MP ਰਵਨੀਤ ਬਿੱਟੂ ਨੇ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ, ਕਹਿ ਦਿੱਤੀ ਇਹ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਚੰਡੀਗੜ੍ਹ ਪੰਜਾਬ ਦਾ ਸੀ ਤੇ ਪੰਜਾਬ ਦਾ ਹੀ ਰਹੇਗਾ'

Ravneet Bittu

 

ਲੁਧਿਆਣਾ: ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਅਤੇ ਪਾਰਟੀ 'ਚ ਚੱਲ ਰਹੀ ਧੜੇਬੰਦੀ ਨੂੰ ਰੋਕਣ ਲਈ ਕਾਂਗਰਸ ਹਾਈਕਮਾਂਡ ਨੇ ਮੀਡੀਆ 'ਚ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਦੇ ਮੂੰਹ 'ਤੇ ਪੱਟੀ ਬੰਨ੍ਹ ਦਿੱਤੀ ਹੈ। ਹੁਣ ਕੋਈ ਵੀ ਕਾਂਗਰਸੀ ਆਗੂ ਮੀਡੀਆ ਸਾਹਮਣੇ ਦੋਸ਼ ਨਹੀਂ ਲਗਾ ਸਕੇਗਾ। ਪਾਰਟੀ ਵਿਰੋਧੀ ਬਿਆਨ ਦੇਣ ਵਾਲਿਆਂ ਬਾਰੇ ਪਾਰਟੀ ਦੇ ਅਧਿਕਾਰਤ ਆਗੂ ਹੀ ਗੱਲ ਕਰਨਗੇ। ਹਾਈਕਮਾਂਡ ਦੇ ਇਸ ਹੁਕਮ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ।

 

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਿੱਚ ਸਭ ਤੋਂ ਅੱਗੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਵੀ ਪਾਰਟੀ ਦੇ ਨਿਰਦੇਸ਼ਾਂ 'ਤੇ ਆਪਣਾ ਮੂੰਹ ਬੰਦ ਕਰ ਲਿਆ ਹੈ। ਹੁਣ ਉਹ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਖਿਲਾਫ ਬੋਲਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਬਿੱਟੂ ਨੇ ਸਪੱਸ਼ਟ ਕੀਤਾ ਕਿ ਹਾਈਕਮਾਂਡ ਨੇ ਹੁਣ ਆਪਣੇ ਆਗੂਆਂ ਨੂੰ ਧੜੇਬੰਦੀ ਨੂੰ ਰੋਕਣ ਲਈ ਬਿਆਨਬਾਜ਼ੀ ਨਾ ਕਰਨ ਦੀ ਹਦਾਇਤ ਕੀਤੀ ਹੈ।

 

 

ਬਿੱਟੂ ਨੇ ਕਿਹਾ ਕਿ ਹਜੇ ਉਹ ਮਾਨ ਸਰਕਾਰ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਉਹਨਾਂ ਦੀ ਸਰਕਾਰ ਨੂੰ ਸੱਤਾ ਵਿਚ ਆਏ 1 ਮਹੀਨਾ ਹੋਇਆ ਹੈ ਜਦੋਂ ਦੋ ਮਹੀਨੇ ਹੋ ਗਏ ਉਦੋਂ  ਇਸ ਦਾ ਹਿਸਾਬ ਲੈਣਗੇ।  ਹੁਣ 'ਆਪ' ਦੀ ਸਰਕਾਰ ਹੈ ਭਾਵੇਂ ਉਹ 3 ਲੱਖ ਕਰੋੜ ਦਾ ਹਿਸਾਬ ਕਰਨ ਚਾਹੇ ਉਹ 1 ਲੱਖ ਕਰੋੜ ਦਾ ਹਿਸਾਬ ਕਰਨ ਜਿਸਦਾ ਮਰਜ਼ੀ ਹਿਸਾਬ ਕਰਨ। 'ਆਪ' ਵਿਚ 90% ਲੋਕ ਤਾਂ ਕਾਂਗਰਸ- ਅਕਾਲੀ ਦਲ ਵਿਚੋਂ ਹਨ। ਇਹਨਾਂ ਕੋਲ ਨਵਾਂ ਕੀ ਹੈ?

ਬੱਚਤ ਭਵਨ ਵਿਖੇ ਹੋਈ ਮੀਟਿੰਗ ਤੋਂ ਬਾਅਦ ਜਦੋਂ ਰਵਨੀਤ ਸਿੰਘ ਬਿੱਟੂ ਨੂੰ ਪੁੱਛਿਆ ਗਿਆ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਇਨ੍ਹੀਂ ਦਿਨੀਂ ਪਾਰਟੀ ਆਗੂਆਂ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਲਗਾਤਾਰ ਪਾਰਟੀ ਆਗੂਆਂ ਨੂੰ ਮਿਲ ਰਹੇ ਹਨ। ਇਸ ਨਾਲ ਪਾਰਟੀ ਵਿੱਚ ਹੋਰ ਧੜੇਬੰਦੀ ਨਹੀਂ ਵਧੇਗੀ।

ਇਸ 'ਤੇ ਬਿੱਟੂ ਨੇ ਸਪੱਸ਼ਟ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਗੱਲ ਨਹੀਂ ਕਰਨਗੇ। ਇਸ ਦੇ ਨਾਲ ਹੀ ਸੁਨੀਲ ਜਾਖੜ ਨੂੰ ਨੋਟਿਸ ਦਿੱਤੇ ਜਾਣ ਅਤੇ ਉਨ੍ਹਾਂ ਦਾ ਜਵਾਬ ਨਾ ਦਿੱਤੇ ਜਾਣ 'ਤੇ ਵੀ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਇਸ 'ਤੇ ਵੀ ਉਹ ਮੀਡੀਆ ਨਾਲ ਗੱਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ 'ਤੇ ਪਾਰਟੀ ਦੇ ਅਧਿਕਾਰਤ ਲੋਕ ਹੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦੀ ਨਿਯੁਕਤੀ ਹਾਈਕਮਾਂਡ ਵੱਲੋਂ ਕੀਤੀ ਗਈ ਹੈ, ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। 

ਬਿੱਟੂ ਨੇ ਪਾਰਟੀ ਦੀ ਅੰਦਰੂਨੀ ਸਿਆਸਤ 'ਤੇ ਕੁਝ ਨਹੀਂ ਕਿਹਾ ਪਰ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਆਮ ਆਦਮੀ ਦੱਸਦੇ ਹਨ ਅਤੇ ਜੋ ਸਹੂਲਤਾਂ ਉਹ ਲੈ ਰਹੇ ਹਨ, ਉਹ ਆਮ ਆਦਮੀ ਦੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੋਲ ਆਪਣਾ ਹੈਲੀਕਾਪਟਰ ਨਹੀਂ ਹੈ, ਇਸ ਲਈ ਉਹ ਚੰਡੀਗੜ੍ਹ ਆਉਂਦੇ ਹਨ ਅਤੇ ਇੱਥੋਂ ਪੰਜਾਬ ਦੇ ਮੁੱਖ ਮੰਤਰੀ ਦੇ ਹੈਲੀਕਾਪਟਰ ਵਿੱਚ ਉਡਾਣ ਭਰਦੇ ਹਨ। ਕੇਜਰੀਵਾਲ  ਨੂੰ ਭਗਵੰਤ ਮਾਨ  ਤੋਂ ਝੂਠ ਬੁਲਵਾਉਣਾ ਬੰਦ ਕਰਨਾ ਚਾਹੀਦਾ ਹੈ।

ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬੋਲਦਿਆਂ ਬਿੱਟੂ ਨੇ ਕਿਹਾ  ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਉਹਨਾਂ ਨੂੰ ਅਕਾਲ ਤਖ਼ਤ 'ਤੇ ਬੈਠਾਇਆ ਜਾਵੇ। ਉਥੇ ਐਸਸੀਪੀਸੀ ਦੀ ਪ੍ਰਧਾਨਗੀ ਦਿੱਤੀ ਜਾਵੇ। ਅਕਾਲੀ ਦਲ ਦੀ ਪ੍ਰਧਾਨਗੀ ਰਾਜੋਆਣਾ ਨੂੰ ਦਿਓ।

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਸ਼ਮੀਰ ਫਾਈਲਸ ਤੋਂ ਬਾਅਦ ਦਿੱਲੀ ਫਾਈਲਸ ਬਣਾਉਣ ਵਾਲੇ  ਪੰਜਾਬ ਫਾਈਲਸ ਵੀ ਬਣਾਉਣ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਤਵਾਦ ਦੇ ਦੌਰ ਦਾ ਵੀ ਸਾਹਮਣਾ ਕੀਤਾ ਹੈ ਅਤੇ ਆਪਣੇ ਬਹੁਤ ਸਾਰੇ ਲੋਕ ਗੁਆਏ।  ਪੰਜਾਬ ਵਿੱਚਸ਼ਾਂਤੀ ਲਿਆਉਣ ਲਈ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਦੇਣੀਆਂ ਪਈਆਂ ਹਨ। ਚੰਡੀਗੜ੍ਹ ਦੇ ਮਸਲੇ ਬਾਰੇ ਬੋਲਦਿਆਂ ਬਿੱਟੂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਸੀ ਤੇ ਪੰਜਾਬ ਦਾ ਹੀ ਰਹੇਗਾ।