ਨਵਜੋਤ ਕੌਰ ਸਿੱਧੂ ਪੋਸਤ ਦੀ ਖੇਤੀ ਦੇ ਹੱਕ ਵਿਚ ਉਤਰੀ
ਨਵਜੋਤ ਕੌਰ ਸਿੱਧੂ ਪੋਸਤ ਦੀ ਖੇਤੀ ਦੇ ਹੱਕ ਵਿਚ ਉਤਰੀ
ਬਰਨਾਲਾ, 17 ਅਪ੍ਰੈਲ (ਹਰਜਿੰਦਰ ਸਿੰਘ ਪੱਪੂ): ਇਕ ਦੇਸ਼ 'ਚ ਦੋ ਵੱਖ-ਵੱਖ ਕਾਨੂੰਨ ਨਹੀਂ ਹੋ ਸਕਦੇ, ਦਰਜਨ ਤੋਂ ਜ਼ਿਆਦਾ ਸੂਬਿਆਂ 'ਚ ਹੋ ਰਹੀ ਪੋਸਤ ਦੀ ਖੇਤੀ ਨੂੰ ਵਪਾਰ ਸਮਝਿਆ ਜਾ ਰਿਹਾ ਹੈ ਪਰ ਜਦੋਂ ਪੰਜਾਬ 'ਚ ਇਸ ਖੇਤੀ ਦੀ ਗੱਲ ਚਲਦੀ ਹੈ ਤਾਂ ਇੱਥੋਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਖੇਤੀ ਦੇ ਹੱਕ 'ਚ ਖੜ੍ਹਨ ਵਾਲਿਆਂ ਨੂੰ ਦੇਸ਼ ਵਿਰੋਧੀ ਖਿਤਾਬ ਦੇ ਦਿੰਦਾ ਹੈ | ਮੀਡੀਆ ਦੇ ਰੂਬਰੂ ਹੁੰਦਿਆਂ ਮਹਾਂ ਜੱਟ ਸਭਾ ਦੇ ਉਪ ਪ੍ਰਧਾਨ ਤੇ ਸਾਬਕਾ ਵਜੀਰ ਬੀਬੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿਸ ਸਮੇਂ ਪੰਜਾਬ 'ਚ ਪੋਸਤ ਦੀ ਖੇਤੀ ਹੁੰਦੀ ਸੀ, ਉਸ ਸਮੇਂ ਪੰਜਾਬ ਬਿਮਾਰੀਆਂ ਤੋਂ ਰਾਹਤ ਸੀ, ਪਰ ਅੱਜ ਸਰਕਾਰਾਂ ਦੀ ਨਲਾਇਕੀ ਦੇ ਕਾਰਨ ਨਾਲ ਲਗਦੇ ਦੇਸ਼ਾਂ 'ਚੋਂ ਆ ਰਿਹਾ ਘਾਤਕ ਨਸ਼ਾ ਪੰਜਾਬ ਦੀ ਜਵਾਨੀ ਨੂੰ ਲਪੇਟ 'ਚ ਲੈ ਰਿਹਾ ਹੈ ਤੇ ਇਸ ਨਸ਼ੇ ਦੀ ਲਪੇਟ 'ਚ ਆ ਕੇ ਹਜ਼ਾਰਾਂ ਮਾਂਵਾਂ ਦੇ ਗਭਰੂ ਪੁੱਤ ਮਾਂਵਾਂ ਦੀ ਗੋਦ ਸੁੰਨੀ ਛੱਡ ਕੇ ਚਲੇ ਗਏ ਹਨ | ਜਦਕਿ ਹਜ਼ਾਰਾਂ ਕਿਸੇ ਨਸ਼ੇ ਦੀ ਲਪੇਟ 'ਚ ਆ ਕੇ ਜ਼ਿੰਦਗੀ ਮੌਤ ਨਾਲ ਜੂਝ ਰਹੇ ਹਨ |
ਉਨ੍ਹਾਂ ਪੋਸਤ ਦੀ ਖੇਤੀ ਨੂੰ ਪੰਜਾਬ ਪੱਖੀ ਖੇਤੀ ਦਸਦਿਆਂ ਕਿਹਾ ਕਿ ਅਗਰ ਸਰਕਾਰਾਂ ਕਿਸਾਨਾਂ ਨੂੰ ਪੋਸਤ ਖੇਤੀ ਕਰਨ ਦੀ ਖੁਲ੍ਹ ਦੇ ਦੇਣ ਤਾਂ ਕਿਸਾਨਾਂ ਸਿਰ ਚੜਿ੍ਹਆ ਹੋਇਆ ਕਰਜ਼ਾ ਜਿੱਥੇ ਲੱਥ ਜਾਵੇਗਾ ਉਥੇ ਪੰਜਾਬ ਆਰਥਕ ਤੇ ਸਰੀਰਕ ਤੌਰ 'ਤੇ ਵੀ ਖ਼ੁਸ਼ਹਾਲ ਹੋ ਸਕਦਾ ਹੈ | ਪੰਜਾਬ ਦੇ ਰਾਜਸੀ ਹਾਲਤਾਂ ਦੇ ਸਬੰਧ 'ਚ ਉਨ੍ਹਾਂ ਕਿਹਾ ਕਿ ਸਿੱਧੂ ਪਰਵਾਰ ਦੀ ਕੋਸ਼ਿਸ਼ ਹੈ ਕਿ 2022 'ਚ ਪੰਜਾਬ ਦੇ ਲੋਕਾਂ ਦੀ ਅਪਣੀ ਸਰਕਾਰ ਹੋਂਦ ਵਿਚ ਆ ਜਾਵੇ ਤਾਂ ਕਿ ਪੰਜਾਬ ਦਾ ਕਿਸਾਨ, ਜਵਾਨ, ਮਜ਼ਦੂਰ ਤੇ ਮੁਲਾਜ਼ਮ ਆਦਿ ਚੜ੍ਹਦੀ ਕਲ੍ਹਾ 'ਚ ਹੋਵੇ | ਉਨ੍ਹਾਂ ਕਿਹਾ ਕਿ ਰਾਜਨੀਤੀ 'ਚ ਆਉਣ ਵਾਲੇ ਵਿਅਕਤੀ ਨੂੰ ਸੱਚੇ ਦਿਲੋਂ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਫਿਰ ਧਰਤੀ ਪਾੜ ਕੇ ਲੋਕ ਉਸ ਵਿਅਕਤੀ ਨੂੰ ਪਲਕਾਂ 'ਤੇ ਬਿਠਾਉਂਦੇ ਹੋਏ ਸੇਵਾ ਬਖ਼ਸ਼ਦੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਦਾ ਹੀ ਇਕ ਮੁੱਦਾ ਨਹੀਂ ਲੋੜ ਹੈ, ਕਿਸਾਨ ਨੂੰ ਲੱਖਾਂ ਪਤੀ ਕਿਵੇਂ ਬਣਾਇਆ ਜਾਵੇ ਕਿਉਂਕਿ ਕਿਸਾਨ ਆਰਥਕਤਾ ਨਾਲ ਜੂਝਦਾ ਹੋਇਆ ਗਲਾਂ 'ਚ ਰੱਸੇ ਪਾ ਕੇ ਮੌਤ ਨੂੰ ਗਲੇ ਲਗਾ ਰਿਹਾ ਹੈ |
ਦੁੱਧ ਦੇ ਹਾਲਤਾਂ 'ਤੇ ਉਨ੍ਹਾਂ ਕਿਹਾ ਕਿ ਜਿੰਨਾਂ ਦੁੱਧ ਪੈਂਦਾ ਹੋ ਰਿਹਾ ਹੈ, ਉਦੋਂ ਕਈ ਗੁਣਾ ਜ਼ਿਆਦਾ ਟਨ ਵਿਕ ਰਿਹਾ ਹੈ ਤੇ ਫਿਰ ਵਾਧੂ ਦੁੱਧ ਕਿੱਥੋਂ ਆਉਂਦਾ ਹੈ | ਭਾਵ ਨਕਲੀ ਦੁੱਧ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ, ਜੋ ਘਾਤਿਕ ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਹੈ | ਅਖ਼ੀਰ 'ਚ ਉਨ੍ਹਾਂ ਗੁਰੂ ਸਾਹਿਬਾਨਾਂ ਦੀ ਚਰਨਛੋਹ ਪ੍ਰਾਪਤ ਪੰਜਾਬ ਦੀ ਧਰਤੀ 'ਤੇ ਰਹਿਣ ਵਾਲੇ ਬਸ਼ਿੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਾਗ੍ਰਤਿ ਹੋਣ ਦੀ ਲੋੜ ਹੈ ਤਾਂ ਕਿ 2022 ਦੀਆਂ ਚੋਣਾਂ 'ਚ ਪੰਜਾਬ, ਪੰਜਾਬੀਅਤ ਤੇ ਕੌਮ ਪ੍ਰਸ਼ਤ ਵਿਅਕਤੀਆਂ ਨੂੰ ਸੇਵਾ ਦਾ ਮੌਕਾ ਦਿਤਾ ਜਾਵੇ | ਇਸ ਸਮੇਂ ਸੂਬਾ ਆਗੂ ਗੁਰਕੀਮਤ ਸਿੰਘ ਸਿੱਧੂ ਆਦਿ ਹਾਜ਼ਰ ਸਨ |
17---2ਡੀ