ਸਿਹਤ ਵਿਭਾਗ ਨੇ ਹਾਈਪਰਟੈਂਸ਼ਨ ਦੇ 1,94,528 ਮਰੀਜ਼ਾਂ ਨੂੰ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਇਬਟੀਜ਼ ਤੇ ਹਾਈਪਰਟੈਂਸ਼ਨ ਵਰਗੀਆਂ ਅੰਤਰ ਸਬੰਧਤ ਸਥਿਤੀਆਂ  ਦੌਰਾਨ ਵੱਧ ਜਾਂਦਾ ਹੈ ਕੋਰੋਨਾ ਦਾ ਖ਼ਤਰਾ

File Photo

ਚੰਡੀਗੜ੍ਹ, 17 ਮਈ (ਸਪੋਕਸਮੈਨ ਸਮਾਚਾਰ ਸੇਵਾ) : ਸਾਲ 2019-20 ਦੌਰਾਨ ਕਰੀਬ 12,64,713 ਵਿਅਕਤੀਆਂ ਦੀ, ਗ਼ੈਰ-ਸੰਚਾਰੀ ਰੋਗਾਂ ਸਬੰਧੀ ਸਕ੍ਰੀਨਿੰਗ ਪ੍ਰੋਗਰਾਮ ਤਹਿਤ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਲਗਭਗ 1,94,528 ਵਿਅਕਤੀ ਹਾਈਪਰਟੈਨਸ਼ਨ ਦੇ ਮਰੀਜ਼ ਸਨ ਅਤੇ ਸਾਰੇ ਮਰੀਜ਼ਾਂ ਨੂੰ ਸਿਹਤ ਵਿਭਾਗ ਵਲੋਂ ਤੁਰਤ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।

ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਜਾਰੀ ਪ੍ਰੈੱਸ ਬਿਆਨ ਦੌਰਾਨ ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਰੀਜ਼ਾਂ ਲਈ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਕਿਉਂਕਿ ਹਾਈਪਰਟੈਨਸ਼ਨ ਅਤੇ ਡਾਇਬਟੀਜ਼ (ਸ਼ੂਗਰ) ਕੋਵਿਡ-19 ਦੀ ਲਾਗ ਫੈਲਾਉਣ ਵਿਚ ਵਧੇਰੇ ਖ਼ਤਰਨਾਕ ਸਥਿਤੀਆਂ ਹਨ। ਉਨ੍ਹਾਂ ਕਿਹਾ ਕਿ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਵਿਚ ਮੌਤ ਦੀ ਉੱਚ ਦਰ ਵੇਖੀ ਗਈ ਹੈ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਐਮਓ ਅਤੇ ਆਰਐਮਓਜ਼ ਦੀ ਸਲਾਹ ਅਨੁਸਾਰ ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਇਲਾਜ ਅਧੀਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਸਬੰਧਤ ਗਤੀਵਿਧੀਆਂ 'ਤੇ ਧਿਆਨ ਕੇਂਦ੍ਰਿਤ ਕਰਨਾ ਜ਼ਰੂਰੀ ਹੈ, ਸਿਹਤ ਦੀਆਂ ਇਨ੍ਹਾਂ ਸਥਿਤੀਆਂ ਤੋਂ ਬੀਮਾਰੀ ਅਤੇ ਮੌਤ ਦਰ ਨੂੰ ਘੱਟ ਕਰਨ ਲਈ ਜ਼ਰੂਰੀ ਦਵਾਈਆਂ ਪ੍ਰਦਾਨ ਕਰਨਾ ਜਾਰੀ ਰਖਣਾ ਵੀ ਮਹੱਤਵਪੂਰਨ ਹੈ।

ਮੰਤਰੀ ਨੇ ਕਿਹਾ ਕਿ ਪਾਬੰਦੀਸ਼ੁਦਾ ਸਥਿਤੀਆਂ ਦੌਰਾਨ ਫਰੰਟ ਲਾਈਨ ਵਰਕਰਾਂ/ਵਲੰਟੀਅਰਾਂ ਦੁਆਰਾ ਅਜਿਹੇ ਮਰੀਜ਼ਾਂ ਦੇ ਘਰ ਘਰ ਜਾ ਕੇ ਹਾਈਪਰਟੈਂਸ਼ਨ ਤੇ ਸ਼ੂਗਰ ਦੀਆਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਦਵਾਈਆਂ ਮਰੀਜ਼ਾਂ ਵਿੱਚ ਇਸ ਢੰਗ ਨਾਲ ਵੰਡੀਆਂ ਜਾ ਰਹੀਆਂ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਾ ਆਵੇ।