ਜਲੰਧਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਤੇ ਲਾਹੁਣ ਸਮੇਤ ਸੱਤ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਵੱਡੇ ਪੱਧਰ ਉਤੇ ਚਲ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡੀਜੀਪੀ ਪੰਜਾਬ

File Photo

ਜਲੰਧਰ, 17 ਮਈ ( ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ): ਪੰਜਾਬ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਵੱਡੇ ਪੱਧਰ ਉਤੇ ਚਲ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਡੀਜੀਪੀ ਪੰਜਾਬ ਨੂੰ ਨਾਜਾਇਜ਼ ਸ਼ਰਾਬ ਤਸਕਰਾਂ ਵਿਰੁਧ ਸ਼ਿਕੰਜਾ ਕੱਸਣ ਦੇ ਆਦੇਸ਼ ਕੀਤੇ ਗਏ।  
ਐਸ.ਐਸ.ਪੀ ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ ਉਤੇ ਥਾਣਾ ਸ਼ਾਹਕੋਟ, ਮਹਿਤਪੁਰ, ਲੋਹੀਆਂ, ਬਿਲਗਾ ਤੇ ਫਿਲੌਰ ਦੇ ਪੁਲਿਸ ਨੇ ਆਪੋ-ਅਪਣੇ ਖੇਤਰਾਂ ਵਿਚ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿਚ ਲਾਹੁਣ ਤੇ ਨਾਜਾਇਜ਼ ਸ਼ਰਾਬ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ  ਬਣਾਉਣ ਵਾਲਿਆਂ ਵਿਰੁਧ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿਚ ਲਾਹੁਣ ਤੇ ਸ਼ਰਾਬ ਬਣਾਉਣ ਦਾ ਸਾਮਾਨ ਬਰਾਮਦ ਕਰ ਕੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਇਨ੍ਹਾਂ ਮਾਮਲਿਆਂ ਵਿਚ ਸਾਰਿਆਂ ਥਾਣਿਆਂ ਵਿਚ 14 ਦੇ ਕਰੀਬ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਇਸ ਵੱਡੀ ਕਾਰਵਾਈ ਵਿਚ ਪੁਲਿਸ ਨੇ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਇਸ ਤੋਂ ਇਲਾਵਾ ਸ਼ਰਾਬ ਤਿਆਰ ਕਰਨ ਲਈ ਵਰਤੇ ਜਾਣ ਵਾਲੇ 14 ਡਰੰਮ, 9 ਭੱਠੀਆਂ, ਦੋ ਗੈਸ ਸਿਲੰਡਰ, 95 ਤਿਰਪਾਲਾਂ, ਤੇ ਹੋਰ ਸਮੱਗਰੀ ਜ਼ਬਤ ਕੀਤੀ ਹੈ। ਐਸਐਸਪੀ ਮਾਹਲ ਨੇ ਦਸਿਆ ਕਿ ਉਕਤ ਥਾਣਿਆਂ ਵਿਚ ਕਰ ਅਤੇ ਆਬਕਾਰੀ ਐਕਟ ਦੀ ਧਾਰਾ 61-1-14, 188 ਤੇ 269 ਆਈਪੀਸੀ ਅਤੇ 51ਬੀ ਦੇ  ਤਹਿਤ 14 ਦੇ ਕਰੀਬ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ।