ਦੋ ਨਗਰ ਪੰਚਾਇਤਾਂ ਭਾਦਸੋਂ ਤੇ ਮੂਨਕ ਨੇ ਹਾਸਲ ਕੀਤਾ ਪਹਿਲਾ ਸਥਾਨ
ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਪਟਿਆਲਾ ਰੀਜਨ ਅਧੀਨ ਆਉਂਦੀਆਂ ਦੋ ਨਗਰ ਪੰਚਾਇਤਾਂ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਹੋਏ 'ਸਰਵੇਖਣ ...
ਪਟਿਆਲਾ, ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਪਟਿਆਲਾ ਰੀਜਨ ਅਧੀਨ ਆਉਂਦੀਆਂ ਦੋ ਨਗਰ ਪੰਚਾਇਤਾਂ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਹੋਏ 'ਸਰਵੇਖਣ 2018' ਤਹਿਤ ਪਹਿਲਾ ਸਥਾਨ ਹਾਸਲ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪਟਿਆਲਾ ਖੇਤਰ ਸ੍ਰੀਮਤੀ ਜੀਵਨ ਜੋਤ ਕੌਰ ਨੇ ਦਸਿਆ ਕਿ ਅਜਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਸਦਕਾ ਹੀ ਸੰਭਵ ਹੋ ਸਕਿਆ ਹੈ ਅਤੇ ਉਨ੍ਹਾਂ ਦੇ ਵਿਭਾਗ ਵਲੋਂ ਇਕ ਟੀਮ ਦੇ ਰੂਪ 'ਚ ਕੀਤੀ ਗਈ ਮਿਹਨਤ ਦਾ ਮੁੱਲ ਪਿਆ ਹੈ।
ਸ੍ਰੀਮਤੀ ਜੀਵਨ ਜੋਤ ਕੌਰ ਨੇ ਅੱਜ ਇਥੇ ਅਪਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਦਫ਼ਤਰ ਵਿਖੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਕੇਂਦਰ ਸਰਕਾਰ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਸਰਵੇਖਣ 2018 ਦੌਰਾਨ ਪ੍ਰਾਪਤ ਹੋਏ ਨਤੀਜਿਆਂ ਦੇ ਅਧਾਰ 'ਤੇ 'ਸਾਫ਼ ਸਫ਼ਾਈ' 'ਚੋਂ ਨਗਰ ਪੰਚਾਇਤ ਭਾਦਸੋਂ ਨੂੰ ਉੱਤਰ ਭਾਰਤ ਖੇਤਰ 'ਚੋਂ ਪਹਿਲਾ ਸਥਾਨ ਹਾਸਲ ਹੋਇਆ ਹੈ ਜਦਕਿ ਨਗਰ ਪੰਚਾਇਤ ਮੂਨਕ ਨੂੰ 'ਸਿਟੀਜ਼ਨ ਫ਼ੀਡਬੈਕ' 'ਚ ਉੱਤਰ ਭਾਰਤ ਖੇਤਰ 'ਚੋਂ ਪਹਿਲਾ ਸਥਾਨ ਮਿਲਿਆ ਹੈ।
ਉਨ੍ਹਾਂ ਦਸਿਆ ਕਿ ਕੇਂਦਰੀ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਮੰਤਰਾਲੇ ਵਲੋਂ ਜ਼ੋਨਲ ਪੱਧਰ ਦੇ 20 ਐਵਾਰਡ ਐਲਾਨੇ ਸਨ, ਜਿਨ੍ਹਾਂ 'ਚੋਂ ਦੋ ਅਹਿਮ ਐਵਾਰਡ ਪਟਿਆਲਾ ਖੇਤਰ ਹਾਸਲ ਹੋਏ ਹਨ। ਡਿਪਟੀ ਡਾਇਰੈਕਟਰ ਨੇ ਦਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਚੇਅਰਮੈਨ ਪੀ.ਐਮ.ਆਈ.ਡੀ.ਸੀ ਸ੍ਰੀ ਏ. ਵੀਨੂ ਪ੍ਰਸ਼ਾਦ ਦੀ ਲਗਾਤਾਰ ਨਿਗਰਾਨੀ ਅਤੇ ਪੀ.ਐਮ.ਆਈ.ਡੀ.ਸੀ. ਦੇ ਸੀਈਓ ਤੇ ਸਕੱਤਰ ਸ੍ਰੀ ਅਜੋਏ ਸ਼ਰਮਾ ਅਤੇ ਡਾਇਰੈਕਟਰ ਕਰਨੇਸ਼ ਸ਼ਰਮਾ ਦੀ ਦੇਖ ਰੇਖ ਹੇਠ ਨਗਰ ਪੰਚਾਇਤ ਭਾਦਸੋਂ ਅਤੇ ਮੂਨਕ ਨੇ ਇਹ ਟੀਚਾ ਸਥਾਨਕ ਵਾਸੀਆਂ ਦੀ ਮਦਦ ਨਾਲ ਹਾਸਲ ਕੀਤਾ ਹੈ।