1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ 'ਸ਼੍ਰਮਿਕ' ਰੇਲ ਹੋਈ ਰਵਾਨਾ
6000 ਮਜ਼ਦੂਰਾਂ 'ਤੇ ਕੀਤਾ 30 ਲੱਖ ਸਰਕਾਰੀ ਖਰਚ: ਐਸ.ਡੀ.ਐਮ. ਗੁਪਤਾ
ਫ਼ਿਰੋਜ਼ਪੁਰ, 18 ਮਈ (ਜਗਵੰਤ ਸਿੰਘ ਮੱਲ੍ਹੀ): ਗੁਰਦਾਸਪੁਰ, ਬਰਨਾਲਾ, ਮਾਨਸਾ, ਮੋਗਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਸਮੇਤ ਮਾਲਵਾ ਦੇ ਹੋਰਨਾਂ ਜ਼ਿਲ੍ਹਿਆਂ 'ਚ ਤਾਲਾਬੰਦੀ ਕਾਰਨ ਫ਼ਸੇ 1200 ਪ੍ਰਵਾਸੀ ਮਜ਼ਦੂਰ ਲੈ ਕੇ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਪੰਜਵੀਂ ਵਿਸ਼ੇਸ਼ 'ਸ਼੍ਰਮਿਕ ਐਕਸਪ੍ਰੈੱਸ' ਰੇਲ ਗੱਡੀ ਉੱਤਰ ਪ੍ਰਦੇਸ਼ ਦੇ ਗੌਂਡਾ ਜ਼ਿਲ੍ਹੇ ਲਈ ਤਾੜ੍ਹਆਂ ਦੀ ਗੂੰਜ਼ 'ਚ ਰਵਾਨਾ ਹੋਈ। ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਅਮਿਤ ਗੁਪਤਾ ਨੇ ਦਸਿਆ ਕਿ ਇਸ ਰੇਲ ਦਾ 6 ਲੱਖ ਰੁਪਏ ਦੇ ਕਰੀਬ ਖਰਚਾ ਵੀ ਸਰਕਾਰ ਵਲੋਂ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਹੁਣ ਤਕ ਲਗਭਗ 6 ਹਜ਼ਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਲਈ ਰਵਾਨਾ ਕੀਤਾ ਗਿਆ ਹੈ।
ਰੇਲ ਗੱਡੀਆਂ ਲਈ ਪੰਜਾਬ ਸਰਕਾਰ ਵਲੋਂ 30 ਲੱਖ ਰੁਪਏ ਦੇ ਕਰੀਬ ਖਰਚਾ ਕੀਤਾ ਗਿਆ ਹੈ। ਜਦਕਿ ਮਜ਼ਦੂਰਾਂ ਨੂੰ ਇਕਾਂਤਵਾਸ ਕੇਂਦਰਾਂ 'ਤੋਂ ਰੇਲਵੇ ਸਟੇਸ਼ਨ ਤਕ ਲੈ ਕੇ ਆਉਣ, ਸਿਹਤ ਸੇਵਾਵਾਂ, ਖਾਣ ਪੀਣ, ਬੱਸਾਂ ਅਤੇ ਹੋਰ ਜ਼ਰੂਰੀ ਵਸਤੂਆਂ ਵੀ ਤੁਰਨ ਵੇਲੇ ਮੁਹਈਆ ਕਰਵਾਈਆਂ ਗਈਆਂ ਸਨ। ਇਸੇ ਦੌਰਾਨ ਐਸ.ਡੀ.ਐਮ. ਗੁਪਤਾ ਨੂੰ ਜਿਉਂ ਹੀ ਪਤਾ ਲੱਗਾ ਕਿ ਇਕ ਪ੍ਰਵਾਸੀ ਮਜ਼ਦੂਰ ਦਾ ਬੈਗ ਬਸ ਵਿਚ ਰਹਿ ਗਿਆ ਅਤੇ ਉਹ ਬਸ ਵਾਪਸ ਜਾ ਚੁੱਕੀ ਹੈ। ਉਨ੍ਹਾਂ ਤੁਰਤ ਅਪਣੀ ਗੱਡੀ ਦੇ ਕੇ ਮਤਹਿਤ ਅਮਲੇ ਰਾਹੀਂ 20 ਕਿਲੋਮੀਟਰ ਦੂਰੋਂ ਬੈਗ ਵਾਪਸ ਮੰਗਵਾ ਕੇ ਪ੍ਰਵਾਸੀ ਮਜ਼ਦੂਰ ਦੇ ਹਵਾਲੇ ਕਰਦਿਆਂ ਇਕ ਮਿਸਾਲ ਪੈਦਾ ਕੀਤੀ।