ਸੁਖਬੀਰ ਬਾਦਲ ਦੀ ਰੈਲੀ ਕਾਰਨ ਭਿੱਜੀ 18 ਲੱਖ ਦੀ ਕਣਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਸਾਸ਼ਨ ਅਧਿਕਾਰੀ ਵੀ ਇਸ ਮੁੱਦੇ ਤੋਂ ਵੱਟਦੇ ਰਹੇ ਪਾਸਾ

Sukhbir Badal

ਫਿਰੋਜ਼ਪੁਰ- ਚਮਕੌਰ ਸਾਹਿਬ ਦੀ ਦਾਣਾ ਮੰਡੀ ਵਿਚ ਕਾਂਗਰਸ ਦੀ ਰੈਲੀ ਮਗਰੋਂ ਅਕਾਲੀਆਂ ਨੇ ਵੀ ਫਿਰੋਜ਼ਪੁਰ ਵਿਚ ਰੈਲੀ ਕਰਨ ਲਈ ਦਾਣਾ ਮੰਡੀ ਦਾ ਸ਼ੈੱਡ ਖਾਲੀ ਕਰਵਾ ਦਿੱਤਾ। ਇੱਥੇ ਸੁਖਬੀਰ ਬਾਦਲ ਦੀ ਰੈਲੀ ਲਈ 18.40 ਲੱਖ ਦੀ ਕਣਕ ਖੁੱਲੇ ਅਸਮਾਨ ਹੇਠ ਰੱਖ ਦਿੱਤੀ ਗਈ ਜਿਸ ਤੋਂ ਬਾਅਦ ਬੱਦਲ ਉਸ ਤੇ ਕਹਿਰਵਾਨ ਹੋ ਗਏ। ਅਦਿਕਾਰੀਆਂ ਦੀ ਲਾਪਰਵਾਹੀ ਕਰ ਕੇ ਇੱਥੇ ਕਣਕ ਸ਼ੈੱਡ ਤੋਂ ਬਾਹਰ ਪਈ ਰਹੀ ਅਤੇ ਲੀਡਰ ਸਿਆਸੀ ਰੋਟੀਆਂ ਸੇਕਦੇ ਰਹੇ।

ਹੈਰਾਨੀ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਦੀ ਚਿਤਾਵਨੀ ਦੇਣ ਦੇ ਬਾਵਜੂਦ ਵੀ ਕਣਕ ਸ਼ੈੱਡ ਤੋਂ ਬਾਹਰ ਪਈ ਰਹੀ ਕਣਕ ਅੰਦਰ ਰੱਖਣੀ ਜ਼ਰੂਰੀ ਨਹੀਂ ਸਮਝੀ। ਅਕਾਲੀ ਦਲ ਤੋਂ ਮਹਿਜ਼ 10 ਹਜ਼ਾਰ ਰੁਪਏ ਫੀਸ ਵਸੂਲ ਕੇ ਅਧਿਕਾਰੀਆਂ ਨੇ 18,40,000 ਰੁਪਏ ਦੀਆਂ 2000 ਕਣਕ ਦੀਆਂ ਬੋਰੀਆਂ ਬਰਬਾਦ ਹੋਣ ਲਈ ਬਾਹਰ ਰੱਖ ਦਿੱਤੀਆਂ ਗਈਆਂ। ਦਰਅਸਲ ਬੀਤੇ ਦਿਨੀਂ ਫਿਰੋਜ਼ਪੁਰ ਛਾਉਣੀ ਦੀ ਅਨਾਜ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ ਦੀ ਰੈਲੀ ਹੋਣੀ ਸੀ।

ਕਣਕ ਦੀਆਂ ਬੋਰੀਆਂ ਸ਼ੈੱਡ ਦੇ ਥੱਲੇ ਪਈਆਂ ਸਨ ਪਰ ਰੈਲੀ ਤੋਂ ਪਹਿਲਾਂ ਬੋਰੀਆਂ ਬਾਹਰ ਕੱਢ ਦਿੱਤੀਆਂ ਗਈਆਂ। ਦੱਸ ਦਈਏ ਕਿ ਅਨਾਜ ਦੀ ਮਿਆਦ ਦੌਰਾਨ ਮੰਡੀ ਵਿਚ ਕਿਸੇ ਵੀ ਤਰਾਂ ਦਾ ਕੋਈ ਵੀ ਪ੍ਰੋਗਰਾਮ ਕਰਨ ਦੀ ਇਜ਼ਾਜਤ ਨਹੀਂ ਦਿੱਤਾ ਜਾ ਸਕਦੀ। ਇਸ ਦੇ ਬਾਵਜੂਦ ਵੀ ਮੰਡੀ ਵਿਚ ਅਧਿਕਾਰੀਆਂ ਨੇ ਸੁਖਬੀਰ ਬਾਦਲ ਦੀ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਬਾਰੇ ਜਦੋਂ ਪ੍ਰਸਾਸ਼ਨ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਅਧਿਕਾਰੀ ਇਸ ਮੁੱਦੇ ਤੋਂ ਪਾਸਾ ਵੱਟਦੇ ਰਹੇ।