Derabassi Accident News: ਵਿਆਹ ਵਾਲੇ ਮੁੰਡੇ ਦੀ ਸੜਕ ਹਾਦਸੇ ਵਿਚ ਮੌਤ, ਟਰਾਲੇ ਨਾਲ ਟਕਰਾਈ ਕਾਰ, ਇਕ ਨੌਜਵਾਨ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Derabassi Accident News: ਮ੍ਰਿਤਕ ਲੋਕੇਸ਼ ਦਾ ਦੋ ਹਫ਼ਤੇ ਬਾਅਦ ਹੋਣਾ ਸੀ ਵਿਆਹ

Derabassi Accident News in punjabi

ਡੇਰਾਬੱਸੀ:  ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਡੇਰਾਬੱਸੀ ਫ਼ਲਾਈਓਵਰ ’ਤੇ ਬੀਤੀ ਰਾਤ ਇਕ ਤੇਜ਼ ਰਫ਼ਤਾਰ ਕਾਰ ਸਾਹਮਣੇ ਜਾ ਰਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਾਰ ਚਲਾ ਰਹੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਨਾਲਲੀ ਸੀਟ ’ਤੇ ਬੈਠਿਆ ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।

ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਡੇਰਾਬੱਸੀ ਸਿਵਲ ਹਸਪਤਾਲ ਅਤੇ ਫਿਰ ਚੰਡੀਗੜ੍ਹ ਦੇ ਜੀਐਮਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦਾ ਦੋ ਹਫ਼ਤੇ ਬਾਅਦ ਵਿਆਹ ਹੋਣਾ ਸੀ। ਹਾਦਸੇ ਤੋਂ ਬਾਅਦ ਫ਼ਲਾਈਓਵਰ ’ਤੇ ਇਕ ਪਾਸੇ ਦਾ ਟ੍ਰੈਫ਼ਿਕ ਰੁਕ ਗਿਆ। ਡੇਰਾਬੱਸੀ ਪੁਲਿਸ ਨੇ ਟਰਾਲੇ ਦੇ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਹਾਦਸਾ ਰਾਤ ਲਗਭਗ 12 ਵਜੇ ਵਾਪਰਿਆ। ਜਾਂਚ ਅਧਿਕਾਰੀ ਪਾਲਚੰਦ ਨੇ ਦਸਿਆ ਕਿ 30 ਸਾਲਾ ਲੋਕੇਸ਼ ਪੁੱਤਰ ਸਤਪਾਲ ਵਾਸੀ ਪਯੋਂਦਾ ਰੋਡ, ਕੈਥਲ ਅਤੇ ਸਨੀ ਪੁੱਤਰ ਸੁਰੇਸ਼ ਵਾਸੀ ਸੋਨੀਪਤ, ਦੋਵੇਂ ਢਕੌਲੀ ਵਿਚ ਕੰਮ ਸਬੰਧੀ ਕਿਸੇ ਨੂੰ ਮਿਲਣ ਆਏ ਸਨ, ਜਿਸ ਤੋਂ ਬਾਅਦ ਡੇਰਾਬੱਸੀ ਨੇੜੇ ਖਾਣਾ ਖਾਣ ਜਾ ਰਹੇ ਸਨ। ਕਾਰ ਲੋਕੇਸ਼ ਚਲਾ ਰਿਹਾ ਸੀ। ਡੇਰਾਬੱਸੀ ਫ਼ਲਾਈਓਵਰ ’ਤੇ ਸੀਮਿੰਟ ਦੇ ਪਿਲਰ ਲਦਿਆ ਇਕ ਟਰਾਲਾ ਵੀ ਅੰਬਾਲਾ ਵਲ ਜਾ ਰਿਹਾ ਸੀ, ਜਿਸ ਦੀ ਰਫ਼ਤਾਰ ਕਾਫ਼ੀ ਘੱਟ ਸੀ। ਉਸ ਵੇਲੇ ਪਿਛੋਂ ਤੇਜ਼ ਰਫ਼ਤਾਰ ’ਚ ਆ ਰਹੀ ਲੋਕੇਸ਼ ਦੀ ਕਾਰ ਟਰਾਲੇ ਦੇ ਪਿਛਲੇ ਪਾਸੇ ’ਚ ਸਿੱਧੀ ਜਾ ਟਕਰਾਈ।

ਟੱਕਰ ਕਾਰਨ ਕਾਰ ਦੇ ਦੋਵੇਂ ਏਅਰਬੈਗ ਖੁਲ੍ਹ ਗਏ ਅਤੇ ਕਾਰ ਉਥੇ ਹੀ ਰੁੱਕ ਗਈ। ਟਰਾਲਾ ਚਾਲਕ ਨੇ ਵੀ ਅਪਣੇ ਵਾਹਨ ਨੂੰ ਕੁੱਝ ਦੂਰੀ ’ਤੇ ਰੋਕ ਲਿਆ। ਸੜਕ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੇ ਦੋਹਾਂ ਨੌਜਵਾਨਾਂ ਨੂੰ ਕਾਰ ਵਿਚੋਂ ਬਾਹਰ ਕਢਿਆ ਅਤੇ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਲੋਕੇਸ਼ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਅਤੇ ਸਨੀ ਨੂੰ ਚੰਡੀਗੜ੍ਹ ਜੀਐਮਸੀ ਭੇਜ ਦਿਤਾ। ਬਾਅਦ ਵਿੱਚ ਟਰਾਲੇ ਅਤੇ ਬੁਰੀ ਤਰ੍ਹਾਂ ਟੁੱਟੀ ਕਾਰ ਨੂੰ ਫ਼ਲਾਈਓਵਰ ਤੋਂ ਹਟਾ ਕੇ ਇਕ ਪਾਸੇ ਕਰ ਦਿਤਾ ਗਿਆ।

ਲੋਕੇਸ਼ ਦੀ 30 ਅਪ੍ਰੈਲ ਨੂੰ ਵਿਆਹ ਦੀ ਮਿਤੀ ਨਿਧਾਰਤ ਸੀ। ਥਾਣੇ ਪਹੁੰਚੇ ਉਸ ਦੇ ਪਿਤਾ, ਮਾਮਾ ਤੇ ਹੋਰ ਰਿਸ਼ਤੇਦਾਰਾਂ ਨੇ ਦਸਿਆ ਕਿ ਪਰਵਾਰ ਵਲੋਂ ਉਸ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਰਿਹਾ ਸੀ ਪਰ ਉਹ ਨਹੀਂ ਰੁਕਿਆ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਵਿਆਹ ਦੇ ਅਧਿਕਤਰ ਕਾਰਡ ਵੀ ਵੰਡੇ ਜਾ ਚੁੱਕੇ ਸਨ। ਸਨੀ ਦੇ ਬਿਆਨ ’ਤੇ ਪੁਲਿਸ ਨੇ ਟਰਾਲਾ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਡੇਰਾਬੱਸੀ ਸਿਵਲ ਹਸਪਤਾਲ ਵਿਚ ਲੋਕੇਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿਤੀ ਗਈ।