ਕੋਰੋਨਾ ਤੋਂ ਬਾਅਦ ਬਲੈਕ ਫੰਗਸ ਦੀ ਦਸਤਕ, ਪਟਿਆਲਾ 'ਚ ਸਾਹਮਣੇ ਆਏ 2 ਮਰੀਜ਼
ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਅਪੀਲ
ਪਟਿਆਲਾ (ਅਮਰਜੀਤ ਸਿੰਘ): ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਪੰਜਾਬ ਵਿਚ ਬਲੈਕ ਫੰਗਸ ਨੇ ਵੀ ਦਸਤਕ ਦੇ ਦਿੱਤੀ ਹੈ। ਦਰਅਸਲ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਸ ਬਲੈਕ ਫੰਗਸ ਤੋਂ ਪੀੜ੍ਹਤ 2 ਮਰੀਜ਼ ਸਾਹਮਣੇ ਆਏ ਹਨ। ਸਿਹਤ ਮਾਹਰਾਂ ਮੁਤਾਬਕ ਸਾਹ ਦੀ ਪ੍ਰੇਸ਼ਾਨੀ, ਨੱਕ ਦਾ ਬੰਦ ਹੋ ਜਾਣਾ, ਅੱਧਾ ਚਿਹਰਾ ਸੁੰਨ ਪੈ ਜਾਣਾ, ਅੱਖਾਂ 'ਚ ਸੋਜ, ਧੁੰਧਲਾ ਦਿਖਾਈ ਦੇਣਾ, ਛਾਤੀ ’ਚ ਦਰਦ, ਸਾਹ ਲੈਣ ’ਚ ਸਮੱਸਿਆ ਹੋਣਾ ਅਤੇ ਬੁਖਾਰ ਹੋਣਾ ਬਲੈਕ ਫੰਗਸ ਦੇ ਲੱਛਣ ਹਨ।
ਸਿਹਤ ਮਾਹਰਾਂ ਨੇ ਅਜਿਹੇ ਲੱਛਣ ਵਾਲੇ ਮਰੀਜ਼ਾਂ ਨੂੰ ਤੁਰੰਤ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਉਹਨਾਂ ਕੋਲ 3 ਮਰੀਜ਼ ਬਲੈਕ ਫੰਗਸ ਦੇ ਪਹੁੰਚੇ ਹਨ। ਇਹਨਾਂ 'ਚੋਂ 2 ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 1 ਮਰੀਜ਼ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਹਰਨਾਮ ਸਿੰਘ ਰੇਖੀ ਨੇ ਕਿਹਾ ਕਿ ਇਹ ਬੀਮਾਰੀ ਬਹੁਤ ਖਤਰਨਾਕ ਹੈ, ਉਹਨਾਂ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਦੱਸ ਦੇਈਏ ਕਿ ਫੰਗਸ ਦੋ ਤਰ੍ਹਾਂ ਦੀ ਹੁੰਦੀ ਹੈ - ਵ੍ਹਾਈਟ ਫੰਗਸ ਅਤੇ ਬਲੈਕ ਫੰਗਸ। ਇਹ ਸਮੱਸਿਆ ਖਾਸ ਤੌਰ 'ਤੇ ਹਾਈ ਸ਼ੂਗਰ ਲੈਵਲ ਨਾਲ ਸਬੰਧਤ ਮਰੀਜ਼ਾਂ ਨੂੰ ਆਉਂਦੀ ਹੈ। ਜਿਹੜੇ ਸਮੇਂ ਸਿਰ ਦਵਾਈ ਨਹੀਂ ਲੈਂਦੇ ਹਨ ਜਾਂ ਆਪਣੀ ਮਰਜ਼ੀ ਮੁਤਾਬਕ ਲੈਂਦੇ ਹਨ ਜਾਂ ਫਿਰ ਫੇਫੜਿਆਂ ਨੂੰ ਬਚਾਉਣ ਲਈ ਦਿੱਤੀ ਜਾਂਦੀ ਸਟੋਰਾਇਡਸ ਨੂੰ ਜ਼ਰੂਰਤ ਤੋਂ ਵੱਧ ਖਾਂਦੇ ਹਨ।
ਇਸ ਬਿਮਾਰੀ ਕਾਰਨ ਕਈ ਵਾਰ ਲੋਕ ਆਪਣੀਆਂ ਅੱਖਾਂ ਦੀ ਰੌਸ਼ਨੀ ਖੋਹ ਲੈਂਦੇ ਹਨ ਅਤੇ ਉਹਨਾਂ ਦੀ ਅੱਖ ਵੀ ਕੱਢਣੀ ਪੈ ਜਾਂਦੀ ਹੈ। ਜੇਕਰ ਸ਼ੁਰੂਆਤ 'ਚ ਹੀ ਪਤਾ ਲੱਗ ਜਾਵੇ ਤਾਂ ਦਵਾਈ ਨਾਲ ਇਲਾਜ ਸੰਭਵ ਹੈ। ਹਾਲਾਂਕਿ ਇਹ ਇਲਾਜ 4 ਤੋਂ 6 ਹਫ਼ਤੇ ਤਕ ਚੱਲਦਾ ਹੈ।