Punjab Haryana High Court: ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ
ਜ਼ਿਲ੍ਹਾ ਮਜਿਸਟਰੇਟ ਨੂੰ ਜੱਲਾਦ ਨਿਯੁਕਤ ਕਰਨ ਦਾ ਦਿਤਾ ਹੁਕਮ
Punjab Haryana High Court:ਚਾਰ ਸਾਲ ਦੀ ਬੱਚੀ ਨਾਲ ਜਬਰ ਜਨਾਹ ਤੇ ਕਤਲ ਕਰਨ ਦੇ ਮਾਮਲੇ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਾਈ ਕੋਰਟ ਦੇ ਬੈਂਚ ਵਲੋਂ ਗੁਰਗ੍ਰਾਮ ਵਿਚ ਵਾਪਰੀ ਇਕ ਘਟਨਾ ਦੇ ਮਾਮਲੇ ਵਿਚ ਸਜ਼ਾ ਸੁਣਾਉਂਦੇ ਹੋਏ ਫਾਂਸੀ ਦੇਣ ਵਾਸਤੇ ਜ਼ਿਲ੍ਹਾ ਮਜਿਸਟਰੇਟ ਨੂੰ ਜੱਲਾਦ ਨਿਯੁਕਤ ਕਰਨ ਦਾ ਹੁਕਮ ਦਿਤਾ ਗਿਆ ਹੈ।
ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਮਾਮਲਾ ਇਕ ਬੱਚੀ ਨਾਲ ਜ਼ਬਰਦਸਤੀ ਤੋਂ ਬਾਅਦ ਉਸ ਦੀ ਦੁਖਦਾਈ ਮੌਤ ਨਾਲ ਜੁੜਿਆ ਹੈ। ਇਹ ਦੋਸ਼ੀ ਅਣ-ਮਨੁੱਖੀ ਤੇ ਰਾਕਸ਼ੀ ਵਤੀਰੇ ਦੀ ਉਦਾਰਨ ਹੈ। ਦੋਸ਼ੀ ਨੇ ਅਪਣੀ ਇੱਛਾ ਸੰਤੁਸ਼ਟ ਕਰਨ ਲਈ ਇਕ ਬੱਚੀ ਦੀ ਜਾਨ ਲੈ ਲਈ, ਇਸ ਲਈ ਅਪੀਲ ਲਈ ਤੈਅ ਮਿਤੀ ਪੂਰੀ ਹੋਣ ਤੋਂ ਬਾਅਦ ਫਾਂਸੀ ਦੇ ਹੁਕਮ ਦਾ ਪਾਲਣ ਯਕੀਨੀ ਕੀਤਾ ਜਾਵੇ।
ਅਦਾਲਤ ਨੂੰ ਦਸਿਆ ਗਿਆ ਕਿ ਬੱਚੀ ਦੇ ਪਰਵਾਰ ਨੇ ਗੁਆਂਢ ਵਿਚ ਰਹਿਣ ਵਾਲੇ ਸੁਨੀਲ ਨੇ ਬੱਚੀ ਨੂੰ 10 ਰੁਪਏ ਦੇਣੇ ਚਾਹੇ ਅਤੇ ਉਸ ਨੂੰ ਛੂਹਿਆ। ਜਦੋਂ ਉਸ ਨੇ ਪੈਸੇ ਲੈਣ ਤੋਂ ਮਨ੍ਹਾਂ ਕਰ ਦਿਤਾ ਤਾਂ ਉਹ ਉਸ ਨੂੰ ਖਾਣ ਵਾਲੀ ਚੀਜ਼ ਦਿਵਾਉਣ ਦੇ ਬਹਾਨੇ ਅਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਬੱਚੀ ਗੁੰਮ ਹੋ ਗਈ। 12 ਨਵੰਬਰ 2018 ਨੂੰ ਬੱਚੀ ਦੀ ਲਾਸ਼ ਲਾਵਾਰਸ ਹਾਲਤ ਵਿਚ ਮਿਲੀ ਸੀ। ਉਸ ਦੇ ਸਰੀਰ ਉਤੇ ਕਪੜੇ ਨਹੀਂ ਸਨ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਐਫ਼ਆਈਆਰ ਦਰਜ ਕੀਤੀ ਅਤੇ 19 ਨਵੰਬਰ ਨੂੰ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਟਰਾਈਲ ਅਦਾਲਤ ਨੇ 21 ਫ਼ਰਵਰੀ 2024 ਨੂੰ ਸੁਨੀਲ ਨੂੰ ਦੋਸ਼ੀ ਮੰਨਦੇ ਹੋਏ ਮੌਦ ਦੀ ਸਜ਼ਾ ਸੁਣਾਈ ਅਤੇ ਇਸ ਉਤੇ ਮੋਹਰ ਲਈ ਹਾਈ ਕੋਰਟ ਵਿਚ ਰੈਫ਼ਰੈਂਸ ਭੇਜਿਆ ਸੀ।