ਪਟਿਆਲਾ ਦੇ 3 ਸਾਬਕਾ ਜੇਲ੍ਹ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ, ਜਬਰਨ ਵਸੂਲੀ ਤਹਿਤ ਕੀਤੀ ਗਈ ਕਾਰਵਾਈ

ਏਜੰਸੀ

ਖ਼ਬਰਾਂ, ਪੰਜਾਬ

ਜਬਰਨ ਵਸੂਲੀ ਤੇ ਡਰੱਗ ਰੈਕੇਟ ਦਾ ਹੈ ਮਾਮਲਾ

3 Patiala jail officials booked for extortion

 

ਪਟਿਆਲਾ : ਨਿਆਂਇਕ ਜਾਂਚ ਦੌਰਾਨ ਪਟਿਆਲਾ ਕੇਂਦਰੀ ਜੇਲ੍ਹ ਵਿਚ ਜਬਰੀ ਵਸੂਲੀ ਅਤੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਅੱਤਲ ਜੇਲ੍ਹ ਸੁਪਰਡੈਂਟ, ਸਾਬਕਾ ਡਿਪਟੀ ਸੁਪਰਡੈਂਟ ਅਤੇ ਸਾਬਕਾ ਵਾਰਡਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਵਿਅਕਤੀਆਂ ਦੀ ਪਛਾਣ ਮੁਅੱਤਲ ਹੋ ਚੁੱਕੇ ਜੇਲ੍ਹ ਸੁਪਰਡੈਂਟ ਰਾਜਨ ਕਪੂਰ, ਸਾਬਕਾ ਡਿਪਟੀ ਸੁਪਰਡੈਂਟ ਤੇਜਾ ਸਿੰਘ ਅਤੇ ਸਾਬਕਾ ਮੁੱਖ ਵਾਰਡਰ ਪਰਮਜੀਤ ਸਿੰਘ ਵਜੋਂ ਹੋਈ ਹੈ।

ਜਬਰੀ ਵਸੂਲ ਤੇ ਤਸ਼ੱਦਦ ਦੀ ਘਟਨਾ 2017 ਤੋਂ 2019 ਦੌਰਾਨ ਵਾਪਰੀ ਸੀ। ਇੱਕ ਕੈਦੀ ਵਿਸ਼ਾਲ ਸਿੰਘ ਨੇ ਨਿਆਂਪਾਲਿਕਾ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਜੇਲ੍ਹ ਸੁਪਰਡੈਂਟ ਆਪਣੇ ਸਾਥੀਆਂ ਨਾਲ ਮਿਲ ਕੇ ਜੇਲ੍ਹ ਵਿਚ ਫਿਰੌਤੀ ਦਾ ਰੈਕੇਟ ਚਲਾ ਰਿਹਾ ਹੈ ਅਤੇ ਕੈਦੀਆਂ ਨੂੰ ਤੰਗ-ਪ੍ਰੇਸ਼ਾਨ ਵੀ ਕਰਦਾ ਹੈ। ਇੰਨਾ ਹੀ ਨਹੀਂ ਉਹ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਵੀ ਕਰਦੇ ਹਨ। ਦੋਸ਼ ਸੀ ਕਿ ਮੁਲਜ਼ਮਾਂ ਨੇ ਕੈਦੀਆਂ 'ਤੇ ਤਸ਼ੱਦਦ ਕੀਤਾ, ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਲਈ ਮਜਬੂਰ ਕੀਤਾ ਅਤੇ ਵਾਰਡਰ ਦੇ ਰਿਸ਼ਤੇਦਾਰ ਦੇ ਬੈਂਕ ਖਾਤੇ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ, ਜੋ ਬਾਅਦ ਵਿਚ ਜੇਲ੍ਹ ਸੁਪਰਡੈਂਟ ਨੇ ਲੈ ਲਏ।

ਕੈਦੀ ਅਨੁਸਾਰ ਜਿਹੜਾ ਬੰਦੀ ਇਸ ਤੋਂ ਇਨਕਾਰ ਕਰਦਾ ਸੀ ਉਸ ਨੂੰ ਤਸੀਹੇ ਦਿੱਤੇ ਜਾਂਦੇ ਸਨ। ਸ਼ਿਕਾਇਤ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਗੁਰਬਿੰਦਰ ਸਿੰਘ ਜੌਹਲ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਦੋਸ਼ ਸਹੀ ਪਾਏ ਗਏ। ਜਾਂਚ ਦੌਰਾਨ ਇਕ ਹੋਰ ਕੈਦੀ ਹਰਦੇਵ ਸਿੰਘ ਨੇ ਵੀ ਕੇਂਦਰੀ ਜੇਲ੍ਹ ਪਟਿਆਲਾ ਵਿਚ ਜਬਰ-ਜਨਾਹ ਅਤੇ ਤਸ਼ੱਦਦ ਹੋਣ ਦੀ ਗੱਲ ਕਹੀ ਸੀ। ਬਲਕਾਰ ਸਿੰਘ ਦੇ ਨਾਮ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਦੀ ਪਤਨੀ ਦੇ ਬੈਂਕ ਖਾਤੇ ਵਿਚ ਕੈਦੀਆਂ ਦੁਆਰਾ ਪੈਸੇ ਜਮ੍ਹਾ ਕਰਵਾਏ ਗਏ ਸਨ ਤੇ ਦੋਸ਼ ਹੈ ਕਿ ਬਾਅਦ ਵਿਚ ਸੁਪਰਡੈਂਟ ਦੁਆਰਾ ਕਢਵਾ ਲਏ ਗਏ ਸਨ।

ਜਿਲ੍ਹਾ ਤੇ ਸੈਸ਼ਨ ਜੱਜ ਵਲੋਂ ਇਸ ਮਾਮਲੇ ਨੂੰ ਹਾਈ ਕੋਰਟ ਅੱਗੇ ਪੇਸ਼ ਕੀਤਾ ਗਿਆ। ਜਿਸ ’ਤੇ ਹਾਈਕੋਰਟ ਨੇ 17 ਅਗਸਤ, 2021 ਨੂੰ ਜਾਂਚ ਨੂੰ ਅੱਗੇ ਤੋਰਦਿਆਂ ਗਲਤੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਅਤੇ ਦੋ ਮਹੀਨਿਆਂ ਦੇ ਅੰਦਰ ਅਦਾਲਤ ਨੂੰ ਸੂਚਿਤ ਕਰਨ ਦੇ ਹੁਕਮ ਦਿੱਤੇ। ਹਾਲਾਂਕਿ ਜੇਲ੍ਹ ਵਿਭਾਗ ਨੇ ਫਾਈਲ ਨੂੰ ਅੱਗੇ ਤੋਰਨ ਵਿਚ ਸਮਾਂ ਲਗਾ ਦਿੱਤਾ ਤੇ 17 ਜਨਵਰੀ 2022 ਨੂੰ ਪੁਲਿਸ ਨੂੰ ਐਫਆਈਆਰ ਦਰਜ ਕਰਨ ਲਈ ਲਿਖਿਆ।