ਸਰਕਾਰ ਕਿਸਾਨ ਸੰਘਰਸ਼ ਤੋਂ ਅਪਣੇ ਨਾਪਾਕ ਤੇ ਜਾਬਰ ਹੱਥ ਪਾਸੇ ਰੱਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਕਿਯੂ ਏਕਤਾ ਉਗਰਾਹਾਂ ਦੀ ਮੋਦੀ ਸਰਕਾਰ ਨੂੰ ਚਿਤਵਾਨੀ

Joginder Singh Ugrahan

 ਚੰਡੀਗੜ੍ਹ (ਭੁੱਲਰ): ਕੋਰੋਨਾ ਦੀ ਆੜ ਹੇਠ ਕਿਸਾਨ ਸੰਘਰਸ਼ ਉਤੇ ਪਾਬੰਦੀਆਂ ਮੜ੍ਹਨ ਦੀਆਂ ਵਿਉਂਤਾਂ ਘੜ ਰਹੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨੇ ਕਿਹਾ ਹੈ ਉਹ ਕਿਸਾਨ ਸੰਘਰਸ਼ ਤੋਂ ਅਪਣੇ ਨਾਪਾਕ ਅਤੇ ਜਾਬਰ ਹੱਥ ਪਾਸੇ ਰੱਖੇ। ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਉਤੇ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਦ੍ਰਿੜ੍ਹ ਹਨ ਤੇ ਇਹ ਸੰਘਰਸ਼ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਡੱਕਿਆ ਨਹੀਂ ਜਾ ਸਕਦਾ।

ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਇਕ ਪਾਸੇ ਦੇਸ਼ ਅੰਦਰ ਮੁੜ ਲਾਕਡਾਊਨ ਵਰਗੇ ਹਾਲਾਤ ਪੈਦਾ ਕਰ ਰਹੀ ਹੈ ਜਦ ਕਿ ਦੂਜੇ ਪਾਸੇ ਬੰਗਾਲ ਤੇ ਹੋਰਨਾਂ ਸੂਬਿਆਂ ਦੀਆਂ ਚੋਣਾਂ ਅੰਦਰ ਆਪ ਵੱਡੀਆਂ ਰੈਲੀਆਂ ਕਰ ਰਹੀ ਹੈ। 
ਅਪਣੇ ਖੇਤੀ ਕਿੱਤੇ ਦੀ ਰਾਖੀ ਲਈ ਦਿੱਲੀ ਦੇ ਬਾਰਡਰ ਉਤੇ ਡਟੇ ਹੋਏ ਕਿਸਾਨਾਂ ਨੂੰ ਕੋਰੋਨਾ ਖ਼ਤਰੇ ਦੀਆਂ ਨਸੀਹਤਾਂ ਦਿਤੀਆਂ ਜਾ ਰਹੀਆਂ ਹਨ।

ਮੀਡੀਆ ਦੀਆਂ ਖ਼ਬਰਾਂ ਰਾਹੀਂ ਅਪਰੇਸ਼ਨ ਕਲੀਨ ਵਰਗੀ ਚਰਚਾ ਚਲਾ ਕੇ ਕਿਸਾਨਾਂ ਨੂੰ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਮਰਾਜ ਦੀ ਝੋਲੀਚੁੱਕ ਇਸ ਸਰਕਾਰ ਨੇ ਇਸ ਮਹਾਂਮਾਰੀ ਨੂੰ ਵੀ ਅਪਣੇ ਲੁਟੇਰੇ ਮਨਸੂਬਿਆਂ ਦਾ ਹੱਥਾ ਬਣਾ ਲਿਆ ਹੈ। ਅਜਿਹੀਆਂ ਕੋਈ ਵੀ ਰੀਪੋਰਟਾਂ ਕਿਸਾਨਾਂ ਨੂੰ ਸੰਘਰਸ਼ ਦੇ ਰਸਤੇ ਤੋਂ ਥਿੜਕਾ ਨਹੀਂ ਸਕਦੀਆਂ।

ਇਨ੍ਹਾਂ ਮਨਸ਼ਿਆਂ ਨੂੰ ਚਕਨਾਚੂਰ ਕਰਨ ਲਈ 21 ਅਪ੍ਰੈਲ ਨੂੰ  ਕਿਸਾਨਾਂ ਦਾ ਵੱਡਾ ਕਾਫ਼ਲਾ ਪੰਜਾਬ ਤੋਂ ਦਿੱਲੀ ਵਲ ਕੂਚ ਕਰੇਗਾ। ਆਗੂਆਂ ਨੇ ਕਿਹਾ ਕਿ ਸੰਘਰਸ਼ ਵਿਚ ਸ਼ਾਮਲ ਕਿਸਾਨ-ਮਜ਼ਦੂਰ ਅਪਣੀ ਸਿਹਤ ਲਈ ਵੀ ਜਾਗਰੂਕ ਹਨ। ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਜਾ ਰਿਹਾ ਹੈ ਪਰ ਕੋਰੋਨਾ ਬਿਮਾਰੀ ਕਿਸਾਨਾਂ ਲਈ ਖੇਤੀ ਕਿੱਤੇ ਦੀ ਤਬਾਹੀ ਤੋਂ ਉੱਪਰ ਨਹੀਂ ਹੈ।