ਕਪੂਰਥਲਾ 'ਚ ਵਾਪਰੀ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵਢਿਆ ਨਿਹੰਗ
ਸੁਲਤਾਨਪੁਰ ਲੋਧੀ ਵਿਚ ਸਥਿਤ ਨਿਹੰਗ ਸਿੰਘਾਂ ਦੇ ਗੁਰਦੁਆਰੇ ਵਿਚ ਬੀਤੀ ਰਾਤ ਨਿਹੰਗ ਸਿੰਘਾਂ ਦੇ ਗੁਟਾਂ ਵਿਚਾਲੇ ਟਕਰਾਅ ਹੋ
ਕਪੂਰਥਲਾ, 17 ਮਈ (ਪਪ): ਸੁਲਤਾਨਪੁਰ ਲੋਧੀ ਵਿਚ ਸਥਿਤ ਨਿਹੰਗ ਸਿੰਘਾਂ ਦੇ ਗੁਰਦੁਆਰੇ ਵਿਚ ਬੀਤੀ ਰਾਤ ਨਿਹੰਗ ਸਿੰਘਾਂ ਦੇ ਗੁਟਾਂ ਵਿਚਾਲੇ ਟਕਰਾਅ ਹੋ ਗਿਆ। ਦੋ ਧਿਰਾਂ ਵਿਚਾਲੇ ਹੋਇਆ ਟਕਰਾਅ ਇੰਨਾ ਵੱਧ ਗਿਆ ਕਿ ਇਸ ਲੜਾਈ ਵਿਚ ਨਿਹੰਗ ਕੁਲਦੀਪ ਸਿੰਘ ਵਾਸੀ ਪਿੰਡ ਤੋਲੇਵਾਲ ਜ਼ਿਲ੍ਹਾ ਸੰਗਰੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ।
ਦਰਅਸਲ ਕਿਸੇ ਗੱਲ ਨੂੰ ਲੈ ਕੇ ਨਿਹੰਗਾਂ ਦੋ ਧਿਰਾਂ ਵਿਚ ਆਪਸੀ ਟਕਰਾਅ ਹੋ ਗਿਆ ਸੀ ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਕੁਲਦੀਪ ਸਿੰਘ 'ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿਤਾ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਸ ਨੂੰ ਦਮ ਤੋੜ ਦਿਤਾ।
ਇਸ ਸਬੰਧੀ ਪੁਲਸ ਨੇ ਨਿਰਮਲ ਸਿੰਘ ਨਿਹੰਗ ਦੇ ਬਿਆਨਾਂ ਉਤੇ ਹਮਲਾ ਕਰ ਕੇ ਕਤਲ ਕਰਨ ਦੇ ਦੋਸ਼ ਵਿਚ ਨਿਹੰਗ ਚੈਨ ਸਿੰਘ, ਨਿਹੰਗ ਕਾਲਾ ਸਿੰਘ, ਨਿਹੰਗ ਹਰਜਿੰਦਰ ਸਿੰਘ ਅਤੇ 6 ਹੋਰਨਾਂ ਵਿਰੁਧ ਕੇਸ ਦਰਜ ਕਰ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇੰਸਪੈਕਟਰ ਸਰਬਜੀਤ ਸਿੰਘ ਨੇ ਦਸਿਆ ਕਿ ਨਿਹੰਗ ਨਿਰਮਲ ਸਿੰਘ ਨੇ ਬਿਆਨ ਵਿਚ ਦਸਿਆ ਕਿ ਉਕਤ ਗੁਰਦੁਆਰਾ ਸਾਹਿਬ ਵਿਚ 40-45 ਨਿਹੰਗ ਸਿੰਘ ਰਹਿੰਦੇ ਹਨ ਅਤੇ ਬੀਤੀ ਰਾਤ ਕੁੱਝ ਨਿਹੰਗ ਜੋ ਪਹਿਲਾਂ ਡੇਰੇ ਵਿਚੋਂ ਚਲੇ ਗਏ ਸਨ ਪਰਤ ਆਏ ਅਤੇ ਰਾਤ ਨੂੰ ਰੌਲਾ ਪਾ ਰਹੇ ਸਨ, ਜਿਨ੍ਹਾਂ ਨੂੰ ਕੁਲਦੀਪ ਸਿੰਘ ਨਿਹੰਗ ਸਿੰਘ ਨੇ ਰੌਲਾ ਪਾਉਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ।
ਥਾਣਾ ਇੰਚਾਰਜ ਨੇ ਦਸਿਆ ਕਿ ਅਜੇ ਤਕ ਮੁਲਜ਼ਮ ਫ਼ਰਾਰ ਚਲ ਰਹੇ ਹਨ ਪਰ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਥੇ ਹੀ ਮੌਤ ਦੇ ਘਾਟ ਉਤਾਰੇ ਨਿਹੰਗ ਕੁਲਦੀਪ ਦੇ ਪਰਵਾਰ ਵਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਪਰਵਾਰ ਮੁਤਾਬਕ ਕੁੱਝ ਮਹੀਨੇ ਪਹਿਲਾਂ ਹੀ ਕੁਲਦੀਪ ਇਥੇ ਆਇਆ ਸੀ।