ਪੜ੍ਹਾਈ ਲਈ ਕੈਨੇਡਾ ਗਏ ਜ਼ਿਲ੍ਹਾ ਮੋਗਾ ਦੇ ਨੌਜਵਾਨ ਦੀ ਮੌਤ, ਪਿੰਡ ਵਿਚ ਸੋਗ ਦੀ ਲਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਨੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਨੂੰ ਲਾਈ ਮਦਦ ਦੀ ਗੁਹਾਰ

Punjabi youth died in Canada

ਮੋਗਾ (ਦਲੀਪ ਕੁਮਾਰ): ਉਚੇਰੀ ਪੜ੍ਹਾਈ ਕਰਨ ਕੈਨੇਡਾ ਗਏ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੇ ਇਕ ਨੌਜਵਾਨ ਦੀ ਅਚਾਨਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ਬਰ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਦਾ ਨਾਂਅ ਸੁਖਦਰਸ਼ਨ ਸਿੰਘ ਉਰਫ ਸੀਪਾ ਪੁੱਤਰ ਜਗਸੀਰ ਸਿੰਘ ਵਾਸੀ ਮਾਛੀਕੇ ਹੈ ਜੋ ਕਿ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ।

ਮਿਲੀ ਜਾਣਕਾਰੀ ਮੁਕਾਬਤ ਸੁਖਦਰਸ਼ਨ ਬੀਤੇ ਦਿਨੀਂ ਆਪਣੇ ਕੰਮ ਤੋਂ ਵਾਪਸ ਆ ਕੇ ਨਹਾਉਣ ਲੱਗਿਆ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।  ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਪਣੇ ਹੱਥੀਂ ਪੁੱਤਰ ਦੀਆਂ ਅੰਤਿਮ ਰਸਮਾਂ ਕਰਨ ਦੀ ਗੁਹਾਰ ਲਗਾਈ ਹੈ।

ਜ਼ਿਕਰਯੋਗ ਹੈ ਕਿ ਸੁਖਦਰਸ਼ਨ ਸਿੰਘ ਇਕ ਦਰਮਿਆਨੇ ਪਰਿਵਾਰ ਨਾਲ ਸਬੰਧ ਰੱਖਦਾ ਸੀ , ਜਿਸ ਦੇ ਮਾਪਿਆਂ ਨੇ ਉਸ ਦੇ ਚੰਗੇਰੇ ਭਵਿੱਖ ਲਈ ਆਪਣੀ ਜ਼ਮੀਨ ਵੇਚ ਕੇ ਉਸ ਨੂੰ ਪੜ੍ਹਨ ਲਈ ਵਿਦੇਸ਼ ਭੇਜਿਆ ਸੀ । ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਦਰਸ਼ਨ ਸਿੰਘ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਰੱਖਦਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਮਾਤਾ-ਪਿਤਾ  ਨੇ ਕਿਹਾ ਕਿ ਅਸੀਂ ਆਪਣੇ ਇਕਲੌਤੇ ਪੁੱਤ ਦੀ ਅੰਤਿਮ ਰਸਮ ਆਪਣੇ ਹੱਥੀਂ ਕਰਨਾ ਚਾਹੁੰਦੇ ਹਾਂ।

ਇਸ ਦੇ ਨਾਲ ਹੀ ਮ੍ਰਿਤਕ ਦੀ ਭੈਣ ਨੇ ਅੱਖਾਂ ਵਿੱਚ ਹੰਝੂ ਕੇਰਦਿਆਂ ਦੱਸਿਆ ਕਿ ਮੇਰੀ ਆਖ਼ਰੀ ਇੱਛਾ ਹੈ ਕਿ ਮੈਂ ਆਪਣੇ ਭਰਾ ਦੀ ਅੰਤਿਮ ਰਸਮ ਉਸ ਦੇ ਸਿਰ ਸਿਹਰਾ ਸਜਾ ਕੇ ਅਤੇ ਹੱਥ ’ਤੇ ਗਾਨਾ ਬੰਨ੍ਹ ਕੇ ਕਰਾਂ। ਉਹਨਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਸੁਖਦਰਸ਼ਨ ਸਿੰਘ ਦੇ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਆਪਣਾ ਪ੍ਰਭਾਵ ਵਰਤ ਕੇ ਵੀਜ਼ਾ ਜਾਰੀ ਕਰਵਾਇਆ ਜਾਵੇ ਨਹੀਂ ਤਾਂ ਸਰਕਾਰ ਉਕਤ ਨੌਜਵਾਨ ਸੁਖਦਰਸ਼ਨ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦਾ ਪ੍ਰਬੰਧ ਕਰੇ।