ਅਪਣੀ ਹੀ ਸਰਕਾਰ 'ਚ 'ਆਪ' ਦਾ ਕੈਬਨਿਟ ਮੰਤਰੀ ਵਿਰੁਧ ਧਰਨਾ

ਏਜੰਸੀ

ਖ਼ਬਰਾਂ, ਪੰਜਾਬ

ਅਪਣੀ ਹੀ ਸਰਕਾਰ 'ਚ 'ਆਪ' ਦਾ ਕੈਬਨਿਟ ਮੰਤਰੀ ਵਿਰੁਧ ਧਰਨਾ

image


ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਕੋਠੀ ਦੇ ਬਾਹਰ 'ਆਪ' ਆਗੂਆਂ ਤੇ ਵਰਕਰਾਂ ਨੇ ਲਗਾਇਆ ਧਰਨਾ

ਮਲੋਟ, 17 ਅਪ੍ਰੈਲ (ਹਰਦੀਪ ਸਿੰਘ ਖ਼ਾਲਸਾ) : ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਇਕ ਮਹੀਨੇ ਵਿਚ ਹੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਤੋਂ ਮੋਹ ਭੰਗ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ | ਪਾਰਟੀ ਵਰਕਰਾਂ ਵਲੋਂ ਅੱਜ ਮਲੋਟ ਵਿਖੇ ਅਪਣੀ ਹੀ ਸਰਕਾਰ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਵਿਰੁਧ ਕੋਠੀ ਦੇ ਬਾਹਰ ਟੈਂਟ ਲਾ ਕੇ ਧਰਨਾ ਲਾ ਦਿਤਾ |
ਅੱਜ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਵਿਧਾਨ ਸਭਾ ਹਲਕਾ ਮਲੋਟ ਦੀ ਵਿਧਾਇਕਾ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਉਨ੍ਹਾਂ ਨੂੰ  ਅੱਖੋਂ-ਪਰੋਖੇ ਕਰਨ ਦੇ ਰੋਸ ਵਜੋਂ ਉਨ੍ਹਾਂ ਦੀ ਕੋਠੀ ਦੇ ਬਾਹਰ ਧਰਨਾ ਲਾ ਕੇ ਬੈਠ ਗਏ | ਧਰਨਾ ਆਪ ਦੇ ਯੂਥ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸਾਹਿਲ ਮੌਂਗਾ, ਮਲੋਟ ਬਲਾਕ ਦੇ ਸ਼ਹਿਰੀ ਪ੍ਰਧਾਨ ਰਾਜੀਵ ਬੱਬੂ ਉਪੱਲ, ਬੀ.ਸੀ. ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸਵਰਨਕਾਰ ਸੰਘ ਮਲੋਟ ਦੇ ਪ੍ਰਧਾਨ ਯਾਦਵਿੰਦਰ ਸਿੰਘ ਸੋਹਣਾ ਦੀ ਅਗਵਾਈ ਵਿਚ ਲਗਾਇਆ ਗਿਆ |
ਧਰਨਾਕਾਰੀ ਆਮ ਆਦਮੀ ਪਾਰਟੀ ਵਰਕਰਾਂ ਵਿਚ ਨਿਰਾਸ਼ਾ ਸੀ ਕਿ ਮੰਤਰੀ ਸਾਹਿਬਾ ਦੇ ਆਲੇ-ਦੁਆਲੇ ਉਨ੍ਹਾਂ ਆਗੂਆਂ ਦਾ ਹੀ ਘੇਰਾ ਹੈ ਜਿਹੜੇ ਪੰਜ ਸਾਲ ਕਾਂਗਰਸ ਪਾਰਟੀ ਦੇ ਵਿਧਾਇਕ ਨਾਲ ਹੁੰਦੇ ਸਨ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸਾਹਿਲ ਮੌਂਗਾ ਨੇ ਕਿਹਾ ਲੋਕਾਂ ਨੇ ਸਿਸਟਮ ਵਿਚ ਬਦਲਾਅ ਲਿਆਉਣ ਦਾ ਸੋਚ ਕਿ ਆਮ ਆਦਮੀ ਪਾਰਟੀ ਨੂੰ  ਵੋਟਾਂ ਪਾਈਆਂ ਸਨ ਪਰ ਮੰਤਰੀ ਸਾਹਿਬਾ ਦੇ ਆਲੇ-ਦੁਆਲੇ ਜਿਥੇ ਕਾਂਗਰਸੀਆਂ-ਅਕਾਲੀਆਂ ਦਾ ਘੇਰਾ ਹੈ ਉਥੇ ਬਾਹਰਲੇ ਹਲਕੇ ਦਾ ਲਿਆ ਕਿ ਪੀ.ਏ. ਬਣਾਇਆ ਹੈ ਜਿਹੜਾ ਹਲਕੇ ਦੇ ਲੋਕਾਂ ਨੂੰ  ਨਜ਼ਰ ਅੰਦਾਜ਼ ਕਰਦਾ ਹੈ | ਉਨ੍ਹਾਂ ਕਿਹਾ ਕਿ ਬਾਹਰਲੀਆਂ ਪਾਰਟੀਆਂ ਦੇ ਆਗੂ ਦੀ ਮਨਮਰਜ਼ੀ ਚਲਦੀ ਹੈ ਅਤੇ ਉਨ੍ਹਾਂ ਮੰਤਰੀ ਸਾਹਿਬਾ ਦੀਆਂ ਅੱਖਾਂ 'ਤੇ ਪਰਦਾ ਪਾ ਦਿਤਾ ਹੈ |
ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਜਦਕਿ ਉਨ੍ਹਾਂ ਨੇ ਪਾਰਟੀ ਲਈ ਜੀ-ਜਾਨ ਲਗਾ ਕੇ ਸੇਵਾ ਕੀਤੀ ਪਰ ਹੁਣ ਮੰਤਰੀ ਡਾਕਟਰ ਬਲਜੀਤ ਕੌਰ ਵਲੋਂ ਉਨ੍ਹਾਂ ਨੂੰ ਪਿੱਛੇ ਕਰ ਕੇ ਅਕਾਲੀ-ਕਾਂਗਰਸੀ ਸਰਕਾਰਾਂ ਵਿਚ ਉਨ੍ਹਾਂ ਨਾਲ ਜ਼ਿਆਦਤੀਆਂ ਕਰਨ ਵਾਲੇ ਆਗੂਆਂ ਨੂੰ ਨਾਲ ਲੈ ਕੇ ਚਲ ਰਹੇ ਹਨ | ਜਦੋਂ ਉਹ ਕਿਸੇ ਦਾ ਕੰਮ ਕਰਾਉਣ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ  ਟੋਕਨ ਕਟਾਉਣ ਲਈ ਆਖ ਕੇ ਜਲੀਲ ਕੀਤਾ ਜਾਂਦਾ ਹੈ |
ਇਸ ਮੌਕੇ ਪ੍ਰਧਾਨ ਰਜੀਵ ਉਪਲ ਨੇ ਪੱਤਰਕਾਰਾਂ ਨੂੰ  ਦਸਿਆ ਕਿ ਅੱਜ ਦਾ ਕਦਮ ਉਨ੍ਹਾਂ ਸੋਚ-ਸਮਝ ਕੇ ਚੁਕਿਆ ਹੈ ਅੱਜ ਉਹ ਗ਼ਲਤ ਸਿਸਟਮ ਦੇ ਵਿਰੁਧ ਆਵਾਜ਼ ਚੁੱਕਣ ਲਈ ਮਜਬੂਰ ਹੋਏ ਹਨ | ਪਹਿਲਾਂ ਟਰੱਕ ਯੂਨੀਅਨ ਦੀ ਕਮੇਟੀ ਵਰਕਰਾਂ ਨੂੰ  ਨਜ਼ਰਅੰਦਾਜ਼ ਕਰ ਕੇ ਬਣਾਈ ਅੱਜ ਆੜ੍ਹਤੀ ਯੂਨੀਅਨ ਦੀ ਕਮੇਟੀ ਦਾ ਗਠਨ ਕਰਨ ਵੇਲੇ ਵੀ ਕਾਂਗਰਸੀ ਅਕਾਲੀ ਮੂਹਰੇ ਸਨ ਜਿਹੜੇ ਪੰਜ ਸਾਲ ਅਪਣੀ ਮਨਮਰਜ਼ੀ ਚਲਾਉਂਦੇ ਰਹੇ | ਉਕਤ ਆਗੂਆਂ ਨੇ ਇਹ ਦੋਸ਼ ਵੀ ਲਾਇਆ ਕਿ ਇਕ ਪਾਸੇ ਪੰਜਾਬ ਦੀ ਸਰਕਾਰ ਸੂਬੇ ਨੂੰ ਨਸ਼ਾਮੁਕਤ ਅਤੇ ਭਿ੍ਸ਼ਟਾਚਾਰ ਮੁਕਤ ਕਰਨ ਦਾ ਦਾਅਵਾ ਕਰ ਰਹੇ ਹਨ, ਪਰ ਦੂਜੇ ਪਾਸੇ ਮਲੋਟ ਇਲਾਕੇ ਵਿਚ ਧੜੱਲੇ ਨਾਲ ਨਸ਼ੇ ਦੀ ਸਪਲਾਈ ਹੋ ਰਹੀ ਹੈ ਜਿਸ ਸਬੰਧੀ ਅਸੀਂ ਬਹੁਤ ਵਾਰ ਮੰਤਰੀ ਜੀ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਕਿ ਪਰ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਨਾਲ ਹੀ ਕੋਈ ਨਸ਼ਾ ਤਸਕਰ ਨੂੰ  ਅਜੇ ਤਕ ਪੁਲਿਸ ਫੜ ਹੀ ਸਕੀ ਹੈ | ਇਸ ਲਈ ਸਾਨੂੰ ਮਜਬੂਰਨ ਮੰਤਰੀ ਦੇ ਘਰ ਅੱਗੇ ਧਰਨਾ ਦੇਣਾ ਪਿਆ |
ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਸ਼ਹਿਰ ਦੀ ਪਬਲਿਕ ਵੈਲਫ਼ੇਅਰ ਸੰਸਥਾ ਦੀ ਚੋਣ ਕਰਵਾਈ ਜਾ ਰਹੀ ਹੈ ਪਰ ਟਰੱਕ ਯੂਨੀਅਨ ਦੀ ਪ੍ਰਧਾਨਗੀ, ਆੜ੍ਹਤੀਆਂ ਐਸੋਸੀਏਸ਼ਨ ਆਦਿ ਦੀਆਂ ਯੂਨੀਅਨਾਂ ਅਤੇ ਚੇਅਰਮੇਨੀਆਂ ਤੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ  ਬਿਠਾਇਆ ਜਾ ਰਿਹਾ ਹੈ | ਜਿਸ ਦੇ ਵਿਰੋਧ ਵਿਚ ਉਨ੍ਹਾਂ ਨੂੰ  ਮਜਬੂਰ ਹੋ ਕੇ ਧਰਨਾ ਦੇਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕਲ ਨੂੰ  ਪਿੰਡਾਂ ਵਿਚੋਂ ਵੀ ਵਰਕਰ ਇਥੇ ਪੁੱਜਣਗੇ ਅਤੇ ਰੋਸ ਪ੍ਰਗਟ ਕਰਨਗੇ | ਇਸ ਮੌਕੇ ਵਪਾਰ ਮੰਡਲ ਦਾ ਪ੍ਰਧਾਨ ਚਰਨਜੀਤ ਖੁਰਾਣਾ, ਗੁਰਮੇਲ ਸਿੰਘ, ਵਿਨੋਦ ਗਰਗ ਪ੍ਰਧਾਨ ਰਾਈਸ ਸ਼ੈਲਰ ਐਸੋ., ਰਕੇਸ਼ ਸੇਠੀ ਸਮੇਤ ਆਮ ਆਦਮੀ ਪਾਰਟੀ ਆਗੂ ਹਾਜ਼ਰ ਸਨ |