Punjab News: ਹੰਸ ਰਾਜ ਹੰਸ ਵਲੋਂ ਕਿਸਾਨਾਂ ਵਿਰੁਧ ਟਿਪਣੀਆਂ ਦਾ ਮਾਮਲਾ ਮੁੱਖ ਚੋਣ ਕਮਿਸ਼ਨਰ ਕੋਲ ਪਹੁੰਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੋਪਾਰਾਏ ਤੇ ਡਾ. ਰੰਧਾਵਾ ਸਮੇਤ ਕਈ ਜਥੇਬੰਦੀਆਂ ਨੇ ਕੀਤੀ ਸ਼ਿਕਾਇਤ

Hans Raj Hans

Punjab News: ਫ਼ਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵਲੋਂ ਕਿਸਾਨਾਂ ਬਾਰੇ ਕੀਤੀਆਂ ਤਿਖੀਆਂ ਟਿਪਣੀਆਂ ਦਾ ਮਾਮਲਾ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਪੰਜਾਬ ਦੇ ਸਾਬਕਾ ਆਈਏਐਸ ਸਵਰਨ ਸਿੰਘ ਬੋਪਾਰਾਏ ਅਤੇ ਡਾ.ਮਨਜੀਤ ਸਿੰਘ ਰੰਧਾਵਾ ਦੀ ਅਗਵਾਈ ਵਾਲੀਆਂ ਕਿਰਤੀ ਕਿਸਾਨ ਯੂਨੀਅਨ, ਲੋਕ ਰਾਜ ਤੇ ਹੋਰ ਕਈ ਜਥੇਬੰਦੀਆਂ ਨੇ ਮੁੱਖ ਚੋਣ ਕਮਿਸ਼ਨਰ ਤੋਂ ਇਲਾਵਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਈ ਮੇਲ ਰਾਹੀਂ ਸ਼ਿਕਾਇਤ ਭੇਜ ਕੇ ਹੰਸ ਰਾਜ ਹੰਸ ਵਲੋਂ ਕਿਸਾਨਾਂ ਵਿਰੁਧ ਭੜਕਾਉ ਅਤੇ ਘ੍ਰਿਣਾ ਭਰੀਆਂ ਟਿਪਣੀਆਂ ਕਰਨ ਵਿਰੁਧ ਚੋਣ ਜ਼ਾਬਤਾ ਦੇ ਉਲੰਘਣ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਕੀਤੀ ਹੈ।

ਹੰਸ ਰਾਜ ਹੰਸ ਨੇ ਫ਼ਰੀਦਕੋਟ ’ਚ ਇਕ ਚੋਣ ਮੀਟਿੰਗ ਦੌਰਾਨ ਕਿਸਾਨਾਂ ਬਾਰੇ ਟਿਪਣੀਆਂ ਕਰਦੇ ਹੋਏ ਕਿਹਾ ਕਿ ਸ਼ਰਾਫ਼ਤ ਦਾ ਤਾਂ ਸਮਾਂ ਹੀ ਨਹੀਂ ਰਿਹਾ ਅਤੇ ਮੈਂ ਤਾਂ ਅਪਣਾ ਸਿਰ ਵੀ ਕਿਸਾਨਾਂ ਅੱਗੇ ਝੁਕਾ ਦਿਤਾ ਸੀ। ਉਨ੍ਹਾਂ ਵਿਰੋਧ ਕਰ ਰਹੇ ਕਿਸਾਨ ਆਗੂਆਂ ਨੂੰ ਵਿਦੇਸ਼ੀ ਫ਼ੰਡਿੰਗ ਆਉਣ ਦਾ ਦੋਸ਼ ਲਾਉਂਦਿਆਂ ਇਥੋਂ ਤਕ ਕਹਿ ਦਿਤਾ ਕਿ ਇਨ੍ਹਾਂ ਨੇੇ ਛਿੱਤਰ ਖਾਧੇ ਬਿਨਾ ਬੰਦੇ ਨਹੀਂ ਬਣਨਾ। ਉਨ੍ਹਾਂ ਕਿਹਾ ਕਿ 2 ਜੂਨ ਤੋਂ ਬਾਅਦ ਮੈਂ ਦੇਖ ਲਵਾਂਗਾ ਕਿ ਕਿਹੜਾ ਖੱਬੀ ਖ਼ਾਨ ਖੰਘਦਾ ਹੈ।

ਬੋਪਰਾਏ ਤੇ ਡਾ.ਰੰਧਾਵਾ ਵਲੋਂ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ’ਚ ਕਿਹਾ ਕਿ  ਹੰਸ ਰਾਜ ਹੰਸ ਵਲੋਂ ਕੀਤੀਆਂ ਟਿਪਣੀਆਂ ਬਹੁਤ ਹੀ ਭੜਕਾਊ ਤੇ ਹਿੰਸਾ ਲਈ ਉਕਸਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣਾ ਕਿਸਾਨਾਂ ਦਾ ਹੱਕ ਹੈ ਪਰ ਹੰਸ ਰਾਜ ਹੰਸ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਕਿਸਾਨਾਂ ਨੂੰ ਸਿੱਧੀਆਂ ਧਮਕੀਆਂ ਦੇਣ ਲੱਗ ਪਏ ਹਨ। ਇਸ ਨਾਲ ਮਾਹੌਲ ਖ਼ਰਾਬ ਹੋਣ ਕਰ ਕੇ ਚੋਣਾਂ ’ਚ ਵਿਘਣ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਦੀਆਂ ਟਿਪਣੀਆਂ ਬੀਮਾਰ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ ਤੇ ਸ਼ਾਂਤਮਈ ਚੋਣਾਂ ਲਈ ਇਸ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਡੱਬੀ

ਹੰਸ ਰਾਜ ਹੰਸ ਦੇ ਡਰਾਵੇ ਕਿਸਾਨਾਂ ਨੂੰ ਰੋਕ ਨਹੀਂ ਸਕਦੇ : ਲੱਖੋਵਾਲ

ਸੰਯਕੁਤ ਕਿਸਾਨ ਮੋਰਚੇ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਵੀ ਹੰਸ ਰਾਜ ਹੰਸ ਦੀਆਂ ਟਿਪਣੀਆਂ ਵਿਰੁਧ ਸਖ਼ਤ ਪ੍ਰਤੀਕਰਮ ਦਿੰਦੇ ਹੋਵੇ ਕਿਹਾ ਕਿ ਅਜਿਹੇ ਡਰਾਵੇ ਕਿਸਾਨਾਂ ਨੂੰ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਤਾਂ ਦਿੱਲੀ ’ਚ ਪ੍ਰਧਾਨ ਮੰਤਰੀ ਮੋਦੀ ਵੀ ਨਹੀਂ ਸੀ ਰੋਕ ਸਕਿਆ ਅਤੇ ਕਿਸਾਨਾਂ ਅੱਗੇ ਝੁਕ ਕੇ ਖੇਤੀ ਕਾਨੂੰਨ ਵਾਪਸ ਲਏ ਸਨ ਤਾਂ ਹੰਸ ਰਾਜ ਹੰਸ ਕੀ ਚੀਜ਼ ਹੈ। ਉਨ੍ਹਾਂ ਕਿਹਾ ਕਿ ਹੰਸ ਕੋਲ ਇਕ ਕਰੋੜ ਦੀ ਕਾਰ ਹੈ ਤੇ 12 ਕਰੋੜ ਰੁਪਏ ਦੀ ਕੋਠੀ ਹੈ ਅਪਣੇ ਆਪ ਨੂੰ ਗ਼ਰੀਬ ਦਸਕੇ ਕਿਸਾਨਾਂ ਉਪਰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਇਹ ਕਿਥੋਂ ਦਾ ਗ਼ਰੀਬ ਹੈ ਉਨ੍ਹਾਂ ਕਿਹਾ ਕਿ ਸਵਾਲ ਪੁੱਛਣ ਲਈ ਕਿਸਾਨਾਂ ਦਾ ਸ਼ਾਂਤਮਈ ਵਿਰੋਧ ਜਾਰੀ ਰਹੇਗਾ।