ਕਣਕ ਦਾ ਚੰਗਾ ਝਾੜ ਵੇਖ ਕੇਂਦਰ ਨੇ ਬਦਲਿਆ ਫੈਸਲਾ, ਖੁੱਲ੍ਹੇ ਗੁਦਾਮਾਂ ’ਚ ਕਣਕ ਭੰਡਾਰਨ ਨੂੰ ਦਿੱਤੀ ਹਰੀ ਝੰਡੀ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਖੁਰਾਕ ਨਿਗਮ ਨੇ ਪਹਿਲਾਂ ਹਦਾਇਤ ਕੀਤੀ ਸੀ ਕਿ ਮੰਡੀਆਂ ’ਚੋਂ ਕਣਕ ਦੀ ਫ਼ਸਲ ਚੁੱਕ ਕੇ ਸਿੱਧੀ ਦੂਸਰੇ ਸੂਬਿਆਂ ਵਿਚ ਭੇਜੀ ਜਾਵੇਗੀ

photo

 

ਮੁਹਾਲੀ : ਕੇਂਦਰੀ ਖੁਰਾਕ ਮੰਤਰਾਲੇ ਨੇ ਕਣਕ ਦੀ ਭਰਪੂਰ ਫ਼ਸਲ ਦੇ ਮ4ਦੇਨਜ਼ਰ ਪੰਜਾਬ ਨੂੰ ਖੁੱਲ੍ਹੇ ਗੁਦਾਮਾਂ ਵਿਚ ਕਣਕ ਭੰਡਾਰਨ ਦੀ ਖੁੱਲ੍ਹ  ਦੇ ਦਿੱਤੀ ਹੈ। ਭਾਰਤੀ ਖੁਰਾਕ ਨਿਗਮ ਨੇ ਜੂਨ ਤੱਕ ਕਣਕ ਦੀ ਨਵੀਂ ਫਸਲ ਖੁੱਲ੍ਹੇ ਗੁਦਾਮਾਂ ਵਿਚ ਭੰਡਾਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਤਾਂ ਜੋ ਖ਼ਰੀਦ ਕੇਂਦਰਾਂ ਵਿਚ ਕਣਕ ਦੇ ਅੰਬਾਰ ਨਾ ਲੱਗਣ।

ਭਾਰਤੀ ਖੁਰਾਕ ਨਿਗਮ ਨੇ ਪਹਿਲਾਂ ਹਦਾਇਤ ਕੀਤੀ ਸੀ ਕਿ ਮੰਡੀਆਂ ’ਚੋਂ ਕਣਕ ਦੀ ਫ਼ਸਲ ਚੁੱਕ ਕੇ ਸਿੱਧੀ ਦੂਸਰੇ ਸੂਬਿਆਂ ਵਿਚ ਭੇਜੀ ਜਾਵੇਗੀ ਅਤੇ ਫਸਲ ਨੂੰ ਇੱਥੇ ਸਿਰਫ਼ ਕਵਰਡ ਗੁਦਾਮਾਂ ਵਿਚ ਭੰਡਾਰ ਕਰਨ ਵਾਸਤੇ ਕਿਹਾ ਸੀ। ਹੁਣ ਮੰਡੀਆਂ ਵਿਚ ਤੇਜ਼ੀ ਨਾਲ ਫ਼ਸਲ ਪੁੱਜਣ ਲੱਗ ਪਈ ਹੈ ਅਤੇ ਕਣਕ ਦਾ ਚੰਗਾ ਝਾੜ ਵੀ ਸਾਹਮਣੇ ਆ ਰਿਹਾ ਹੈ।

ਕੇਂਦਰ ਸਰਕਾਰ ਨੇ ਵੀ ਮਹਿਸੂਸ ਕੀਤਾ ਕਿ ਮੰਡੀਆਂ ’ਚੋਂ ਫ਼ੌਰੀ ਸਿੱਧੀ ਫ਼ਸਲ ਦੂਸਰੇ ਸੂਬਿਆਂ ਨੂੰ ਭੇਜਣ ਵਾਸਤੇ ਵੱਡੀ ਗਿਣਤੀ ਵਿਚ ਰੇਲਵੇ ਰੈਕਾਂ ਦੀ ਲੋੜ ਪਵੇਗੀ ਜੋ ਸੰਭਵ ਨਹੀਂ ਜਾਪਦੀ। ਭਾਰਤੀ ਖੁਰਾਕ ਨਿਗਮ ਕੋਲ ਪੰਜਾਬ ਵਿਚ 7.50 ਲੱਖ ਮੀਟਰਿਕ ਟਨ ਸਮਰੱਥਾ ਦੀ ਸਟੋਰੇਜ ਖੁੱਲ੍ਹੇ ਗੁਦਾਮਾਂ ਵਾਲੀ ਹੈ ਅਤੇ ਖੁਰਾਕ ਨਿਗਮ ਨੇ ਇਹ ਗੁਦਾਮ 2024 ਤੱਕ ਹਾਇਰ ਕੀਤੇ ਹੋਏ ਹਨ।

ਭਾਰਤੀ ਖੁਰਾਕ ਨਿਗਮ ਦੇ ਖੇਤਰੀ ਜਨਰਲ ਮੈਨੇਜਰ ਬੀ ਸ੍ਰੀਨਿਵਾਸਨ ਨੇ ਪੁਸ਼ਟੀ ਕੀਤੀ ਕਿ ਖੁੱਲ੍ਹੇ ਗੁਦਾਮਾਂ ਵਿਚ ਵੀ ਕਣਕ ਭੰਡਾਰ ਕੀਤੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਪੰਜਾਬ ’ਚੋਂ ਹੁਣ ਤੱਕ 50 ਹਜ਼ਾਰ ਮੀਟਰਿਕ ਟਨ ਕਣਕ ਦੂਸਰੇ ਸੂਬਿਆਂ ਵਿਚ ਸਿੱਧੀ ਟਰੇਨਾਂ ਜ਼ਰੀਏ ਜਾ ਚੁੱਕੀ ਹੈ।
ਪੰਜਾਬ ’ਚ ਇਸੇ ਦੌਰਾਨ ਕਣਕ ਦੀ ਲਿਫ਼ਟਿੰਗ ਦੀ ਸਮੱਸਿਆ ਉਭਰਨੀ ਸ਼ੁਰੂ ਹੋ ਗਈ ਹੈ ਅਤੇ ਆਉਂਦੇ ਦਿਨਾਂ ਵਿਚ ਸਰਕਾਰ ਸਾਹਮਣੇ ਚੁਣੌਤੀ ਬਣਨ ਦੀ ਸੰਭਾਵਨਾ ਹੈ।