ਪੱਟੀ/ਹਰੀਕੇ ਪੱਤਣ, 17 ਮਈ (ਅਜੀਤ ਘਰਿਆਲਾ/ਪ੍ਰਦੀਪ): ਕਰੀਬ ਦੋ ਮਹੀਨੇ ਤੋਂ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਏ ਸੰਕਟ ਨੇ ਪੂਰੇ ਸੰਸਾਰ ਵਿਚ ਖਲਬਲੀ ਮਚਾ ਦਿਤੀ ਹੈ ਜਿਸ ਕਾਰਨ ਸਾਰੇ ਕੰਮ ਬੰਦ ਹੋਣ ਉਤੇ ਇਨਸਾਨੀ ਜ਼ਿੰਦਗੀ ਵੀ ਰੁਕ ਕੇ ਰਹਿ ਗਈ ਹੈ। ਜਿਸ ਦੇ ਨਾਲ ਹੀ ਕੁਦਰਤ ਨੇ ਕ੍ਰਿਸ਼ਮਾ ਦਿਖਾਇਆ ਕਿ ਲੋਕ ਪਹਾੜੀ ਖੇਤਰਾਂ ਨੂੰ ਅਪਣੇ -ਅਪਣੇ ਘਰਾਂ ਤੋਂ ਵੇਖਣ ਲੱਗ ਪਏ ਹਨ। ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਉ ਅਤੇ ਤਾਲਾਬੰਦੀ ਕਾਰਨ ਦੁਨੀਆਂ ਦੇ ਹਰੇਕ ਵਰਗ ਦਾ ਆਰਥਕ ਪੱਖੋਂ ਕਾਫ਼ੀ ਨੁਕਸਾਨ ਹੋਇਆ ਹੈ।
ਇਸ ਦੇ ਨਾਲ ਹੀ ਵੱਡੇ-ਵੱਡੇ ਕਾਰਖ਼ਾਨੇ, ਫ਼ੈਕਟਰੀਆਂ ਤੋਂ ਹੋਰ ਵੀ ਪ੍ਰਦੂਸ਼ਣ ਫੈਲਾਉਣ ਵਾਲੇ ਕਾਰੋਬਾਰ ਬੰਦ ਹੋ ਕਿ ਰਹਿ ਗਏ ਹਨ। ਜਿਸ ਕਾਰਨ ਦਰਿਆਵਾਂ ਦਾ ਪੌਣ ਪਾਣੀ ਅਤੇ ਹਵਾਵਾਂ ਅਸ਼ੁੱਧ ਤੋਂ ਸ਼ੁੱਧ ਹੋ ਗਈਆਂ ਹਨ। ਉਸ ਦੇ ਨਾਲ ਹੀ ਇਨਸਾਨੀ ਜ਼ਿੰਦਗੀ ਜਿਉਣ ਲਈ ਲੋਕਾਂ ਵਲੋਂ ਵਹਿਮਾਂ ਭਰਮਾਂ ਵਿਚ ਪੈ ਕਿ ਦਰਿਆਵਾਂ ਵਿਚ ਨਾਰੀਅਲ, ਕੋਲੇ, ਦਾਲਾਂ, ਮੌਲੀਆਂ, ਤੇ ਹੋਰ ਸਮਾਨ ਸੁੱਟ ਅਤੇ ਇਸ ਤੋਂ ਇਲਾਵਾ ਸਤਲੁਜ ਦਰਿਆ ਵਿਚ ਜ਼ਹਿਰੀਲਾ ਪਾਣੀ ਮਨੁੱਖਤਾ ਨੂੰ ਲੰਮੇ ਸਮੇਂ ਤੋਂ ਮੌਤ ਦਿੰਦਾ ਰਿਹਾ ਹੈ ਪਰ ਹੁਣ ਦੋ ਮਹੀਨੇ ਤਕ ਦਾ ਤਾਲਾਬੰਦੀ ਲੱਗਣ ਕਾਰਨ ਇਸ ਦਾ ਪਾਣੀ ਸਾਫ਼ ਅਤੇ ਵੱਖਰੇ ਰੰਗ ਦਾ ਦਿਖਾਈ ਦੇਣ ਲੱਗ ਪਿਆ ਹੈ। ਜ਼ਿਕਰਯੋਗ ਹੈ ਕਿ ਹਰੀਕੇ ਪੱਤਣ ਝੀਲ ਵਿਚ ਪੈਦਾ ਸਤਲੁਜ ਦਰਿਆਵਾਂ ਦਾ ਸੰਗਮ ਹੈ।
ਜਿੱਥੇ ਸਤਲੁਜ ਦਰਿਆ ਦਾ ਗੰਦਾ ਪਾਣੀ ਬਿਆਸ ਤਕ ਵੂ ਮਾਰ ਕਰ ਕੇ ਇਸ ਨੂੰ ਗੰਧਲਾ ਕਰ ਦਿੰਦਾ ਸੀ ਜਦ ਵੀ ਵਿਦੇਸ਼ ਤੋਂ ਆਏ ਸੈਲਾਨੀ ਹਰੀਕੇ ਝੀਲ਼ (ਸੰਗਮ) ਦਾ ਨਜ਼ਾਰਾਂ ਤੱਕਣ ਲਈ ਬੇੜੀ ਰਾਹੀ ਜਾਂਦੇ ਸਨ ਤਾਂ ਗੰਦੇ ਪਾਣੀ ਨੂੰ ਵੇਖ ਵਾਪਸ ਆ ਜਾਂਦੇ ਸਨ। ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਸਰਕਾਰਾਂ ਵਲੋਂ ਲਗਾਏ ਗਏ ਲਾਕਡਾਉਣ ਜਿੱਥੇ ਸੱਭ ਕੁੱਝ ਠੱਪ ਕਰ ਕੇ ਰੱਖ ਦਿਤਾ ਉਸੇ ਕਾਰਨ ਸਤਲੁਜ ਦਰਿਆ ਦੇ ਵਾਤਾਵਰਨ ਦੀ ਨੁਹਾਰ ਬਦਲ ਕੇ ਰੱਖ ਦਿਤੀ ਹੈ ਜਿਸ ਨਾਲ ਦਰਿਆ ਦਾ ਪਾਣੀ ਸਾਫ਼ ਨੀਲੇ ਰੰਗ ਵਿਚ ਦਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਹੁਣ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਮਈ ਤੋਂ ਸੂਬੇ ਵਿਚ ਕਰਫ਼ਿਊ ਹਟਾ ਦਿਤਾ ਗਿਆ। ਜੇਕਰ ਕੁੱਝ ਦਿਨਾਂ ਵਿਚ ਫਿਰ ਤੋਂ ਸਾਰੇ ਕੰਮਕਾਜ ਚੱਲਦੇ ਹਨ ਤਾਂ ਫਿਰ ਤੋਂ ਜ਼ਹਿਰੀਲਾ ਪਾਣੀ ਇਸ ਵਿਚ ਮਿਲਣ ਕਾਰਨ ਇਸ ਨੂੰ ਗੰਦਲਾ ਕਰ ਦੇਵੇਗਾ। ਇਹ ਪਾਣੀ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ ਅਤੇ ਰਾਜਸਥਾਨ ਦੇ ਲੋਕ ਇਹ ਪੀਣ ਤੋਂ ਇਲਾਵਾ ਖੇਤੀ ਸਿੰਚਾਈ ਲਈ ਨਿਰਭਰ ਹਨ। ਇਸ ਮੌਕੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੰਦ ਦੌਰਾਨ ਕਰੀਬ 80 ਫ਼ੀ ਸਦੀ ਪਾਣੀ ਸਾਫ਼ ਹੋ ਗਿਆ ਸੀ ਅਤੇ ਨਹਿਰਾਂ ਨੂੰ ਜਾਂਦਾ ਪਾਣੀ ਜੋ ਪਹਿਲਾ ਪ੍ਰਦੂਸ਼ਤ ਹੋਣ ਕਰ ਕੇ ਗੰਦਾ ਦਿਖਾਈ ਦਿੰਦਾ ਸੀ ਉਹ ਹੁਣ ਸਾਫ਼ ਸੁਥਰਾਂ ਦਿਖਾਈ ਦੇ ਰਿਹਾ ਹੈ।