ਆਖ਼ਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀ ਬਣਿਆ?

ਏਜੰਸੀ

ਖ਼ਬਰਾਂ, ਪੰਜਾਬ

ਆਖ਼ਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀ ਬਣਿਆ?

image

 

ਅੰਮਿ੍ਤਸਰ, 17 ਅਪ੍ਰੈਲ (ਪਰਮਿੰਦਰ ਅਰੋੜਾ): ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਦੇ ਫ਼ੌਜੀ ਹਮਲੇ ਤੋਂ ਬਾਅਦ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀ ਬਣਿਆ? ਇਹ ਸਵਾਲ ਅੱਜ 38 ਸਾਲ ਬਾਅਦ ਵੀ ਜਿਉਂ ਦਾ ਤਿਉਂ ਹੈ | ਹੁਣ ਤਾਂ ਸੰਗਤਾਂ ਵੀ ਵਾਰ ਵਾਰ ਇਹ ਸਵਾਲ ਪੁੱਛ ਰਹੀਆਂ ਹਨ ਕਿ ਆਖ਼ਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀ ਬਣਿਆ?
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਲ 1985 ਤੋਂ 2019 ਤਕ ਲਗਾਤਾਰ ਹਰ ਸਾਲ 6 ਜੂਨ ਦੇ ਸਮਾਗਮਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋਂ ਬਿਆਨ ਦਿਵਾ ਕੇ ਕੇਂਦਰ ਸਰਕਾਰ ਨੂੰ  ਇਹ ਸਮਾਨ ਵਾਪਸ ਕਰਨ ਲਈ ਕਹਿੰਦੀ ਸੀ | ਇਥੋਂ ਤਕ ਕਿ ਵੱਖ ਵੱਖ ਸਮੇਂ ਤੇ ਜਦ ਜਦ ਵੀ ਕੋਈ ਕੇਂਦਰੀ ਮੰਤਰੀ ਜਾਂ ਫ਼ੌਜ ਮੁਖੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦਾ ਸੀ ਤਾਂ ਵੀ ਸ਼੍ਰੋਮਣੀ ਕਮੇਟੀ ਉਨ੍ਹਾਂ ਪਾਸੋਂ ਮੰਗ ਕਰਦੀ ਸੀ ਕਿ ਫ਼ੌਜ ਦੁਆਰਾ ਲੱੁਟਿਆ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਖ਼ਜ਼ਾਨਾ ਵਾਪਸ ਕੀਤਾ ਜਾਵੇ | ਇਸ ਦੌਰਾਨ ਰੋਜ਼ਾਨਾ ਸਪੋਕਸਮੈਨ ਦੇ 8 ਜੂਨ 2019 ਦੇ ਅੰਕ ਵਿਚ ਤੱਥਾਂ ਤੇ ਸਬੂਤਾਂ ਨਾਲ ਖ਼ਬਰ ਪ੍ਰਕਾਸ਼ਤ ਕਰ ਕੇ ਪਾਠਕਾਂ ਨੂੰ  ਦਸਿਆ ਗਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਸਾਰਾ ਸਮਾਨ ਭਾਰਤੀ ਫ਼ੌਜ ਨੇ ਵੱਖ ਵੱਖ ਸਮੇਂ ਤੇ ਭਾਵ 29 ਸੰਤਬਰ 1984 ਤੋਂ ਲੈ ਕੇ ਸੰਨ 2000 ਤਕ ਸਾਰਾ ਸਮਾਨ ਸ਼੍ਰੋਮਣੀ ਕਮੇਟੀ ਨੂੰ  ਵਾਪਸ ਦੇ ਦਿਤਾ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਸਬ ਕਮੇਟੀ ਦਾ ਗਠਨ ਕਰ ਦਿਤਾ ਸੀ |  ਸਾਲ 2019 ਵਿਚ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਬਕਾ ਪ੍ਰਧਾਨ ਕਿ੍ਪਾਲ ਸਿੰਘ ਬੰਡੂਗਰ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਸੀ | ਇਸ ਸਬ ਕਮੇਟੀ  ਨੇ ਇਹ ਲੱਭ ਕੇ ਪੰਥ ਨੂੰ  ਦਸਣਾ ਸੀ ਕਿ ਸ੍ਰੀ ਦਰਬਾਰ ਸਾਹਿਬ ਤੇ ਜੂਨ 1984 ਵਿਚ ਹੋਏ ਫ਼ੌਜੀ ਹਮਲੇ ਦੌਰਾਨ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਫ਼ੌਜ ਵਲੋਂ ਲਿਜਾਇਆ ਗਿਆ ਕੀਮਤੀ ਖ਼ਜ਼ਾਨਾ ਹੁਣ ਕਿਥੇ
ਹੈ ਤੇ ਕਿਸ ਹਾਲ ਵਿਚ ਹੈ |  ਜਦੋਂ ਇਹ ਇਤਿਹਾਸਕ ਧਰੋਹਰ  ਸ਼੍ਰੋਮਣੀ ਕਮੇਟੀ ਨੂੰ  ਵਾਪਸ ਕੀਤੀ ਗਈ ਸੀ ਤਾਂ ਉਹ ਕਿਸ ਕਿਸ ਅਧਿਕਾਰੀ ਨੇ ਵਸੂਲ ਕੀਤੀ ਸੀ ਤੇ ਅੱਜ ਉਹ ਸਾਰਾ ਸਾਮਾਨ ਕਿਥੇ ਤੇ ਕਿਸ ਹਾਲ ਵਿਚ ਹੈ?
ਅੱਜ ਲਗਭਗ ਤਿੰਨ ਸਾਲ ਬੀਤ ਜਾਣ ਬਾਅਦ ਵੀ ਇਹ ਪਤਾ ਨਹੀਂ ਲੱਗ ਸਕਿਆ ਕਿ ਆਖ਼ਰ ਉਹ ਹੱਥ ਲਿਖਤ ਬੀੜਾਂ ਅਤੇ ਹੋਰ ਕੀਮਤੀ ਸਾਮਾਨ ਕਿਥੇ ਗਿਆ ਅਤੇ ਮੌਜੂਦਾ ਸਮੇਂ ਵਿਚ ਉਹ ਕਿਸ ਕੋਲ ਹੈ ਤੇ ਕਿਸ ਹਾਲ ਵਿਚ ਹੈ? ਜੇਕਰ ਸ਼੍ਰੋਮਣੀ ਕਮੇਟੀ ਨੂੰ  ਇਹ ਸਾਮਾਨ ਨਹੀਂ ਮਿਲਿਆ ਅਤੇ ਇਹ ਵੀ ਨਹੀਂ ਪਤਾ ਲਗਿਆ ਕਿ ਇਹ ਸਾਰਾ ਸਮਾਨ ਕਿਸ ਕਿਸ ਅਧਿਕਾਰੀ ਨੇ ਵਸੂਲ ਕੀਤਾ ਤਾਂ ਇਸ ਸਬੰਧੀ ਪੁਲਿਸ ਕੋਲ ਰਿਪੋਰਟ ਕਿਉਂ ਨਹੀਂ ਲਿਖਵਾਈ ਜਾ ਰਹੀ? ਸਬ ਕਮੇਟੀ ਦੀ ਆਖ਼ਰੀ ਮੀਟਿੰਗ ਛੇ ਮਹੀਨੇ ਪਹਿਲਾਂ ਹੋਈ ਸੀ ਤੇ ਹੁਣ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਹੈ |