ਪੰਜਾਬ ਸਮੇਤ ਉੱਤਰ-ਪੱਛਮ ਭਾਰਤ ’ਚ ਅਗਲੇ ਪੰਜ ਦਿਨਾਂ ਤਕ ਪਵੇਗੀ ਭਿਆਨਕ ਗਰਮੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਮੌਸਮ ਵਿਭਾਗ ਨੇ ਸਿਹਤ ਦੇ ਨਜ਼ਰੀਏ ਤੋਂ ‘ਸੰਵੇਦਨਸ਼ੀਲ ਲੋਕਾਂ ਲਈ ਬਹੁਤ ਜ਼ਿਆਦਾ ਦੇਖਭਾਲ’ ਦੀ ਜ਼ਰੂਰਤ ’ਤੇ ਜ਼ੋਰ ਦਿਤਾ
ਨਵੀਂ ਦਿੱਲੀ: ਉੱਤਰ-ਪਛਮੀ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਗਰਮੀ ਦਾ ਕਹਿਰ ਅਗਲੇ ਪੰਜ ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸੱਭ ਤੋਂ ਵੱਧ ਪ੍ਰਭਾਵਤ ਹੋ ਸਕਦੇ ਹਨ।
ਉੱਤਰ ਭਾਰਤ ਦੇ ਕਈ ਹਿੱਸੇ ਸ਼ੁਕਰਵਾਰ ਨੂੰ ਭਿਆਨਕ ਗਰਮੀ ਦੀ ਚਪੇਟ ’ਚ ਰਹੇ, ਪਛਮੀ ਦਿੱਲੀ ਦੇ ਨਜਫਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜੋ ਦੇਸ਼ ’ਚ ਇਸ ਸੀਜ਼ਨ ’ਚ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ।
ਇਸ ਤੋਂ ਇਲਾਵਾ ਹਰਿਆਣਾ ਦੇ ਸਿਰਸਾ ’ਚ ਵੱਧ ਤੋਂ ਵੱਧ ਤਾਪਮਾਨ 47.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 30 ਅਪ੍ਰੈਲ ਨੂੰ ਪਛਮੀ ਬੰਗਾਲ ਦੇ ਕਲਾਈਕੁੰਡਾ ’ਚ ਵੱਧ ਤੋਂ ਵੱਧ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸਨਿਚਰਵਾਰ ਨੂੰ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪਛਮੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਲੂ ਅਤੇ ਅਗਲੇ ਤਿੰਨ ਦਿਨਾਂ ਦੌਰਾਨ ਪੂਰਬੀ ਅਤੇ ਮੱਧ ਖੇਤਰਾਂ ’ਚ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਨੇ ਦਿੱਲੀ, ਹਰਿਆਣਾ, ਪੰਜਾਬ ਅਤੇ ਪਛਮੀ ਰਾਜਸਥਾਨ ਲਈ ‘ਰੈੱਡ’ ਅਲਰਟ ਜਾਰੀ ਕੀਤਾ ਹੈ, ਜਿਸ ’ਚ ਸਿਹਤ ਦੇ ਨਜ਼ਰੀਏ ਤੋਂ ‘ਸੰਵੇਦਨਸ਼ੀਲ ਲੋਕਾਂ ਲਈ ਬਹੁਤ ਜ਼ਿਆਦਾ ਦੇਖਭਾਲ’ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਹੈ।
ਆਈ.ਐਮ.ਡੀ. ਨੇ ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ’ਚ ਬੱਚਿਆਂ, ਬਜ਼ੁਰਗਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਸਮੇਤ ਕਮਜ਼ੋਰ ਲੋਕਾਂ ਲਈ ‘ਉੱਚ ਸਿਹਤ ਦੇਖਭਾਲ’ ’ਤੇ ਜ਼ੋਰ ਦਿਤਾ ਗਿਆ ਹੈ।
ਆਮ ਚੋਣਾਂ ਨੇੜੇ ਹੋਣ ਦੇ ਮੱਦੇਨਜ਼ਰ ਮਾਹਰਾਂ ਨੇ ਚਿਤਾਵਨੀ ਦਿਤੀ ਹੈ ਕਿ ਲੰਮੇ ਸਮੇਂ ਤਕ ਧੁੱਪ ਦੇ ਸੰਪਰਕ ’ਚ ਰਹਿਣ ਵਾਲੇ ਜਾਂ ਭਾਰੀ ਕੰਮ ਕਰਨ ਵਾਲੇ ਲੋਕਾਂ ’ਚ ਗਰਮੀ ਨਾਲ ਜੁੜੀਆਂ ਬੀਮਾਰੀਆਂ ’ਚ ਵਾਧਾ ਹੋ ਸਕਦਾ ਹੈ।
ਅਮਰੀਕਾ ਸਥਿਤ ਜਲਵਾਯੂ ਵਿਗਿਆਨੀਆਂ ਦੇ ਸਮੂਹ ਕਲਾਈਮੇਟ ਸੈਂਟਰਲ ਨੇ ਕਿਹਾ ਕਿ ਭਾਰਤ ’ਚ 54.3 ਕਰੋੜ ਲੋਕ 18-21 ਮਈ ਦੌਰਾਨ ਘੱਟੋ-ਘੱਟ ਇਕ ਦਿਨ ਲਈ ਬਹੁਤ ਜ਼ਿਆਦਾ ਗਰਮੀ ਦਾ ਅਹਿਸਾਸ ਕਰਨਗੇ।
ਕਲਾਈਮੇਟ ਸੈਂਟਰਲ ਦੇ ਵਿਗਿਆਨ ਵਿਭਾਗ ਦੇ ਉਪ ਪ੍ਰਧਾਨ ਐਂਡਰਿਊ ਪਰਸ਼ਿੰਗ ਨੇ ਕਿਹਾ, ‘‘ਮਨੁੱਖੀ ਕਾਰਨ ਪੈਦਾ ਜਲਵਾਯੂ ਤਬਦੀਲੀ ਨੇ ਇਸ ਭਿਆਨਕ ਗਰਮੀ ਨੂੰ ਹੋਰ ਗੰਭੀਰ ਬਣਾ ਦਿਤਾ ਹੈ। ਰਾਤ ਦੇ ਸਮੇਂ ਉੱਚ ਤਾਪਮਾਨ ਜਲਵਾਯੂ ਤਬਦੀਲੀ ਨੂੰ ਖਾਸ ਤੌਰ ’ਤੇ ਖਤਰਨਾਕ ਬਣਾਉਂਦਾ ਹੈ।’’
ਕੇਰਲ ’ਚ ਭਾਰੀ ਮੀਂਹ ਦੀ ਭਵਿੱਖਬਾਣੀ, 19 ਅਤੇ 20 ਮਈ ਲਈ ਕੁੱਝ ਜ਼ਿਲ੍ਹਿਆਂ ’ਚ ਰੈੱਡ ਅਲਰਟ ਜਾਰੀ
ਤਿਰੂਵਨੰਤਪੁਰਮ: ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸਨਿਚਰਵਾਰ ਨੂੰ ਕੇਰਲ ’ਚ ਆਉਣ ਵਾਲੇ ਦਿਨਾਂ ਦੌਰਾਨ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅਤੇ ਸੂਬੇ ਦੇ ਕੁੱਝ ਜ਼ਿਲ੍ਹਿਆਂ ’ਚ 19 ਅਤੇ 20 ਮਈ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ।
ਆਈ.ਐਮ.ਡੀ. ਨੇ ਪਠਾਨਮਿੱਟਾ, ਕੋਟਾਯਮ ਅਤੇ ਇਡੁੱਕੀ ਜ਼ਿਲ੍ਹਿਆਂ ਲਈ 19 ਅਤੇ 20 ਮਈ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਤਿਰੂਵਨੰਤਪੁਰਮ, ਕੋਲਮ, ਅਲਾਪੁਝਾ ਅਤੇ ਏਰਨਾਕੁਲਮ ਲਈ ਇਨ੍ਹਾਂ ਦੋ ਦਿਨਾਂ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ 21 ਮਈ ਲਈ ਨੌਂ ਜ਼ਿਲ੍ਹਿਆਂ ’ਚ ਓਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ’ਚੋਂ ਕੁੱਝ ’ਚ ਰੈੱਡ ਅਲਰਟ ਵਰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਭਵਿੱਖਬਾਣੀ ਕੀਤੀ ਗਈ ਸੀ ਕਿ 19 ਤੋਂ 22 ਮਈ ਦੇ ਵਿਚਕਾਰ ਕੇਰਲ ’ਚ ਇਕ ਜਾਂ ਦੋ ਥਾਵਾਂ ’ਤੇ ਤੇਜ਼ ਹਵਾਵਾਂ ਦੇ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਸਨਿਚਰਵਾਰ ਲਈ ਪਠਾਨਮਿੱਟਾ, ਇਡੁੱਕੀ ਅਤੇ ਮਲਾਪੁਰਮ ਜ਼ਿਲ੍ਹਿਆਂ ’ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
‘ਰੈੱਡ ਅਲਰਟ’ 24 ਘੰਟਿਆਂ ’ਚ 20 ਸੈਂਟੀਮੀਟਰ ਤੋਂ ਵੱਧ ਦੀ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦਾ ਸੰਕੇਤ ਦਿੰਦਾ ਹੈ, ਜਦਕਿ ਓਰੇਂਜ ਅਲਰਟ ਦਾ ਮਤਲਬ ਹੈ ਬਹੁਤ ਭਾਰੀ ਬਾਰਸ਼ (ਛੇ ਸੈਂਟੀਮੀਟਰ ਤੋਂ 20 ਸੈਂਟੀਮੀਟਰ)। ‘ਯੈਲੋ ਅਲਰਟ’ ਦਾ ਮਤਲਬ ਹੈ ਛੇ ਤੋਂ 11 ਸੈਂਟੀਮੀਟਰ ਦੇ ਵਿਚਕਾਰ ਭਾਰੀ ਬਾਰਸ਼।
ਆਈ.ਐਮ.ਡੀ. ਨੇ ਵੀਰਵਾਰ ਨੂੰ ਖੇਤਰ ’ਚ ਤੇਜ਼ ਪਛਮੀ ਅਤੇ ਦੱਖਣ-ਪਛਮੀ ਹਵਾਵਾਂ ਦੀ ਪ੍ਰਮੁੱਖਤਾ ਕਾਰਨ 18 ਤੋਂ 20 ਮਈ ਦੇ ਵਿਚਕਾਰ ਰਾਜ ’ਚ ਬਹੁਤ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।