ਨਵਜੋਤ ਸਿੱਧੂ ਨੇ ਉਠਾਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਉਠਾਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ

image

ਕਿਹਾ, ਕਿਸਾਨਾਂ ਨੂੰ  ਕੀਤੇ ਵਾਅਦਿਆਂ 'ਤੇ ਖਰੀ ਉਤਰੇ ਸਰਕਾਰ


ਚੰਡੀਗੜ੍ਹ, 17 ਅਪ੍ਰੈਲ (ਭੁੱਲਰ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਬਹੁਤ ਘੱਟ ਹੈ | ਕਿਸਾਨਾਂ ਨੇ ਮੈਨੂੰ ਮੁਆਵਜ਼ੇ ਦੀ ਮੰਗ ਉਠਾਉਣ ਲਈ ਕਿਹਾ ਹੈ | ਮਾਛੀਵਾੜਾ ਪੁੱਜੇ ਸਿੱਧੂ ਨੇ ਕਿਹਾ ਕਿ ਰੂਸ-ਯੂਕਰੇਨ ਸੰਕਟ ਕਾਰਨ ਕੌਮਾਂਤਰੀ ਮੰਡੀ ਵਿਚ ਕਰੀਬ 25-30 ਫ਼ੀ ਸਦੀ ਕਣਕ ਦੀ ਕਮੀ ਆਈ ਹੈ ਅਤੇ ਰੇਟ ਵਧਿਆ ਹੈ | ਨਵਜੋਤ ਸਿੱਧੂ ਨੇ ਅੱਜ ਮਾਛੀਵਾੜਾ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ  ਘੱਟੋ-ਘੱਟ 400 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ |
ਨਵਜੋਤ ਸਿੱਧੂ ਨੇ ਕਿਹਾ ਕਿ ਗਰਮੀ ਕਰ ਕੇ ਇਸ ਸਾਲ ਕਣਕ ਦੀ ਫ਼ਸਲ ਵਿਚ 30 ਤੋਂ 40 ਪ੍ਰਤੀਸ਼ਤ ਤਕ ਦੀ ਕਮੀ ਆਈ ਹੈ | ਅੰਤਰਰਾਸ਼ਟਰੀ ਬਾਜ਼ਾਰ ਵਿਚ ਕਣਕ ਦੀ ਕੀਮਤ 3500 ਰੁਪਏ ਪ੍ਰਤੀ ਕੁਇੰਟਲ ਤੋਂ ਜ਼ਿਆਦਾ ਹੈ | ਸਰਕਾਰ ਨੂੰ  ਚਾਹੀਦਾ ਹੈ ਕਿ ਉਹ ਲਾਭ ਦਾ ਘੱਟੋ-ਘੱਟ ਇਕ ਤਿਹਾਈ ਹਿੱਸਾ ਕਿਸਾਨਾਂ ਨੂੰ  ਦੇਵੇ | ਉਨ੍ਹਾਂ ਕਿਹਾ ਕਿ ਸਾਰਾ ਮੁਨਾਫ਼ਾ ਸਰਕਾਰ ਅਤੇ ਵਿਚੋਲਗੀਆਂ ਦੀ ਜੇਬ ਵਿਚ ਹੀ ਕਿਉਂ ਜਾਵੇ ਜਦੋਂ ਕਿਸਾਨ ਲਗਾਤਾਰ ਮਹਿੰਗਾਈ ਅਤੇ ਜਲਵਾਯੂ ਸੰਕਟ ਦਾ ਸਾਹਮਣਾ ਕਰ ਰਹੇ ਹਨ | ਮੈਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ  ਕਣਕ 'ਤੇ ਨਿਰਧਾਰਿਤ ਐਮਐਸਪੀ ਤੋਂ ਜ਼ਿਆਦਾ ਮੁਆਵਜ਼ਾ ਦੇਣ ਦੀ ਅਪੀਲ ਕਰਦਾ ਹਾਂ |
ਨਵਜੋਤ ਸਿੱਧੂ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ | ਕਣਕ ਦੀ ਫਸਲ ਦੇਖਣ ਨਵਜੋਤ ਸਿੱਧੂ ਅੱਜ ਜੰਡਿਆਲਾ ਦੀ ਮੰਡੀ ਗਏ ਸਨ ਜਿੱਥੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ 25 ਅ੍ਰਪੈਲ ਨੂੰ  ਕਿਸਾਨਾਂ ਦੁਆਰਾ ਨਿਰਧਾਰਿਤ ਰੇਲ ਰੋਕੋ ਅੰਦੋਲਨ ਦਾ ਸਮਰਥਨ ਕਰਨਗੇ | ਸਿੱਧੂ ਨੇ ਕਿਹਾ ਕਿ ਇੰਟਰਨੈਸ਼ਨਲ ਲੈਵਲ 'ਤੇ ਕਣਕ ਦੀ ਕੀਮਤ 22ਦਦ ਤੋਂ 4000 ਕੁਇੰਟਲ ਹੈ ਪਰ ਦੇਸ਼ ਵਿਚ ਅੱਜ ਵੀ ਸਿਰਫ਼ 9 ਫ਼ੀ ਸਦੀ ਐਮਐਸਪੀ ਦਿਤੀ ਜਾ ਰਹੀ ਹੈ | ਉਹ ਵੀ ਅਜਿਹੇ ਸਮੇਂ ਜਦੋਂ ਜੇਬ ਖ਼ਰਚ 100 ਫ਼ੀ ਸਦੀ ਵਧ ਚੁਕਿਆ ਹੈ | ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਵੀ ਨਿਸਾਨਾ ਸਾਧਿਆ ਤੇ ਕਿਹਾ ਕਿ ਕੇਜਰੀਵਾਲ ਸਿਰਫ਼ ਚੋਣਾਂ ਦੇ ਸਮੇਂ ਹੀ ਐਕਟਿਵ ਰਹਿੰਦੇ ਹਨ ਤੇ ਬੋਲਦੇ ਹਨ | ਚੋਣਾਂ ਤੋਂ ਪਹਿਲਾਂ ਆਪ ਨੇ ਕਿਸਾਨਾਂ ਨੂੰ  50 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤੇ ਹੁਣ ਉਹਨਾਂ ਨੂੰ  ਇਹ ਪੈਸੇ ਦੇਣੇ ਚਾਹੀਦੇ ਹਨ ਕਿਉਂਕਿ ਫ਼ਸਲ ਦਾ ਜਾੜ 25 ਤੋਂ 50 ਫ਼ੀ ਸਦੀ ਘੱਟ ਹੋਇਆ ਹੈ ਪਰ ਹੁਣ ਕੇਜਰੀਵਾਲ ਦਾ ਪੂਰਾ ਧਿਆਨ ਸਿਰਫ਼ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਲ ਹੈ |