1200 ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਲਈ ਪਹਿਲੀ ਵਿਸ਼ੇਸ਼ ਰੇਲ ਹੋਈ ਰਵਾਨਾ
ਛਾਉਣੀ ਰੇਲਵੇ ਸਟੇਸ਼ਨ ਤੋਂ ਛੇਵੀਂ ਅਤੇ ਬਿਹਾਰ ਸੂਬੇ ਲਈ ਜਾਣ ਵਾਲੇ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਰੇਲ
ਫ਼ਿਰੋਜ਼ਪੁਰ,17 ਮਈ( ਜਗਵੰਤ ਸਿੰਘ ਮੱਲ੍ਹੀ): ਛਾਉਣੀ ਰੇਲਵੇ ਸਟੇਸ਼ਨ ਤੋਂ ਛੇਵੀਂ ਅਤੇ ਬਿਹਾਰ ਸੂਬੇ ਲਈ ਜਾਣ ਵਾਲੇ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਰੇਲ ਗੱਡੀ ਐਤਵਾਰ ਸ਼ਾਮ 7 ਵਜੇ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਿਸ਼ਨਗੰਜ ਲਈ ਰਵਾਨਾ ਹੋਈ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਰੇਲ ਦਾ ਸਾਰਾ ਖ਼ਰਚ 8.40 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਬਿਹਾਰ ਲਈ ਇਹ ਪਹਿਲੀ ਰੇਲ ਰਵਾਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮਜ਼ਦੂਰਾਂ ਨੂੰ ਵਾਪਸ ਆਪਣੇ ਘਰ ਜਾਣ ਲਈ ਪੰਜਾਬ ਸਰਕਾਰ ਦੇ ਪੋਰਟਲ 'ਤੇ ਰਜਿਸਟਰੇਸ਼ਨ ਕਰਵਾਈ ਸੀ ਅਤੇ ਇਨ੍ਹਾਂ ਲੋਕਾਂ ਨੂੰ ਐੱਸਐੱਮਐੱਸ ਜ਼ਰੀਏ ਯਾਤਰਾ ਬਾਰੇ ਸੂਚਨਾ ਭੇਜੀ ਗਈ ਸੀ ।
ਉਨ੍ਹਾਂ ਆਖਿਆ ਕਿ ਮੈਡੀਕਲ ਟੀਮਾਂ ਵੱਲੋਂ ਸਿਹਤ ਜਾਂਚ ਕਰਨ ਤੋਂ ਬਾਅਦ ਮਜ਼ਦੂਰਾਂ ਨੂੰ ਛਾਉਣੀ ਰੇਲਵੇ ਸਟੇਸ਼ਨ ਲੈ ਜਾਇਆ ਗਿਆ ।ਉਸ ਤੋਂ ਬਾਅਦ ਉਨ੍ਹਾਂ ਨੂੰ ਬਿਹਾਰ ਲਈ ਰਵਾਨਾ ਕਰ ਦਿਤਾ। ਇਸੇ ਦੌਰਾਨ ਦੁਬਿਧਾ ਵਾਲੀ ਹਾਲਤ ਉਸ ਵੇਲੇ ਬਣ ਗਈ ਜਦੋਂ ਦਸ ਦੇ ਕਰੀਬ ਮਜ਼ਦੂਰਾਂ ਨੂੰ ਉਨ੍ਹਾਂ ਦੇ ਮਾਲਕਾਂ ਵੱਲੋਂ ਲਾਕਡਾਊਨ ਦੇ ਸਮੇਂ ਦੀ ਤਨਖਾਹ ਦਿੰਦਿਆਂ 3700/- ਰੁਪਏ ਪ੍ਰਤੀ ਸਾਈਕਲ ਦੇ ਹਿਸਾਬ ਨਾਲ ਨਵੇਂ ਸਾਈਕਲ ਦੇ ਦਿੱਤੇ ਗਏ। ਜਦਕਿ ਰੇਲਵੇ ਵਿਭਾਗ ਨੇ ਮਜ਼ਦੂਰਾਂ ਨੂੰ ਸਾਈਕਲਾਂ ਸਮੇਤ ਲੈ ਕੇ ਜਾਣ ਤੋਂ ਨਾਂਹ ਕਰ ਦਿੱਤੀ। ਅਜਿਹੀ ਸਥਿਤੀ 'ਚ ਸੰਕਟ ਮੋਚਕ ਬਣੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਅਤੇ ਉਪ ਮੰਡਲ ਮਜਿਸਟਰੇਟ ਅਮਿਤ ਗੁਪਤਾ ਨੇ ਤੁਰੰਤ 37000/- ਰੁਪਏ ਦੀ ਨਕਦ ਅਦਾਇਗੀ ਕਰਕੇ ਸਾਰੇ ਸਾਈਕਲ ਰੱਖ ਲਏ। ਮਜ਼ਦੂਰਾਂ ਨੇ ਇਸ ਅਚਾਨਕ ਵਰਤੇ ਹੈਰਾਨੀਜਨਕ ਵਰਤਾਰੇ 'ਤੇ ਗਦਗਦ ਹੁੰਦਿਆਂ ਅਧਿਕਾਰੀਆਂ ਨੂੰ ਖੁਸ਼ੀ ਦੇ ਹੰਝੂਆਂ ਨਾਲ ਢੇਰ ਸਾਰੀਆਂ ਦੁਆਵਾਂ ਦਿੱਤੀਆਂ।