ਕਿਸਾਨਾਂ ਦੇ ਖਿਲਾਫ਼ ਕਦੇ ਵੀ ਕਿਸੇ ਨੇ ਨਹੀਂ ਜਿੱਤੀ ਲੜਾਈ- ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਇਕ ਜ਼ਿੱਦੀ ਮੁੱਖ ਮੰਤਰੀ ਨਾਲੋਂ ਇੱਕ ਲਚਕਦਾਰ ਰਾਜਨੇਤਾ ਬਣੋ'

File photo

 

 ਮੁਹਾਲੀ : ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਦੀ ਤਾਰੀਫ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਭਗਵੰਤ ਮਾਨ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਗਏ ਹਨ। ਹੁਣ ਉਹਨਾਂ ਨੇ ਮਾਨ ਸਰਕਾਰ ਨੂੰ ਕਿਸਾਨਾਂ ਦੇ ਮੁੱਦੇ ਜਲਦੀ ਤੋਂ ਜਲਦੀ ਹੱਲ ਕਰਨ ਬਾਰੇ ਕਿਹਾ ਹੈ।  

 

ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ  ਮੁੱਖ ਮੰਤਰੀ ਜੀ ਜਿੰਨਾ ਤੁਸੀਂ ਕਿਸਾਨਾਂ ਨੂੰ ਅਣਦੇਖਿਆ ਕਰੋਗੇ, ਤੁਸੀਂ ਓਨੀ ਹੀ ਆਪਣੀ ਭਰੋਸੇਯੋਗਤਾ ਨੂੰ ਗੁਆਉਗੇ। ਇੱਕ ਜ਼ਿੱਦੀ ਮੁੱਖ ਮੰਤਰੀ ਨਾਲੋਂ ਇੱਕ ਲਚਕਦਾਰ ਰਾਜਨੇਤਾ ਬਣੋ। ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿਓ ਅਤੇ ਮੁੱਦਿਆਂ ਨੂੰ ਹੱਲ ਕਰੋ।

 

 

 ਨਵਜੋਤ ਸਿੱਧੂ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਟਕਰਾਅ ਦੇ ਰਾਹ 'ਤੇ ਨਾ ਚੱਲੋ। ਕਿਸਾਨ ਸਾਡੀ ਆਬਾਦੀ ਦਾ 60% ਹਿੱਸਾ ਹਨ ਅਤੇ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਕਿਸਾਨਾਂ ਦੇ ਖਿਲਾਫ਼ ਕਦੇ ਵੀ ਕਿਸੇ ਨੇ ਲੜਾਈ ਨਹੀਂ ਜਿੱਤੀ। ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰੋ। ਤੁਹਾਡੀਆਂ 70% ਤੋਂ ਵੱਧ ਸਮੱਸਿਆਵਾਂ ਦੂਰ ਹੋ ਜਾਣਗੀਆਂ। 

 

ਅਜਿਹਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਜੋ ਸਾਬਤ ਕਰਦਾ ਹੋਵੇ ਕਿ ਸਿੱਧੀ ਬਿਜਾਈ ਪਾਣੀ ਦੀ ਬਚਤ ਕਰਦੀ ਹੈ, ਇਸ ਲਈ 80% ਕਿਸਾਨਾਂ ਜਿਨ੍ਹਾਂ ਨੇ ਪਰਾਲੀ ਸਾੜ ਦਿੱਤੀ ਹੈ ਤੇ ਪਨੀਰੀ ਵੀ ਲਗਾ ਦਿੱਤੀ ਹੈ, ਲਈ ਸਿੱਧੀ ਬਿਜਾਈ ਸੰਭਵ ਨਹੀਂ ਹੋਵੇਗੀ। 18 ਅਤੇ 10 ਜੂਨ ਵਿੱਚ ਕੀ ਫਰਕ ਹੈ, ਜੇਕਰ ਬਿਜਲੀ ਦੀ ਸਮੱਸਿਆ ਹੈ ਤਾਂ ਕਿਸਾਨਾਂ ਨਾਲ ਸੱਚ ਬੋਲੋ।

ਮੂੰਗੀ ਅਤੇ ਬਾਸਮਤੀ 'ਤੇ ਐਮ.ਐਸ.ਪੀ ਦੀ ਘੋਸ਼ਣਾ ਕਰਨਾ ਸਵਾਗਤਯੋਗ ਕਦਮ ਹੈ, ਕਿਰਪਾ ਕਰਕੇ ਕੈਬਨਿਟ ਬੈਠਕ ਬੁਲਾ ਕੇ ਇਸਨੂੰ ਅਨੁਸੂਚਿਤ ਕਰਕੇ ਕਿਸਾਨਾਂ ਨੂੰ ਭਰੋਸਾ ਦਿਵਾਓ। ਨਾਲ ਹੀ ਦਾਲ ਅਤੇ ਤੇਲ ਬੀਜਾਂ ਵਰਗੀਆਂ ਵਿਭਿੰਨਤਾ ਵਾਲੀਆਂ ਫਸਲਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਨੀਤੀ ਆਧਾਰਿਤ ਹੱਲ ਲੱਭੋ। ਦਾਲਾਂ ਨੂੰ ਆਯਾਤ ਕਰਨ ਲਈ ਵਰਤੇ ਗਏ ਪੈਸੇ ਦੀ ਵਰਤੋਂ ਮਾਰਕਫੈੱਡ ਰਾਹੀਂ ਦਾਲਾਂ ਦੀ ਖਰੀਦ ਲਈ ਕੀਤੀ ਜਾ ਸਕਦੀ ਹੈ।

ਜਿੱਥੋਂ ਤੱਕ 'ਮੁਰਦਾਬਾਦ' ਦਾ ਸਵਾਲ ਹੈ, ਤੁਸੀਂ ਸਾਰੀ ਉਮਰ ਵਿਰੋਧੀ ਧਿਰ 'ਚ 'ਮੁਰਦਾਬਾਦ' ਦੇ ਨਾਅਰੇ ਲਗਾਉਂਦੇ ਰਹੇ ਹੋ, ਕਿਰਪਾ ਕਰਕੇ 'ਅੰਨ-ਦਾਤਾ' ਦੀ ਗੱਲ ਸੁਣੋ। ਹਰ ਸਮੱਸਿਆ ਦੇ ਹੱਲ ਲਈ ਅਰਵਿੰਦ ਕੇਜਰੀਵਾਲ ਵੱਲ ਦਿੱਲੀ ਨੂੰ ਨਾ ਭੱਜੋ।