ਵਿਕਰਮਜੀਤ ਸਾਹਨੀ ਨੇ ਗੱਤਕੇ ਨੂੰ ਰਾਸ਼ਟਰੀ ਖੇਡਾਂ 'ਚ ਸ਼ਾਮਲ ਕਰਨ ਦੀ ਕੀਤੀ ਮੰਗ ਪੂਰੀ ਹੋਣ 'ਤੇ ਸਰਕਾਰ ਦੀ ਕੀਤੀ  ਸ਼ਲਾਘਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੱਤਕੇ ਨੂੰ ਇਸ ਸਾਲ ਗੋਆ ਵਿਚ ਹੋ ਰਹੀਆਂ 37ਵੀਆਂ ਕੌਮੀ ਖੇਡਾਂ ਵਿਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ ਹੈ।

MP Vikram Sahney

ਚੰਡੀਗੜ੍ਹ - ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ 16 ਮਾਰਚ 2023 ਨੂੰ ਸੰਸਦ ਦੇ ਬਜਟ ਸੈਸ਼ਨ ਦੌਰਾਨ ਖੇਡ ਮੰਤਰਾਲੇ ਸਾਹਮਣੇ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਰਾਸ਼ਟਰੀ ਖੇਡਾਂ ਵਿਚ ਸ਼ਾਮਲ ਕਰਨ ਦਾ ਮੁੱਦਾ ਉਠਾਇਆ ਸੀ। ਸਾਹਨੀ ਨੇ ਕਿਹਾ ਕਿ ਉਹ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੁਆਰਾ ਉਨ੍ਹਾਂ ਦੀ ਬੇਨਤੀ ’ਤੇ ਵਿਚਾਰ ਕਰਨ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦੇ ’ਤੇ ਤੁਰੰਤ ਕਾਰਵਾਈ ਕਰਨ ਲਈ ਸ਼ਲਾਘਾ ਕਰਦੇ ਹਨ ਕਿ ਉਹਨਾਂ ਨੇ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਇਸ ਸਾਲ ਗੋਆ ਵਿਚ ਹੋ ਰਹੀਆਂ 37ਵੀਆਂ ਕੌਮੀ ਖੇਡਾਂ ਵਿਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ ਹੈ।

ਸਾਹਨੀ ਨੇ ਕਿਹਾ ਕਿ ਗੱਤਕਾ ਗੌਰਵਸ਼ਾਲੀ ਸਿੱਖ ਸੱਭਿਆਚਾਰ ਅਤੇ ਵਿਰਾਸਤ ਦਾ ਹਿੱਸਾ ਹੈ ਅਤੇ ਇਸ ਨੂੰ ਰਾਸ਼ਟਰੀ ਖੇਡਾਂ ਵਿਚ ਸ਼ਾਮਲ ਕਰਨਾ ਨਿਰਸੰਦੇਹ ਇੱਕ ਸਵਾਗਤਯੋਗ ਕਦਮ ਅਤੇ ਮਾਣ ਵਾਲੀ ਗੱਲ ਹੈ। ਪੰਜਾਬੀਆਂ ਨੇ ਲਗਭਗ ਹਰ ਖੇਡ ਵਿਚ ਮੋਹਰੀ ਹੋ ਕੇ ਅਗਵਾਈ ਕੀਤੀ ਹੈ। ਗੱਤਕਾ ਜੋ ਕਿ ਸਾਡੇ ਸੂਬੇ ਦੀ ਮੌਲਿਕ ਖੇਡ ਹੈ, ਉਸ ਵਿਚ ਪੰਜਾਬ ਜ਼ਰੂਰ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗਾ। 

ਇਸ ਖੇਡ ਬਾਰੇ ਗੱਲ ਕਰਦਿਆਂ ਸਾਹਨੀ ਨੇ ਕਿਹਾ ਕਿ ਗਤਕਾ ਮਾਰਸ਼ਲ ਆਰਟ ਦਾ ਇੱਕ ਰੂਪ ਹੈ ਜੋ ਮੁੱਖ ਤੌਰ ’ਤੇ ਸਿੱਖਾਂ ਨਾਲ ਜੁੜਿਆ ਹੋਇਆ ਹੈ। ਇਹ ਮਾਰਸ਼ਲ ਆਰਟ ਦੀ ਇੱਕ ਸ਼ੈਲੀ ਹੈ। ਗੱਤਕੇ ਦੇ ਸਿਧਾਂਤ ਅਤੇ ਤਕਨੀਕ ਸਿੱਖ ਗੁਰੂਆਂ ਦੁਆਰਾ ਸਿਖਾਈ ਗਈ ਸੀ। ਇਤਿਹਾਸ ਵਿਚ ਸਿੱਖ ਯੁੱਧਾਂ ਵਿਚ ਵੀ ਗਤਕੇ ਦੀ ਵਰਤੋਂ ਕੀਤੀ ਗਈ।

ਖੇਡ ਦਾ ਇਹ ਬ੍ਰਹਮ ਇਤਿਹਾਸ ਇਸ ਨੂੰ ਸਿਰਫ਼ ਸਰੀਰਕ ਕਸਰਤ ਤੱਕ ਹੀ ਸੀਮਿਤ ਨਹੀਂ ਰੱਖਦਾ ਸਗੋਂ ਅਧਿਆਤਮਿਕ ਵੀ ਬਣਾਉਂਦਾ ਹੈ।
ਸਾਹਨੀ ਨੇ ਇਹ ਵੀ ਕਿਹਾ ਕਿ ਹੁਣ ਜਦੋਂ ਅਸੀਂ ਗੱਤਕੇ ਨੂੰ ਰਾਸ਼ਟਰੀ ਪੱਧਰ 'ਤੇ ਲੈ ਕੇ ਜਾਣ ਦੇ ਮੀਲ ਪੱਥਰ 'ਤੇ ਪਹੁੰਚ ਚੁੱਕੇ ਹਾਂ ਤਾਂ ਸਾਡਾ ਅਗਲਾ ਨਿਸ਼ਾਨਾ ਇਸ ਨੂੰ ਅੰਤਰਰਾਸ਼ਟਰੀ ਖੇਡ ਬਣਾਉਣਾ ਹੈ ਅਤੇ ਅਸੀਂ ਇਸ ਨੂੰ ਸਿਰੇ ਚੜ੍ਹਾਉਣ ਲਈ ਆਪਣੇ ਯਤਨ ਜਾਰੀ ਰੱਖਾਂਗੇ।