ਪੰਜਾਬਣ ਨਰਸ ਦੀ ਦਰਦਨਾਕ ਕਹਾਣੀ : ‘ਮੇਰੀ ਮਾਂ ਮੈਨੂੰ ‘ਚਿੱਟਾ’ ਲਿਆ ਕੇ ਦਿੰਦੀ ਰਹੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਜਦੋਂ ਮੈਂ ਮਾਂ ਸਾਹਮਣੇ ਡਰੱਗ ਲੈਂਦੀ ਸੀ ਤਾਂ ਉਹ ਬਹੁਤ ਰੋਂਦੇ ਸਨ’

File Photo

ਮੋਹਾਲੀ (ਲੰਕੇਸ਼ ਤਿ੍ਰਖਾ, ਕੋਮਲਜੀਤ ਕੌਰ): ਭਾਵੇਂ ਬਹੁਤ ਸਾਰੀ ਨੌਜੁਆਨੀ ਨਸ਼ੇ ਦੀ ਲਤ ਕਾਰਨ ਗਲਤਾਨ ਹੋ ਰਹੀ ਹੈ ਪਰ ਜੇਕਰ ਇਰਾਦਾ ਮਜ਼ਬੂਤ ਹੋਵੇ ਤਾਂ ਬੁਰੀ ਤੋਂ ਬੁਰੀ ਆਦਤ ’ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਵਲੋਂ ਅਜਿਹੀ ਹੀ ਇਕ ਔਰਤ (ਪਛਾਣ ਗੁਪਤ ਰਖਦਿਆਂ) ਦੀ ਕਹਾਣੀ ਨੂੰ ਸਾਹਮਣੇ ਲਿਆਂਦਾ ਗਿਆ ਹੈ ਜਿਸ ਨੇ ਨਸ਼ਾ ਤਿਆਗ ਕੇ ਮੁੜ ਜ਼ਿੰਦਾਦਿਲੀ ਵਾਲੀ ਜ਼ਿੰਦਗੀ ਵਲ ਕਦਮ ਵਧਾਏ ਹਨ।

ਦਸਣਯੋਗ ਹੈ ਕਿ ਇਸ ਲੜਕੀ ਨੇ ਚੰਗੀ ਸਿਖਿਆ ਹਾਸਲ ਕੀਤੀ ਅਤੇ ਇਹ ਹਸਪਤਾਲ ਵਿਚ ਬਤੌਰ ਨਰਸ ਸੇਵਾਵਾਂ ਨਿਭਾਅ ਰਹੀ ਸੀ। ਸਪੋਕਸਮੈਨ ਦੀ ਟੀਮ ਨਾਲ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਗ਼ਲਤ ਸੰਗਤ ਕਾਰਨ ਉਹ ਨਸ਼ੇ ਦੀ ਆਦੀ ਹੋ ਗਈ ਸੀ। ਲੜਕੀ ਅਨੁਸਾਰ ਉਸ ਨੂੰ ਨਸ਼ੇ ਦੀ ਆਦਤ ਇਕ ਦਿਨ ਵਿਚ ਨਹੀਂ ਪਈ ਸਗੋਂ ਤਿੰਨ ਸਾਲ ਵਿਚ ਮਨ ਬਦਲਿਆ ਅਤੇ ਫਿਰ ਨਸ਼ਾ ਕਰਨਾ ਸ਼ੁਰੂ ਕੀਤਾ ਅਤੇ ਦਿਨ ਪ੍ਰਤੀ ਦਿਨ ਉਸ ਦੀ ਤਲਬ ਹੋਰ ਵਧਦੀ ਗਈ। ਲੜਕੀ ਦੇ ਦਸਣ ਮੁਤਾਬਕ ਉਹ ‘ਚਿੱਟੇ’ ਦਾ ਸੇਵਨ ਕਰਦੀ ਸੀ।

ਅਪਣੀ ਕਹਾਣੀ ਬਿਆਨ ਕਰਦਿਆਂ ਲੜਕੀ ਨੇ ਦਸਿਆ ਕਿ ਕੋਰੋਨਾ ਕਾਲ ਦੌਰਾਨ ਉਹ ਹਸਪਤਾਲ ਵਿਚ ਕੰਮ ਕਰਦੀ ਸੀ ਅਤੇ ਬਹੁਤ ਥਕਾਵਟ ਮਹਿਸੂਸ ਕਰਦੀ ਸੀ ਜਿਸ ਮਗਰੋਂ ਉਸ ਨੇ ਨਸ਼ਾ ਲੈਣਾ ਸ਼ੁਰੂ ਕੀਤਾ। ਸ਼ੁਰੂਆਤੀ ਦੌਰ ਵਿਚ ਸੱਭ ਕੁੱਝ ਸਾਧਾਰਨ ਸੀ ਅਤੇ ਥਕਾਵਟ ਆਦਿ ਦੂਰ ਕਰਨ ਲਈ ਪੈਰਾਸੀਟਾਮੋਲ ਦੀ ਗੋਲੀ ਖਾਂਦੀ ਰਹੀ। ਇਕ ਸਾਲ ਬਾਅਦ ਉਸ ਨੂੰ ਤੋੜ ਲਗਣੀ ਸ਼ੁਰੂ ਹੋ ਗਈ। ਜਿਸ ਦਿਨ ਨਸ਼ਾ ਨਾ ਮਿਲਦਾ ਤਾਂ ਉਸ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਅਤੇ ਨਸ਼ੇ ਦੀ ਤਲਬ ਰਹਿੰਦੀ। ਨਸ਼ਾ ਲੈਣ ਤੋਂ ਬਾਅਦ ਉਸ ਨੂੰ ਥਕਾਵਟ ਨਹੀਂ ਹੁੰਦੀ ਸੀ ਅਤੇ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀ। ਕੁੱਝ ਸਮਾਂ ਬੀਤਣ ਤੋਂ ਬਾਅਦ ਉਸ ਦੀ ਡੋਜ਼ ਵਧਦੀ ਗਈ।

ਲੜਕੀ ਨੇ ਅੱਗੇ ਦਸਿਆ ਕਿ ਉਸ ਨੇ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿਤਾ ਸੀ। ਉਸ ਨੇ ਦਸਿਆ ਕਿ ਕੁੱਝ ਸਮਾਂ ਤਾਂ ਮੈਂ ਪੈਸੇ ਇਕੱਠੇ ਕਰ ਕੇ ਨਸ਼ਾ ਲੈ ਲੈਂਦੀ ਸੀ ਪਰ ਜਦੋਂ ਨਸ਼ਾ ਮਿਲਣਾ ਬੰਦ ਹੋ ਗਿਆ। ਉਸ ਤੋਂ ਬਾਅਦ ਮੇਰੀ ਹਾਲਤ ਖ਼ਰਾਬ ਹੋ ਗਈ, ਮੈਂ ਬੈਡ ਤੋਂ ਵੀ ਹੇਠਾਂ ਨਹੀਂ ਉਤਰ ਸਕਦੀ ਸੀ। ਮੈਂ ਪੂਰੀ ਰਾਤ ਸਿਗਰਟ ਪੀਂਦੀ ਰਹਿੰਦੀ ਸੀ। ਮੇਰੇ ਕੋਲ ਕਈ ਵਾਰ ਜੀਭ ਵਾਲੀ ਗੋਲੀ ਵੀ ਹੁੰਦੀ ਸੀ। ਇਹ ਮੈਨੂੰ ਨਿਊਰੋ ਹਸਪਤਾਲ ਵਿਚੋਂ ਮਿਲ ਜਾਂਦੀ ਸੀ। ਉਹ ਗੋਲੀ ਖਾਣ ਤੋਂ ਬਾਅਦ ਸਰੀਰ ਦੀ ਤੋੜ ਖ਼ਤਮ ਹੋ ਜਾਂਦੀ ਸੀ। ਉਸ ਗੋਲੀ ਦੇ ਸਰੀਰ ’ਤੇ ਕਈ ਬੁਰੇ ਅਸਰ ਵੀ ਹੁੰਦੇ ਹਨ।

ਮੈਂ ਹਰ ਇਕ ਤਰ੍ਹਾਂ ਦੀਆਂ ਗੋਲੀਆਂ ਖਾ ਕੇ ਦੇਖ ਲਈਆਂ ਪਰ ਸਰੀਰ ਨੂੰ ਅਰਾਮ ਨਹੀਂ ਮਿਲਦਾ ਸੀ। ਜਦੋਂ ਵੀ ਮੇਰੇ ਕੋਲ ਪੈਸੇ ਇਕੱਠੇ ਹੁੰਦੇ ਮੈਂ ਡਰੱਗ ਹੀ ਲੈਂਦੀ ਸੀ”।
ਲੜਕੀ ਅਨੁਸਾਰ ਇਸ ਬਾਰੇ ਉਸ ਦੇ ਪ੍ਰਵਾਰ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਉਸ ਨੇ ਅਸਤੀਫ਼ਾ ਦੇਣ ਮਗਰੋਂ ਕਈ ਦਿਨ ਅਪਣੇ ਕਿਰਾਏ ਦੇ ਕਮਰੇ ਵਿਚ ਹੀ ਬਿਤਾਏ। ਉਸ ਨੇ ਕਾਫ਼ੀ ਸਮੇਂ ਬਾਅਦ ਅਪਣੀ ਮਾਂ ਨੂੰ ਇਸ ਬਾਰੇ ਦਸਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਕ-ਦੋ ਵਾਰ ਸ਼ੱਕ ਵੀ ਹੋਇਆ ਸੀ। ਲੜਕੀ ਅਨੁਸਾਰ ਇਕ ਦਿਨ ਉਸ ਨੇ ਖ਼ਰਾਬ ਸਿਹਤ ਦਾ ਬਹਾਨਾ ਬਣਾ ਕੇ ਅਪਣੇ ਮਾਤਾ ਤੋਂ ਪੈਸੇ ਮੰਗੇ ਪਰ ਉਨ੍ਹਾਂ ਨੇ ਪੈਸੇ ਭੇਜਣ ਦੀ ਬਜਾਏ ਕਿਹਾ ਕਿ ਉਹ ਖ਼ੁਦ ਆ ਕੇ ਦਵਾਈ ਦਿਵਾਉਣਗੇ। ਅਗਲੇ ਦਿਨ ਜਦੋਂ ਉਹ ਉਸ ਨੂੰ ਮਿਲੇ ਤਾਂ ਲੜਕੀ ਨੇ ਉਨ੍ਹਾਂ ਨੂੰ ਦਸਿਆ ਕਿ ‘ਮੈਂ ਡਰੱਗ ਲੈ ਰਹੀ ਹਾਂ’।

ਲੜਕੀ ਨੇ ਅੱਗੇ ਦਸਿਆ ਕਿ ਉਨ੍ਹਾਂ ਦੇ ਮਾਤਾ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਦੀ ਦਵਾਈ ਚਲ ਰਹੀ ਹੈ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਰੋਏ, ਉਨ੍ਹਾਂ ਨੂੰ ਉਸ ਉਤੇ ਤਰਸ ਵੀ ਆ ਰਿਹਾ ਸੀ। ਹਾਲਾਤ ਅਜਿਹੇ ਬਣ ਗਏ ਸਨ ਕਿ ਉਨ੍ਹਾਂ ਦੇ ਮਾਤਾ ਨੂੰ ਉਨ੍ਹਾਂ ਲਈ ਚਿੱਟਾ ਖ਼੍ਰੀਦਣ ਜਾਣਾ ਪੈਂਦਾ ਸੀ, ਇਹ ਚਿੱਟਾ 3000 ਰੁਪਏ ਦਾ ਆਉਂਦਾ ਸੀ ਅਤੇ ਉਹ ਤੀਜੇ ਦਿਨ ਖ਼ਤਮ ਹੋ ਜਾਂਦਾ ਸੀ। ਲੜਕੀ ਨੇ ਦਸਿਆ,‘‘ਜਦੋਂ ਮੈਂ ਅਪਣੀ ਮਾਂ ਦੇ ਸਾਹਮਣੇ ਚਿੱਟਾ ਲੈਂਦੀ ਸੀ ਤਾਂ ਉਹ ਬਹੁਤ ਰੌਂਦੇ ਸਨ।

ਇਕ ਦਿਨ ਉਸ ਦੀ ਮਾਂ ਨੇ ਇਥੋਂ ਤਕ ਕਹਿ ਦਿਤਾ ਸੀ ਕਿ ਹੁਣ ਮੈਂ ਚਿੱਟਾ ਨਹੀਂ ਲੈ ਕੇ ਦੇਵਾਂਗੀ, ਚਾਹੇ ਜੋ ਮਰਜ਼ੀ ਹੋ ਜਾਵੇ। ਇਸ ਤੋਂ ਬਾਅਦ ਜਦੋਂ ਸਿਹਤ ਜ਼ਿਆਦਾ ਖ਼ਰਾਬ ਹੋਈ ਤਾਂ ਉਸ ਦੇ ਭਰਾ ਨੂੰ ਪਤਾ ਲੱਗ ਗਿਆ।’’ ਲੜਕੀ ਨੇ ਦਸਿਆ ਕਿ ਉਸ ਦੇ ਭਰਾ ਨੇ ਕਈ ਵਾਰ ਅਫ਼ੀਮ ਵੀ ਲਿਆ ਕੇ ਦਿਤੀ ਪਰ ਕੋਈ ਅਸਰ ਨਹੀਂ ਹੋਇਆ। ਮੈਂ ਕਈ ਦਿਨਾਂ ਤਕ ਸੌਂਦੀ ਵੀ ਨਹੀਂ ਸੀ। ਇਸ ਸੱਭ ਦੌਰਾਨ ਪੈਸੇ ਦੀ ਬਹੁਤ ਬਰਬਾਦੀ ਹੋਈ। ਇਕ ਦਿਨ ਦਾ ਖ਼ਰਚਾ 3000 ਰੁਪਏ (ਇਕ ਗ੍ਰਾਮ) ਆਉਂਦਾ ਸੀ, ਜੋ ਕਈ ਵਾਰ 6000 ਰੁਪਏ ਤਕ ਵੀ ਵਧਿਆ। 

ਲੜਕੀ ਨੇ ਦਸਿਆ ਕਿ ਉਸ ਨੇ ਸੋਚਿਆ ਸੀ ਕਿ ਅਖ਼ੀਰ ਵਿਚ ਮੈਂ ਅੱਧਾ ਗ੍ਰਾਮ ਆਈਵੀ (ਇੰਟਰਾ ਵੇਨਸ ਇੰਜੈਕਸ਼ਨ) ਲੈ ਲਵਾਂਗੀ ਅਤੇ ਅਪਣੇ-ਆਪ ਨੂੰ ਖ਼ਤਮ ਕਰ ਲਵਾਂਗੀ। ਉਸ ਨੇ ਦਸਿਆ ਕਿ ਜਦੋਂ ਮੈਂ ਡਰੱਗ ਲੈ ਰਹੀ ਸੀ ਤਾਂ ਮੇਰੇ ਚਿਹਰੇ ਤੋਂ ਪਤਾ ਲਗਦਾ ਸੀ ਕਿ ਮੈਂ ਨਸ਼ੇ ਦੀ ਆਦੀ ਹਾਂ ਕਿਉਂਕਿ ਚਿਹਰਾ ਖ਼ਰਾਬ ਹੋ ਰਿਹਾ ਸੀ।
ਇਸ ਮਗਰੋਂ ਉਨ੍ਹਾਂ ਦੇ ਜਾਣਕਾਰ ਡਾ. ਪਰਮਿੰਦਰ ਸਿੰਘ ਨੇ ਲੜਕੀ ਦੀ ਕਾਊਂਸਲਿੰਗ ਕੀਤੀ ਅਤੇ ਦਵਾਈਆਂ ਦਿਤੀਆਂ। ਉਨ੍ਹਾਂ ਦਸਿਆ“ਪਹਿਲੇ ਦਿਨ ਹੀ ਉਸ ਦਵਾਈ ਨਾਲ ਥੋੜ੍ਹੀ ਰਾਹਤ ਮਿਲੀ ਅਤੇ ਮੈਨੂੰ ਸਹੀ ਨੀਂਦ ਆਉਣ ਲੱਗੀ। ਉਸੇ ਦਿਨ ਮੈਂ ਸੋਚਿਆ ਕਿ ਮੈਂ ਇਹ ਕੋਰਸ ਪੂਰਾ ਕਰਾਂਗੀ, ਹੁਣ ਮੈਨੂੰ ਨਸ਼ਾ ਛੱਡੇ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ”।

ਉਸ ਨੇ ਦਸਿਆ ਕਿ ਸੱਭ ਤੋਂ ਜ਼ਰੂਰੀ ਹੈ ਕਿ ਸਾਨੂੰ ਅਪਣੇ ਦਿਮਾਗ਼ ਨੂੰ ਤਿਆਰ ਕਰਨਾ ਹੋਵੇਗਾ ਤਾਂ ਹੀ ਅਸੀਂ ਇਸ ਤੋਂ ਛੁਟਕਾਰਾ ਪਾ ਸਕਾਂਗੇ। ਨਸ਼ੇ ਦੀ ਦਲਦਲ ਵਿਚੋਂ ਬਾਹਰ ਨਿਕਲੀ ਇਸ ਲੜਕੀ ਦਾ ਕਹਿਣਾ ਹੈ ਕਿ ਉਹ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਉਸ ਨੇ ਕਿਹਾ ਕਿ ਇਹ ਜੰਗ ਜਿੱਤਣ ਮਗਰੋਂ ਮੈਨੂੰ ਅਪਣੇ ਆਪ ’ਤੇ ਇੰਨਾ ਜ਼ਿਆਦਾ ਯਕੀਨ ਹੋ ਗਿਆ ਹੈ ਕਿ ਜੇਕਰ ਮੈਂ ਨਸ਼ਾ ਛੱਡ ਸਕਦੀ ਹਾਂ ਤਾਂ ਜ਼ਿੰਦਗੀ ਵਿਚ ਕੋਈ ਵੀ ਮੁਕਾਮ ਹਾਸਲ ਕਰ ਸਕਦੀ ਹਾਂ।