ਮਾੜੀ ਸ਼ਬਦਾਵਲੀ ਵਰਤਣ ਸਬੰਧੀ ਵਾਇਰਲ ਵੀਡੀਓ ਮਾਮਲੇ 'ਚ ਇਕ ਵਿਅਕਤੀ ਹਿਮਾਚਲ ਦੇ ਮੰਡੀ ਤੋਂ ਗ੍ਰਿਫ਼ਤਾਰ- SSP ਦੀਪਕ ਪਾਰੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਵਿਅਕਤੀ ਦੀ ਪਛਾਣ ਰਵਿੰਦਰ ਸਿੰਘ ਉਰਫ ਅਮਰੀਕ ਸਿੰਘ ਉਰਫ ਰਣਜੀਤ ਸਿੰਘ ਉਰਫ ਕਾਕਾ ਪੁੱਤਰ ਹੁਕਮ ਚੰਦ ਵਜੋਂ ਹੋਈ ਹੈ।

Deepak Pareek

 

ਪਟਿਆਲਾ: ਜ਼ਿਲ੍ਹਾ ਪੁਲਿਸ ਨੇ 29 ਅਪ੍ਰੈਲ 2022 ਨੂੰ ਇੱਥੇ ਕਾਲੀ ਦੇਵੀ ਮੰਦਿਰ ਨੇੜੇ ਵਾਪਰੀ ਘਟਨਾ ਦੌਰਾਨ ਫੁਹਾਰਾ ਚੌਂਕ ਪਟਿਆਲਾ ਵਿਖੇ ਇੱਕ ਨਿਹੰਗ ਬਾਣੇ 'ਚ ਵਿਅਕਤੀ ਵੱਲੋਂ ਦੁਰਗਾ ਮਾਤਾ ਦੇ ਖ਼ਿਲਾਫ਼ ਕਾਫ਼ੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਸਬੰਧੀਂ ਵਾਇਰਲ ਹੋਈ ਇੱਕ ਵੀਡੀਓ ਦੇ ਮਾਮਲੇ 'ਚ ਅੱਜ ਇੱਕ ਵਿਅਕਤੀ ਨੂੰ ਜ਼ਿਲ੍ਹਾ ਮੰਡੀ ਦੇ ਪਿੰਡ ਰੰਧਾੜਾ, ਮੰਡੀ ਤੋਂ ਰਿਵਾਲਸਰ ਰੋਡ ਥਾਣਾ ਸਦਰ ਮੰਡੀ (ਹਿਮਾਚਲ ਪ੍ਰਦੇਸ) ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਐਸ.ਐਸ.ਪੀ. ਦੀਪਕ ਪਾਰੀਕ ਨੇ ਕੀਤਾ। ਐਸ.ਐਸ.ਪੀ. ਨੇ ਅੱਜ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਰਵਿੰਦਰ ਸਿੰਘ ਉਰਫ ਅਮਰੀਕ ਸਿੰਘ ਉਰਫ ਰਣਜੀਤ ਸਿੰਘ ਉਰਫ ਕਾਕਾ ਪੁੱਤਰ ਹੁਕਮ ਚੰਦ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਾਇਰਲ ਵੀਡੀਓ ਮਾਮਲੇ 'ਚ ਮੁਕੱਦਮਾ ਨੰਬਰ 83 ਮਿਤੀ 01.05.2022 ਅ/ਧ 153-ਏ, 295-ਏ ਹਿੰ:ਦੰ: ਥਾਣਾ ਸਿਵਲ ਲਾਇਨ ਦਰਜ ਕਰਕੇ ਤਫਤੀਸ ਆਰੰਭ ਕੀਤੀ ਗਈ ਸੀ।

Patiala Incident

ਦੀਪਕ ਪਾਰੀਕ ਨੇ ਦੱਸਿਆ ਕਿ ਇਸ ਮਾਮਲੇ 'ਚ ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਖ਼ੁਦ ਉਨ੍ਹਾਂ ਦੀ ਨਿਗਰਾਨੀ ਹੇਠ ਐਸ.ਪੀ. ਤਫ਼ਤੀਸ਼ ਡਾ. ਮਹਿਤਾਬ ਸਿੰਘ ਤੇ ਐਸ.ਪੀ. ਸਿਟੀ ਵਜੀਰ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ. ਤਫ਼ਤੀਸ਼ ਅਜੈਪਾਲ ਸਿੰਘ, ਡੀ.ਐਸ.ਪੀ. ਸਿਟੀ-1 ਕ੍ਰਿਸ਼ਨ ਕੁਮਾਰ ਪਾਂਥੇ, ਡੀ.ਐਸ.ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਤੇ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀਆਂ ਟੀਮਾਂ ਬਣਾਕੇ ਆਪ੍ਰੇਸ਼ਨ ਚਲਾਇਆ ਗਿਆ ਸੀ ਅਤੇ ਇਸ ਵਿੱਚ ਪੰਜਾਬ ਪੁਲਿਸ ਦੀ ਵੱਖ-ਵੱਖ ਯੂਨਿਟਾਂ ਦੀ ਵੀ ਮਦਦ ਲਈ ਗਈ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਕੇਸ ਵਿੱਚ ਲੋੜੀਂਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਸੀ.ਆਈ.ਏ ਸਟਾਫ ਪਟਿਆਲਾ ਦੀਆਂ ਵੱਖ-ਵੱਖ ਟੀਮਾਂ ਵੱਲੋ ਮਹਾਰਾਸ਼ਟਰਾ, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਤਲਾਸ਼ ਕੀਤੀ ਗਈ।

ਇਸ ਤਰ੍ਹਾਂ ਲਗਾਤਾਰ 07 ਦਿਨਾਂ ਦੀ ਤਲਾਸ਼ ਉਪਰੰਤ ਰਵਿੰਦਰ ਸਿੰਘ ਉਰਫ ਅਮਰੀਕ ਸਿੰਘ ਉਰਫ ਰਣਜੀਤ ਸਿੰਘ ਉਰਫ ਕਾਕਾ ਪੁੱਤਰ ਹੁਕਮ ਚੰਦ ਵਾਸੀ ਪਿੰਡ ਹੀਰੋ ਖੁਰਦ ਜ਼ਿਲ੍ਹਾ ਮਾਨਸਾ ਹਾਲ ਵਾਸੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਦਾ ਨਾਮ ਸਾਹਮਣੇ ਆਇਆ, ਜਿਸ ਨੂੰ ਗ੍ਰਿਫਤਾਰ ਕਰਨ ਲਈ ਇਕ ਸਪੈਸ਼ਲ ਆਪ੍ਰੇਸ਼ਨ ਚਲਾਇਆ ਗਿਆ ਸੀ। ਦੀਪਕ ਪਾਰੀਕ ਨੇ ਅੱਗੇ ਦੱਸਿਆ ਕਿ ਇਸ ਰਵਿੰਦਰ ਸਿੰਘ ਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਵਿਖੇ ਹੋਣ ਬਾਰੇ ਖੁਫ਼ੀਆ ਇਤਲਾਹ ਮਿਲੀ ਸੀ ਜਿਸ 'ਤੇ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਅੱਜ ਮਿਤੀ 18 ਮਈ ਨੂੰ ਰਵਿੰਦਰ ਸਿੰਘ ਨੂੰ ਜ਼ਿਲ੍ਹਾ ਮੰਡੀ ਦੇ ਪਿੰਡ ਰੰਧਾੜਾ, ਮੰਡੀ ਤੋਂ ਰਿਵਾਲਸਰ ਰੋਡ ਥਾਣਾ ਸਦਰ ਮੰਡੀ (ਹਿਮਾਚਲ ਪ੍ਰਦੇਸ) ਤੋਂ ਗ੍ਰਿਫਤਾਰ ਕੀਤਾ ਗਿਆ ਹੈ।

Patiala Incident

ਐਸ.ਐਸ.ਪੀ. ਨੇ ਦੱਸਿਆ ਕਿ 60 ਸਾਲਾ ਰਵਿੰਦਰ ਸਿੰਘ ਉਰਫ ਅਮਰੀਕ ਸਿੰਘ ਉਰਫ ਰਣਜੀਤ ਸਿੰਘ ਉਰਫ ਕਾਕਾ ਪੁੱਤਰ ਹੁਕਮ ਚੰਦ ਉਕਤ ਦੀ ਮੁਢਲੀ ਪੁੱਛਗਿੱਛ ਤੋਂ ਪਾਇਆ ਗਿਆ ਕਿ ਇਹ ਪਿੰਡ ਹੀਰੋ ਖੁਰਦ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ ਅਤੇ ਇਹ 8ਵੀਂ ਪਾਸ ਹੈ ਤੇ ਪਹਿਲਾਂ ਟਰੱਕ ਡਰਾਇਵਰੀ ਕਰਦਾ ਸੀ, ਅੱਜ-ਕੱਲ੍ਹ ਵੇਹਲਾ ਹੈ ਪਹਿਲਾਂ ਕੁੱਝ ਸਮਾਂ ਬਠਿੰਡਾ ਵਿਖੇ ਰਹਿੰਦਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।