ ਲਗਾਈ ਜਾਵੇਗੀ। ਇਸ ਸਮੇਂ ‘ਉਮੀਦ ਮਹਿਲਕਲਾਂ’ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਟਿੱਬਾ, ਸਰਪੰਚ ਹਰਸਰਨ ਸਿੰਘ ਟੱਲੇਵਾਲ, ਸਾਬਕਾ ਸਰਪੰਚ ਬਲਰਾਜ ਸਿੰਘ ਟੱਲੇਵਾਲ, ਮਲਕੀਤ ਸਿੰਘ ਤੁੰਗ, ਦਰਸ਼ਨ ਸਿੰਘ, ਬੂਟਾ ਸਿੰਘ ਵੀ ਹਾਜ਼ਰ ਸਨ।