ਜਿਹੜੇ ਪਰਿਵਾਰ 600 ਯੂਨਿਟ ਤੋਂ ਜ਼ਿਆਦਾ ਬਿਜਲੀ ਵਰਤਦੇ ਹਨ, ਉਹ ਲਗਜ਼ਰੀ ਹੋਣਗੇ- ਬਿਜਲੀ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਨਰਲ ਵਰਗ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।

Harbhajan Singh ETO

 

ਚੰਡੀਗੜ੍ਹ: ਪੰਜਾਬ ਵਿਚ 300 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ ਸਬੰਧੀ ਗੱਲ ਕਰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਨਰਲ ਵਰਗ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਅੱਜ ਤੱਕ ਕਿਸੇ ਵੀ ਸਰਕਾਰ ਨੇ ਅਜਿਹਾ ਫੈਸਲਾ ਨਹੀਂ ਲਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ 600 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਦੇ ਹਨ ਤਾਂ ਉਹ ਲਗਜ਼ਰੀ ਸ਼੍ਰੇਣੀ ਵਿਚ ਆਉਂਦੇ ਹਨ। ਆਮ ਪਰਿਵਾਰ ਲਈ ਦੋ ਮਹੀਨਿਆਂ ਦੇ 600 ਯੂਨਿਟ ਬਿਜਲੀ ਕਾਫੀ ਹੈ।

Harbhajan Singh ETO

ਉਹਨਾਂ ਕਿਹਾ ਕਿ ਪੰਜਾਬ ਵਿਚ ਜਨਰਲ ਵਰਗ ਦੇ ਘੱਟੋ ਘੱਟ 69 ਲੱਖ ਅਜਿਹੇ ਪਰਿਵਾਰ ਹਨ ਜੋ 300 ਯੂਨਿਟ ਤੋਂ ਘੱਟ ਬਿਜਲੀ ਦੀ ਵਰਤੋਂ ਕਰਦੇ ਹਨ। ਅਜਿਹੇ ਪਰਿਵਾਰਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਹੋਵੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਪਹਿਲੀਆਂ ਸਰਕਾਰਾਂ ਨਾਲ ਨਾਰਾਜ਼ਗੀ ਹੋਣੀ ਚਾਹੀਦੀ ਹੈ। ਉਹਨਾਂ ਨੇ ਕਦੇ ਵੀ ਜਨਰਲ ਵਰਗ ਨੂੰ ਕੁਝ ਨਹੀਂ ਦਿੱਤਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਰਲ ਵਰਗ ਨੂੰ ਵੀ ਮੁਫਤ ਬਿਜਲੀ ਦੀ ਰਾਹਤ ਦਿੱਤੀ ਹੈ, ਇਸ ਨਾਲ ਉਹਨਾਂ ਵਿਚ ਖੁਸ਼ੀ ਦੀ ਲਹਿਰ ਹੋਣੀ ਚਾਹੀਦੀ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਲੋਕਾਂ ਨੂੰ ਬਿਜਲੀ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।  

Harbhajan Singh ETO

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਹਾਲ ਹੀ ਵਿਚ ਹਰ ਘਰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਵਿਚ ਬਿਜਲੀ ਦਾ ਬਿੱਲ 2 ਮਹੀਨੇ ਬਾਅਦ ਆਉਂਦਾ ਹੈ। ਅਜਿਹੇ 'ਚ 2 ਮਹੀਨਿਆਂ 'ਚ 600 ਯੂਨਿਟ ਮੁਫਤ ਮਿਲਣਗੇ। ਜੇਕਰ ਐੱਸਸੀ, ਬੀਸੀ, ਸੁਤੰਤਰਤਾ ਸੈਨਾਨੀਆਂ ਅਤੇ ਬੀਪੀਐੱਲ ਪਰਿਵਾਰਾਂ ਦਾ ਬਿੱਲ 600 ਤੋਂ ਵੱਧ ਹੈ ਤਾਂ ਉਹਨਾਂ ਨੂੰ ਵਾਧੂ ਯੂਨਿਟ ਦਾ ਹੀ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ ਜੇਕਰ ਜਨਰਲ ਕੈਟਾਗਰੀ ਦਾ ਬਿੱਲ 600 ਤੋਂ ਘੱਟ ਆਉਂਦਾ ਹੈ ਤਾਂ ਇਹ ਮੁਆਫ਼ ਹੈ, ਪਰ ਜੇਕਰ ਇਕ ਯੂਨਿਟ ਯਾਨੀ 601 ਯੂਨਿਟ ਵੀ ਆਉਂਦਾ ਹੈ ਤਾਂ ਪੂਰਾ ਬਿੱਲ ਅਦਾ ਕਰਨਾ ਹੋਵੇਗਾ।