ਚਰਨਜੀਤ ਚੰਨੀ ਵਿਰੁਧ ਵੀ ਮੀ ਟੂ ਮਾਮਲਾ ਮਹਿਲਾ ਕਮਿਸ਼ਨ 'ਚ ਮੁੜ ਖੁੱਲ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨੀਸ਼ਾ ਗੁਲਾਟੀ ਕਹਿ ਰਹੀ ਹੈ ਕਿ ਉਸ ਨੂੰ  ਆਈ.ਏ.ਐਸ. ਲਾਬੀ ਪ੍ਰੇਸ਼ਾਨ ਕਰ ਰਹੀ ਹੈ

Charanjit Singh Channi

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਕੈਬਨਿਟ ਮੰਤਰੀ ਚਰਨਜੀਤ ਚੰਨੀ ਵਿਰੁਧ ਵੀ ਇਕ ਆਈ.ਏ.ਐਸ. ਅਫ਼ਸਰ ਨਾਲ ਸਬੰਧਤ 2018 ਦਾ ਪੁਰਾਣਾ ਐਸ.ਐਮ.ਐਸ. ਸੰਦੇਸ਼ ਭੇਜਣ ਦਾ ਮੀ ਟੂ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਨੇ ਮੁੜ ਖੋਲ੍ਹ ਲਿਆ ਹੈ | ਇਸ ਨੂੰ  ਵੀ ਮੁੱਖ ਮੰਤਰੀ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ |

ਭਾਵੇਂ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕਹਿ ਰਹੀ ਹੈ ਕਿ ਉਸ ਨੂੰ  ਆਈ.ਏ.ਐਸ. ਲਾਬੀ ਪ੍ਰੇਸ਼ਾਨ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਚੰਨੀ ਦੇ ਮਾਮਲੇ 'ਚ ਪੰਜਾਬ ਸਰਕਾਰ ਤੋਂ ਨੋਟਿਸ ਜਾਰੀ ਕਰ ਕੇ ਇਕ ਹਫ਼ਤੇ 'ਚ ਜਵਾਬ ਮੰਗਿਆ ਹੈ |

ਉਨ੍ਹਾਂ ਕਿਹਾ ਕਿ ਭਾਵੇਂ ਉਸ ਸਮੇਂ ਮੁੱਖ ਮੰਤਰੀ ਵਲੋਂ ਦਖ਼ਲ ਦੇਣ ਬਾਅਦ ਮੰਤਰੀ ਵਲੋਂ ਸਬੰਧਤ ਅਧਿਕਾਰੀ ਸਾਹਮਣੇ ਗ਼ਲਤੀ ਮੰਨਣ ਕਾਰਨ ਮਾਮਲਾ ਨਿਪਟਾ ਦਿਤਾ ਗਿਆ ਸੀ | ਪਰ ਉਸ ਸਮੇਂ ਜੋ ਸਰਕਾਰ ਨੂੰ  ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਸੀ, ਉਹ ਨਹੀਂ ਸੀ ਦਿਤਾ ਗਿਆ | ਉਹੀ ਜਵਾਬ ਹੁਣ ਮੰਗਿਆ ਗਿਆ ਹੈ ਕਿਉਂਕਿ ਮੇਰੇ 'ਤੇ ਮਹਿਲਾ ਅਧਿਕਾਰੀ ਨਾਲ ਨਿਆਂ ਨਾ ਕਰਨ ਦੇ ਦੋਸ਼ ਕਈ ਦਿਨਾਂ ਤੋਂ ਲੱਗ ਰਹੇ ਹਨ ਤੇ ਫ਼ੋਨ ਆ ਰਹੇ ਹਨ |