ਸੂਬਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਰਾਜ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ...

Sukhjinder Singh Randhawa

ਗੁਰਦਾਸਪੁਰ, ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਰਾਜ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਸੂਬਾ ਦਾ ਸਰਬਪੱਖੀ ਵਿਕਾਸ ਪਹਿਲੀ ਤਰਜੀਹ ਹੈ। ਉਨ੍ਹਾਂ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ 7 ਸੜਕੀ ਪ੍ਰਾਜੈਕਟਾਂ ਨੂੰ ਕੌਮੀ ਰਾਜ ਮਾਰਗ ਐਲਾਣਨ ਤੋਂ ਇਲਾਵਾ ਸੂਬੇ ਭਰੇ ਦੇ 13 ਸੜਕੀ ਪ੍ਰਾਜੈਕਟਾਂ ਨੂੰ ਭਾਰਤਮਾਲਾ ਪਰਿਯੋਜਨਾ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। 

ਇਸ ਸਬੰਧ ਵਿਚ ਉਨ੍ਹਾਂ ਟਰਾਂਸਪੋਰਟ, ਹਾਈਵੇਜ਼ ਅਤੇ ਸ਼ਿਪਿੰਗ ਬਾਰੇ ਕੇਂਦਰੀ ਮੰਤਰੀ ਨਿਤਿਨ ਗੱਡਕਰੀ ਨੂੰ ਇਕ ਪੱਤਰ ਲਿਖ ਕੇ ਇਸ ਸਬੰਧ ਵਿਚ ਉਨ੍ਹਾਂ ਦੇ ਦਖ਼ਲ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਵਧਿਆ ਸੜਕੀ ਸੰਪਰਕ ਉਪਲਬੱਧ ਹੋਣ ਤੋਂ ਇਲਾਵਾ ਉਨ੍ਹਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਆਉਣ-ਜਾਣ ਦੀ ਸਹੂਲਤ ਮਿਲ ਸਕੇ। 

ਕੈਬਨਿਟ ਮੰਤਰੀ ਸ. ਰੰਧਾਵਾ ਨੇ ਦਸਿਆ ਕਿ ਇਹ 13 ਸੜਕੀ ਪ੍ਰਾਜੈਕਟ 436.48 ਕਿਲੋਮੀਟਰ ਲੰਮੇ ਅਤੇ 1737.20 ਕਰੋੜ ਰੁਪਏ ਦੀ ਲਾਗਤ ਦੇ ਹਨ। ਇਨ੍ਹਾਂ ਵਿਚ ਅੰਮ੍ਰਿਤਸਰ- ਫ਼ਤਹਿਗੜ੍ਹ ਚੂੜੀਆਂ- ਡੇਰਾ ਬਾਬਾ ਨਾਨਕ (45.75 ਕਿ.ਮੀ), ਬਟਾਲਾ-ਕਾਦੀਆਂ (15.50 ਕਿ.ਮੀ), ਲੰਬੀ-ਗਿੱਦੜਬਾਹਾ (16.75 ਕਿ.ਮੀ) ਅਤੇ ਫ਼ਿਰੋਜ਼ਪੁਰ-ਫ਼ਰੀਦਕੋਟ 31.22 ਕਿ.ਮੀ ਲੁਧਿਆਣਾ-ਹੰਬੜਾਂ-ਸਿਧਵਾਂ ਬੇਟ-ਧਰਮਕੋਟ-ਕੋਟ ਈਸੇ ਖਾਂ (70 ਕਿ.ਮੀ) ਆਦਿ ਸ਼ਾਮਲ ਹਨ। 

ਉਨ੍ਹਾਂ ਦਸਿਆ ਕਿ ਜਿਨ੍ਹਾਂ 7 ਸੜਕੀ ਪ੍ਰਾਜੈਕਟਾਂ ਨੂੰ ਨਵੇਂ ਕੌਮੀ ਰਾਜ ਮਾਰਗ ਐਲਾਣਨ ਬਾਰੇ ਮੁੱਖ ਮੰਤਰੀ ਨੇ ਪੱਤਰ ਲਿਖਿਆ ਹੈ ਉਨ੍ਹਾਂ ਵਿਚ ਗੁਰਦਾਸਪੁਰ-ਸ੍ਰੀ ਹਰਗੋਬਿੰਦ ਪੁਰ (40 ਕਿ.ਮੀ), ਬਿਆਸ-ਮਹਿਤਾ-ਬਟਾਲਾ (35 ਕਿ.ਮੀ) ਆਦਿ ਸ਼ਾਮਲ ਹਨ। ਸ. ਰੰਧਾਵਾ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਕੋਈ ਢਿੱਲਮੱਠ ਨਹੀਂ ਵਰਤੇਗੀ ਤੇ ਵਿਕਾਸ ਕਾਰਜ ਬਿਨਾਂ ਪੱਖਪਾਤ ਦੇ ਪਹਿਲ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਅਤੇ ਸੂਬੇ ਦਾ ਵਿਕਾਸ ਸਰਕਾਰ ਦੀ ਮੁੱਖ ਤਰਜੀਹ ਹੈ।