ਕਾਂਗਰਸ ਅਤੇ 'ਆਪ' ਨੂੰ ਲੱਗਾ ਵੱਡਾ ਝਟਕਾ,ਹਲਕੇ ਦੇ ਪਿੰਡਾਂ ਤੋਂ 150 ਦਲਿਤ ਪਰਵਾਰ ਅਕਾਲੀ ਦਲ 'ਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦ ਅਕਾਲੀ ਦਲ ਦੀਆਂ ਦਲਿਤ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ...
ਸ਼ਾਹਕੋਟ/ਮਲਸੀਆਂ, ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦ ਅਕਾਲੀ ਦਲ ਦੀਆਂ ਦਲਿਤ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ 150 ਦਲਿਤ ਪਰਿਵਾਰ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੇ ਪ੍ਰਧਾਨ ਸ. ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ 'ਚ ਸ੍ਰੌਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ, ਜਦਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਬਹੁਤ ਵੀ ਸਾਰੇ ਦਲਿਤ ਪਰਿਵਾਰਾਂ ਵੱਲੋਂ ਅਕਾਲੀ ਦਲ ਦੀ ਬਾਂਹ ਫੜਣ ਦੀ ਸੰਭਾਵਨਾ ਹੈ, ਕਿਉਂਕਿ ਉਹ ਆਪ ਤੋਂ ਪੂਰੀ ਤਰਾਂ ਨਿਰਾਸ਼ ਹੋ ਚੁੱਕੇ ਹਨ
ਅਤੇ ਕਾਂਗਰਸ ਸਰਕਾਰ ਨਾਲ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰਨ ਤੇ ਪਿੱਛਲੇ ਸਾਲ ਦੌਰਾਨ ਚੋਣਾਂ ਮੌਕੇ ਲੋਕ ਭਲਾਈ ਗਰਾਂਟਾਂ ਵਿੱਚ ਵਾਧਾ ਕਰਨ ਦੇ ਵਾਅਦੇ ਤੋਂ ਮੁਕਰਨ ਕਰਕੇ ਨਾਰਾਜ਼ ਹਨ। ਇਸ ਮੌਕੇ ਸ. ਗੁਲਜ਼ਾਰ ਸਿੰਘ ਰਣੀਕੇ ਨੇ ਸ਼ਾਹਕੋਟ ਜ਼ਿਮਨੀ ਚੋਣ ਸਬੰਧੀ ਸ਼੍ਰੌਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਸ. ਰਣੀਕੇ ਨੇ ਕਿਹਾ ਕਿ ਸਮਾਗਮ ਦੌਰਾਨ 32 ਦਲਿਤ ਪਰਿਵਾਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ, ਇਸੇ ਤਰਾਂ ਕੁਲਾਰ ਪਿੰਡ ਵਿੱਚ 50 ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਦੀ ਬਾਂਹ ਫੜ੍ਹੀ ਹੈ। ਉਨ੍ਹਾਂ ਕਿਹਾ ਕਿ ਦਲਿਤ ਪਰਵਾਰ ਯਾਦ ਕਰਦੇ ਹਨ ਕਿ ਅਕਾਲੀ-ਭਾਜਪਾ ਕਾਰਜਕਾਲ ਸਮੇਂ ਸਾਰੇ ਸਮਾਜ ਭਲਾਈ ਲਾਭ ਸਮੇਂ ਸਿਰ ਮਿਲ ਜਾਂਦੇ ਸਨ, ਪਰੰਤੂ ਜਦੋਂ ਦੀ ਕਾਂਗਰਸ ਦੀ ਸਰਕਾਰ ਬਣੀ ਹੈ, ਇਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੁੱਝ ਦੇਣਾ ਤਾਂ ਕੀ ਸੀ, ਉਲਟਾ ਦਲਿਤਾਂ ਦੇ ਹਜ਼ਾਰਾਂ ਰਾਸ਼ਨ ਕਾਰਡਾਂ ਉਤੇ ਹੀ ਲੀਕ ਫੇਰ ਦਿਤੀ ਹੈ, ਜਿਸ ਕਰ ਕੇ ਹੁਣ ਉਨ੍ਹਾਂ ਨੂੰ ਆਟਾ-ਦਾਲ ਸਕੀਮ ਦੇ ਲਾਭ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਦਲਿਤ ਪਰਵਾਰਾਂ ਨੇ ਇਹ ਵੀ ਦਸਿਆ ਕਿ ਸ਼ਗਨ ਸਕੀਮ ਅਤੇ ਐਸ.ਸੀ ਵਜ਼ੀਫ਼ਾ ਸਕੀਮ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ।