ਕਰਫ਼ਿਊ ਮਗਰੋਂ ਦਰਬਾਰ ਸਾਹਿਬ 'ਚ ਸੰਗਤ ਦੀ ਗਿਣਤੀ ਵਧਣ ਲੱਗੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਗਤ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

1

ਅੰਮ੍ਰਿਤਸਰ, 18 ਮਈ (ਬਹੋੜੂ) : ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸ੍ਰੀ ਦਰਬਾਰ ਸਾਹਿਬ, ਗੁਰਦਵਾਰਾ ਸ਼ਹੀਦ ਗੰਜ ਸਾਹਿਬ ਅਤੇ ਨਾਲ ਲਗਦੇ ਗੁਰਦਵਾਰਾ ਸਾਹਿਬਾਨ ਵਿਖੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਇਹਤਿਆਤ ਵਰਤਦਿਆਂ ਪੁਲਿਸ ਕਰਮਚਾਰੀਆਂ ਨੇ ਨਾਕਿਆਂ 'ਤੇ ਪੂਰੀ ਮੁਸਤੈਦੀ ਨਾਲ ਸਖ਼ਤੀ ਕਰ ਰੱਖੀ ਸੀ ਪਰ ਜਿਵੇਂ ਹੀ ਕਰਫ਼ਿਊ ਹਟਣ ਦਾ ਐਲਾਨ ਹੋਇਆ ਤਾਂ ਸੰਗਤਾਂ ਗੁਰੂ ਚਰਨਾਂ 'ਚ ਪਹੁੰਚਣੀਆਂ ਸ਼ੁਰੂ ਹੋ ਗਈਆਂ। ਇਸ ਮੌਕੇ ਸੰਗਤਾਂ ਨੇ ਸਰੀਰਕ ਤੇ ਸਮਾਜਕ ਦੂਰੀ ਤਾਂ ਬਣਾ ਕੇ ਰੱਖੀ ਹੀ ਤੇ ਨਾਲ ਹੀ ਸਾਫ਼ ਸਫ਼ਾਈ ਦਾ ਵੀ ਖ਼ਾਸ ਖ਼ਿਆਲ ਰਖਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਸੰਗਤਾਂ ਨੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆਂ ਤੇ ਗੁਰੂ ਪਾਤਸ਼ਾਹ ਅੱਗੇ ਗੁਰਦਵਾਰਿਆਂ-ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਉਪਰੰਤ ਸੰਗਤਾਂ ਨੇ ਛਬੀਲ ਤੇ ਠੰਢੇ ਜਲ ਦੀ ਸੇਵਾ, ਜੂਠੇ ਬਰਤਨ ਮਾਂਜਣ ਦੀ ਸੇਵਾ, ਜੌੜਿਆਂ ਦੀ ਸੇਵਾ ਦੇ ਇਲਾਵਾ ਇਸ਼ਨਾਨ ਦੀ ਸੇਵਾ ਕੀਤੀ।


  ਸੰਗਤਾਂ ਦੀ ਆਮਦ ਕਾਰਨ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਵੀ ਸੰਗਤਾਂ ਦੀ ਚਹਿਲ ਪਹਿਲ ਦੇਖੀ ਗਈ। ਲੰਮਾ ਸਮਾਂ ਲੰਗਰ ਹਾਲ 'ਚ ਸੁੰਨਸਾਨ ਛਾਈ ਰਹਿਣ ਦੇ ਬਾਅਦ ਅੱਜ ਕੁਝ ਚਹਿਲ-ਪਹਿਲ ਜਾਪੀ। ਸੇਵਾਦਾਰਾਂ ਨੇ ਸੰਗਤਾਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪੁ ਜਪਾਉਂਦਿਆਂ ਲੰਗਰ ਛਕਾਇਆ। ਇਥੇ ਕਈ ਪਰਵਾਸੀ ਵੀ ਲੰਗਰ ਛਕਦੇ ਦੇਖੇ ਗਏ। ਸੰਗਤਾਂ ਵਾਰ-ਵਾਰ ਗੁਰੂ ਦਾ ਸ਼ੁਕਰਾਨਾ ਕਰ ਰਹੀਆਂ ਸਨ ਜਿਸ ਨੇ ਅਜਿਹੀ ਮਹਾਂਮਾਰੀ ਵਿਚ ਵੀ ਸੰਗਤਾਂ ਦਾ ਹੌਸਲਾ ਵਧਾਈ ਰਖਿਆ ਤੇ ਗਊ-ਗ਼ਰੀਬ ਦੀ ਸੇਵਾ ਕਰਨ ਦਾ ਬਲ ਬਖ਼ਸ਼ਿਆ।