ਸ਼ਾਹੀ ਸ਼ਹਿਰ ਪਟਿਆਲਾ 'ਚ ਅਣਖ਼ ਖ਼ਾਤਰ ਭਰਾ ਵਲੋਂ ਭੈਣ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਨਾਭਾ ਰੋਡ 'ਤੇ ਪੈਂਦੀ ਨਜੂਲ ਕਾਲੋਨੀ ਵਿਚ ਰਹਿਣ ਵਾਲੇ ਇਕ ਭਰਾ ਵਲੋਂ ਅਣਖ ਖ਼ਾਤਰ ਆਪਣੀ ਭੈਣ ਦਾ ਕਤਲ ਕੀਤੇ ਜਾਣ ਦੀ ਵਾਰਦਾਤ ...

Honor Killing in Patiala

ਪਟਿਆਲਾ : ਸਥਾਨਕ ਨਾਭਾ ਰੋਡ 'ਤੇ ਪੈਂਦੀ ਨਜੂਲ ਕਾਲੋਨੀ ਵਿਚ ਰਹਿਣ ਵਾਲੇ ਇਕ ਭਰਾ ਵਲੋਂ ਅਣਖ ਖ਼ਾਤਰ ਆਪਣੀ ਭੈਣ ਦਾ ਕਤਲ ਕੀਤੇ ਜਾਣ ਦੀ ਵਾਰਦਾਤ ਦਾ ਸਮਾਚਾਰ ਮਿਲਿਆ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਖ਼ੁਦ ਹੀ ਕਾਤਲ ਭਰਾ ਨੇ ਅਪਣੇ ਪਰਵਾਰ ਨੂੰ ਸਵੇਰੇ ਜਾਣੂ ਕਰਵਾਇਆ। ਇਸ ਤੋਂ ਬਾਅਦ ਪਰਵਾਰ ਨੇ ਤੁਰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿਤੀ। 

ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਕਥਿਤ ਦੋਸ਼ੀ ਭਰਾ ਵਿਰੁਧ ਕਤਲ ਦਾ ਮਾਮਲਾ ਦਰਜ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਲੜਕੀ ਦੀ ਪਛਾਣ 19 ਸਾਲਾ ਪ੍ਰੀਤੀ ਵਜੋਂ ਹੋਈ ਹੈ ਜੋ ਕਿ ਨਾਭਾ ਤੋਂ ਲਾਇਬਰੇਰੀਅਨ ਦਾ ਕੋਰਸ ਕਰ ਰਹੀ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੀਤੀ ਦੀ ਮਾਤਾ ਸੁਨਹਿਰੀ ਦੇਵੀ ਨੇ ਦਸਿਆ ਕਿ ਕਿਸੇ ਗੱਲ ਨੂੰ ਲੈ ਕੇ ਪ੍ਰੀਤੀ ਤੇ ਉਸ ਦੇ ਭਰਾ ਬਹਾਦਰ ਸਿੰਘ ਵਿਚਕਾਰ ਦੇਰ ਰਾਤ ਝਗੜਾ ਹੋਇਆ ਸੀ।

ਇਸ ਤੋਂ ਬਾਅਦ ਸਵੇਰੇ ਉੱਠ ਕੇ ਵੇਖਿਆ ਤਾਂ ਪ੍ਰੀਤੀ ਘਰ ਵਿਚ ਨਹੀਂ ਸੀ। ਉਨ੍ਹਾਂ ਕਾਫ਼ੀ ਦੇਰ ਤਕ ਉਸ ਦੀ ਭਾਲ ਵੀ ਕੀਤੀ ਪਰ ਉਸ ਦਾ ਕੋਈ ਅਤਾ ਪਤਾ ਨਹੀਂ ਲਗਿਆ। ਇਸੇ ਦੌਰਾਨ ਪ੍ਰੀਤੀ ਦੇ ਭਰਾ ਬਹਾਦਰ ਸਿੰਘ ਨੇ ਪਰਵਾਰ ਵਾਲਿਆਂ ਨੂੰ ਸਾਰੀ ਘਟਨਾ ਬਾਰੇ ਖ਼ੁਦ ਹੀ ਦਸ ਦਿਤਾ। ਉਸ ਨੇ ਦਸਿਆ ਕਿ ਉਸ ਨੇ ਪ੍ਰੀਤੀ ਦੀ ਭਾਖੜਾ ਨਹਿਰ 'ਚ ਸੁੱਟ ਕੇ ਹੱਤਿਆ ਕਰ ਦਿਤੀ ਹੈ, ਕਿਉਂਕਿ ਉਹ ਕਿਸੇ ਲੜਕੇ ਨਾਲ ਫ਼ੋਨ 'ਤੇ ਗੱਲ ਕਰਦੀ ਸੀ, ਜਿਸ ਤੋਂ ਉਹ ਉਸ ਨੂੰ ਰੋਕਦਾ ਸੀ।

ਬਹਾਦਰ ਦੀ ਇਸ ਗੱਲ ਵਿਚ ਕਿੰਨੀ ਕੁ ਸੱਚਾਈ ਹੈ, ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ। ਪੁਲਿਸ ਕਪਤਾਨ ਸ਼ਹਿਰੀ ਕੇਸਰ ਸਿੰਘ ਨੇ ਦਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਭਰਾ ਬਹਾਦਰ ਸਿੰਘ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਉਨ੍ਹਾਂ ਦਸਿਆ ਕਿ ਪੁਲਿਸ ਨੇ ਕਥਿਤ ਦੋਸ਼ੀ ਬਹਾਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਪ੍ਰੀਤੀ ਦੀ ਲਾਸ਼ ਨੂੰ ਨਹਿਰ 'ਚੋਂ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।