ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਪੰਜਾਬ ਸਰਕਾਰ ਵਿਰੁਧ ਲਗਾਇਆ ਪੱਕਾ ਮੋਰਚਾ

ਏਜੰਸੀ

ਖ਼ਬਰਾਂ, ਪੰਜਾਬ

ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਪੰਜਾਬ ਸਰਕਾਰ ਵਿਰੁਧ ਲਗਾਇਆ ਪੱਕਾ ਮੋਰਚਾ

image


ਚੰਡੀਗੜ੍ਹ ਬਾਰਡਰ 'ਤੇ ਧਰਨੇ ਉਤੇ ਬੈਠੇ ਕਿਸਾਨ

ਐਸ ਏ ਐਸ ਨਗਰ, 17 ਮਈ (ਨਰਿੰਦਰ ਸਿੰਘ ਝਾਮਪੁਰ): ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਵਲੋਂ ਪੰਜਾਬ ਸਰਕਾਰ ਵਿਰੁਧ ਚੰਡੀਗੜ੍ਹ ਦਾ ਘਿਰਾਉ ਕਰਨ ਲਈ ਐਲਾਨੇ ਗਏ ਪ੍ਰੋਗਰਾਮ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਅੱਜ ਸਥਾਨਕ ਫ਼ੇਜ਼ 8 ਵਿਚ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਵਿਰੁਧ ਲਗਾਤਾਰ ਸੰਘਰਸ਼ ਕਰਨ ਲਈ ਮੋਰਚਾ ਲਾਉਣ ਦਾ ਐਲਾਨ ਕੀਤਾ |
ਇਸ ਮੌਕੇ ਕਿਸਾਨ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਜਾਂ ਤਾਂ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਂ ਫਿਰ ਉਹ ਚੰਡੀਗੜ੍ਹ ਦਾ ਘਿਰਾਉ ਕਰਨਗੇ ਅਤੇ ਮੁੱਖ ਮੰਤਰੀ ਤੇ ਨਿਵਾਸ ਵਲ ਕੂਚ ਕਰਨਗੇ | ਇਸ ਮੌਕੇ ਕਿਸੇ ਅਣਸੁਖਾਵੀਂ ਘਟਨਾ ਨੂੰ  ਰੋਕਣ ਲਈ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ ਸੀ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕਿਸਾਨ ਆਗੂਆਂ ਦੇ ਵਫ਼ਦ ਨੂੰ  ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਅਪਣੇ ਨਾਲ ਲਿਜਾਣ ਦੀ ਅਪੀਲ ਕੀਤੀ ਅਤੇ ਇਸ ਵਾਸਤੇ ਪ੍ਰਸ਼ਾਸਨ ਵਲੋਂ ਬੱਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਪ੍ਰੰਤੂ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਦੀ ਇਸ ਤਜਵੀਜ਼ ਨੂੰ  ਇਹ ਕਹਿ ਕੇ ਨਕਾਰ ਦਿਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਸਮਰਥ ਅਧਿਕਾਰੀ ਨਾਲ ਹੀ ਮੁਲਾਕਤ ਕਰਨਗੇ |
ਇਸ ਦੌਰਾਨ ਮੋਰਚੇ ਵਿਚ ਸ਼ਾਮਲ ਹੋਣ ਲਈ ਵੱਖ-ਵੱਖ ਥਾਵਾਂ ਤੋਂ ਟਰੈਕਟਰ ਟਰਾਲੀਆਂ ਰਾਹੀਂ ਕਿਸਾਨਾਂ ਦੇ ਪਹੁੰਚਣ ਤੇ ਮੋਰਚੇ ਵਲੋਂ ਫ਼ੇਜ਼ 8 ਦੇ ਮੈਦਾਨ ਵਿਚ ਰੈਲੀ ਕੀਤੀ ਗਈ ਜਿਸ ਦੌਰਾਨ ਵੱਖ-ਵੱਖ ਆਗੂਆਂ ਵਲੋਂ ਪੰਜਾਬ ਸਰਕਾਰ ਤੇ ਕਿਸਾਨ ਹਿਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਕਿਸਾਨਾਂ ਦੇ ਹਿਤਾਂ ਵਿਰੁਧ ਕੰਮ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ  ਅਣਗੌਲਿਆ ਕੀਤਾ ਜਾ ਰਿਹਾ ਹੈ | ਇਸ ਦੌਰਾਨ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ  ਕਿਹਾ ਗਿਆ ਕਿ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਇਥੇ ਆ ਕੇ ਮੰਗ ਪੱਤਰ
ਲੈ ਕੇ ਜਾਣਗੇ ਅਤੇ ਉਹ ਚੰਡੀਗੜ੍ਹ ਮਾਰਚ ਦਾ ਪ੍ਰੋਗਰਾਮ ਮੁਲਤਵੀ ਕਰ ਦੇਣ ਪਰੰਤੂ ਢਾਈ ਵਜੇ ਤਕ ਕੋਈ ਵੀ ਸੀਨੀਅਰ ਅਧਿਕਾਰੀ ਕਿਸਾਨਾਂ ਦਾ ਮੰਗ ਪੱਤਰ ਲੈਣ ਲਈ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਰੋਹ ਵਿਚ ਆਏ ਕਿਸਾਨਾਂ ਵਲੋਂ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦਿਆਂ ਟਰੈਕਟਰ ਟਰਾਲੀਆਂ ਤੇ ਚੰਡੀਗੜ੍ਹ ਵਲ ਮਾਰਚ ਆਰੰਭ ਕਰ ਦਿਤਾ | ਇਸ ਦੌਰਾਨ ਮੁਹਾਲੀ ਪੁਲਿਸ ਵਲੋਂ ਵਾਈ ਪੀ ਐਸ ਚੌਕ ਅਤੇ ਉਸ ਤੋਂ ਅੱਗੇ ਦੋ ਬੈਰੀਕੇਡ ਲਗਾਏ ਗਏ ਸਨ ਅਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵਲੋਂ ਵੀ ਬੈਰੀਕੇਡਿਗ ਕੀਤੀ ਗਈ ਸੀ |
ਵਾਈ ਪੀ ਐਸ ਚੌਕ 'ਤੇ ਪਹੁੰਚਣ ਤੇ ਕਿਸਾਨਾਂ ਵਲੋਂ ਟਰੈਕਟਰਾਂ ਨਾਲ ਪਹਿਲਾਂ ਬੈਰੀਕੇਡ ਤੋੜ ਦਿਤਾ ਗਿਆ ਅਤੇ ਅੱਗੇ ਵੱਧ ਗਏ ਪਰੰਤੂ ਦੂਜੇ ਬੈਰੀਕੇਡ ਤੇ ਉਨ੍ਹਾਂ ਨੂੰ  ਰੋਕ ਲਿਆ ਗਿਆ ਜਿਸ ਤੇ ਕਿਸਾਨਾਂ ਵਲੋਂ ਉਥੇ ਹੀ ਪੱਕਾ ਧਰਨਾ ਲਗਾ ਕੇ ਸਰਕਾਰ ਵਿਰੁਧ ਪੱਕੇ ਮੋਰਚੇ ਦਾ ਐਲਾਨ ਕਰ ਦਿਤਾ ਗਿਆ | ਇਸ ਮੌਕੇ ਕਿਸਾਨ ਆਗੂਆਂ ਹਰਿੰਦਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਇਹ ਨਾ ਸਮਝੇ ਕਿ ਉਹ ਬੈਰੀਕੇਡ ਨਹੀਂ ਤੋੜ ਸਕਦੇ ਪ੍ਰੰਤੂ ਕਿਸਾਨ ਸ਼ਾਂਤੀਪੂਰਵਕ ਧਰਨਾ ਦੇਣ ਲਈ ਇਥੇ ਆਏ ਹਨ ਅਤੇ ਸਰਕਾਰ ਕਿਸੇ ਕਿਸਮ ਦੀ ਭੜਕਾਹਟ ਪੈਦਾ ਨਾ ਕਰੇ | ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਇਥੇ ਪੱਕਾ ਧਰਨਾ ਜਾਰੀ ਰਹੇਗਾ ਅਤੇ ਲੋੜ ਪਈ ਤਾਂ ਚੰਡੀਗੜ੍ਹ ਬਾਰਡਰ ਤੇ ਵੀ ਦਿੱਲੀ ਬਾਰਡਰ ਵਾਂਗ ਪੱਕਾ ਧਰਨਾ ਲਗਾ ਦਿਤਾ ਜਾਵੇਗਾ |
ਕਿਸਾਨਾਂ ਦੀਆਂ ਮੰਗਾਂ ਵਿਚ ਕਣਕ ਦਾ ਝਾੜ ਘੱਟ ਰਹਿਣ ਕਰ ਕੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ, ਸਾਉਣੀ 'ਚ ਝੋਨੇ ਦੀ ਲਵਾਈ ਲਈ 10 ਜੂਨ ਤੋਂ ਸਾਰੇ ਪੰਜਾਬ ਵਿਚ ਬਿਜਲੀ ਸਪਲਾਈ ਦੇਣ, ਮੁੰਗੀ, ਮੱਕੀ ਅਤੇ ਬਾਸਮਤੀ ਨੂੰ  ਘੱਟੋ-ਘੱਟ ਸਮਰਥਨ ਮੁੱਲ ਤੇ ਖ਼ਰੀਦਣ ਦਾ ਨੋਟੀਫ਼ੀਕੇਸ਼ਨ ਜਾਰੀ ਕਰਨ, ਬਾਸਮਤੀ ਦਾ ਘੱਟੋ-ਘੱਟ ਸਮਰਥਨ ਮੁੱਲ 4500 ਰੁਪਏ ਪ੍ਰਤੀ ਕੁਇੰਟਲ ਐਲਾਨ ਕਰਨ, ਪੰਚਾਇਤੀ ਜ਼ਮੀਨਾਂ ਦੇ ਨਾਮ ਤੇ ਆਬਾਦਕਾਰ ਕਿਸਾਨਾਂ ਨੂੰ  ਉਜਾੜਨ ਦੀ ਕਾਰਵਾਈ 'ਤੇ ਰੋਕ ਲਗਾਉਣ, ਕੋਆਪਰੇਟਿਵ ਬੈਂਕਾਂ ਅਤੇ ਹੋਰ ਅਦਾਰਿਆਂ ਦੇ ਕਰਜ਼ੇ ਵਿਚ ਫਸੇ ਕਿਸਾਨਾਂ ਦੇ ਵਾਰੰਟ ਅਤੇ ਕੁਰਕੀਆਂ ਬੰਦ ਕਰਨ, 2 ਲੱਖ ਤਕ ਦੇ ਕਰਜ਼ਿਆਂ ਮਾਫ਼ ਕਰਨ ਦਾ ਐਲਾਨ ਕਰਨ ਸਮੇਤ ਹੋਰ ਮੰਗਾਂ ਸ਼ਾਮਲ ਹਨ |
ਐਸਏਐਸ-ਨਰਿੰਦਰ-17-1ਏ