ਬਾਬੇ ਨਾਨਕ ਦੀ ਯੂਨੀਵਰਸਟੀ ਪੱਧਰ ਦੀ ਫ਼ਿਲਾਸਫ਼ੀ ਨੂੰ ਪ੍ਰਚਾਰਨ ਦਾ ਕੰਮ ਪ੍ਰਾਇਮਰੀ ਸਕੂਲ ਦੇ ਟੀਚਰਾਂ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿੰਨੇ ਪੜ੍ਹੇ ਲੋਕਾਂ ਨੂੰ ਦੇ ਦਿਤਾ ਗਿਆ ਹੈ...

Jogendra Singh addressing to People

'ਉੱਚਾ ਦਰ ਬਾਬੇ ਨਾਨਕ ਦਾ' ਵਿਚ 550ਵੇਂ ਆਗਮਨ ਪੁਰਬ ਲਈ ਤਿਆਰੀ ਬਾਰੇ ਮੀਟਿੰਗ 
ਸ਼ੰਭੂ/ਬਪਰੌਰ, ਬਾਬੇ ਨਾਨਕ ਦੇ 550ਵੇਂ ਅਵਤਾਰ ਦਿਹਾੜੇ ਨੂੰ ਲੈ ਕੇ ਭਾਵੇਂ ਵੱਖ-ਵੱਖ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਸਿੰਘ ਸਭਾਵਾਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਸਭਾ-ਸੁਸਾਇਟੀਆਂ ਵਲੋਂ ਅਪਣੇ ਢੰਗ ਨਾਲ ਧਾਰਮਕ ਸਮਾਗਮ ਕਰਾਉਣ ਦੇ ਪ੍ਰੋਗਰਾਮ ਉਲੀਕੇ ਗਏ ਹਨ ਪਰ 'ਉੱਚਾ ਦਰ ਬਾਬੇ ਨਾਨਕ ਦਾ' ਦੀ ਸ਼ੁਰੂਆਤ ਇਤਿਹਾਸਿਕ ਤੇ ਮਿਸਾਲੀ ਹੋਵੇਗੀ। 

ਇਸ ਸਬੰਧੀ 'ਉੱਚਾ ਦਰ..' ਵਿਖੇ ਗਵਰਨਿੰਗ ਕੌਂਸਲ ਦੇ ਮੈਂਬਰਾਂ, ਮੁੱਖ ਸਰਪ੍ਰਸਤ, ਸਰਪ੍ਰਸਤ, ਲਾਈਫ਼ ਮੈਂਬਰਾਂ ਸਮੇਤ ਸਪੋਕਸਮੈਨ ਦੇ ਪਾਠਕਾਂ ਦੀ ਹੋਈ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਹਾਜ਼ਰੀਨ ਵਲੋਂ ਬਾਬੇ ਨਾਨਕ ਦੇ 550ਵੇਂ ਅਵਤਾਰ ਪੁਰਬ ਤੋਂ ਪਹਿਲਾਂ-ਪਹਿਲਾਂ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਮੁਕੰਮਲ ਕਰ ਕੇ ਚਾਲੂ ਕਰਨ ਦਾ ਪ੍ਰਣ ਕੀਤਾ ਗਿਆ। ਅਪਣੇ ਸੰਬੋਧਨ ਦੌਰਾਨ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਦਸਿਆ ਕਿ ਬਾਬੇ ਨਾਨਕ ਦੀ ਫ਼ਿਲਾਸਫ਼ੀ ਯੂਨੀਵਰਸਟੀ ਪੱਧਰ ਦੀ ਫ਼ਿਲਾਸਫ਼ੀ ਹੈ ਪਰ ਇਸ ਨੂੰ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਵਲੋਂ ਪ੍ਰਚਾਰਿਆ ਜਾ ਰਿਹਾ ਹੈ

ਜਿਸ ਕਾਰਨ ਇਸ ਦਾ ਵਿਕਾਸ ਰੁਕਿਆ ਹੋਇਆ ਹੈ। ਇਸ ਨੂੰ ਅਨਪੜ੍ਹ ਤੇ ਅਧਪੜ੍ਹ ਬਾਬਿਆਂ, ਜਥੇਦਾਰਾਂ ਅਤੇ ਗ੍ਰੰਥੀਆਂ ਤੋਂ ਖੋਹ ਕੇ ਯੂਨੀਵਰਸਟੀ ਪੱਧਰ ਦੀ ਗੱਲ ਕਰਨ ਵਾਲਿਆਂ ਨੂੰ ਇਹ ਕੰਮ ਸੌਂਪਣਾ ਪਵੇਗਾ। ਦੂਜੇ ਧਰਮਾਂ ਵਿਚ ਪੁਜਾਰੀ ਸ਼੍ਰੇਣੀ ਕੰਮ ਚਲਾ ਲੈਂਦੀ ਹੈ ਕਿਉਂਕਿ ਕਰਮ-ਕਾਂਡ ਦਾ ਪ੍ਰਚਾਰ ਕਰਨ ਲਈ ਪੁਜਾਰੀ ਸ਼੍ਰੇਣੀ ਹੀ ਕਾਫ਼ੀ ਹੁੰਦੀ ਹੈ। ਬਾਬੇ ਨਾਨਕ ਦੇ ਫ਼ਲਸਫ਼ੇ ਵਿਚ ਕਰਮ-ਕਾਂਡ ਹੈ ਈ ਨਹੀਂ,

ਇਸ ਲਈ ਜਦ ਇਸ ਨੂੰ ਪੁਜਾਰੀ ਸ਼੍ਰੇਣੀ, ਕਰਮ-ਕਾਂਡੀ ਅਤੇ ਗੋਲਕ ਧਾਰੀਆਂ ਹੱਥ ਫੜਾ ਦਿਤਾ ਜਾਂਦਾ ਹੈ ਤਾਂ ਜੋ ਹਾਲ ਐਮਏ ਦੇ ਵਿਦਿਆਰਥੀਆਂ ਨੂੰ ਪ੍ਰਾਇਮਰੀ ਦੇ ਅਧਿਆਪਕ ਕੋਲੋਂ ਪੜ੍ਹਾਈ ਕਰਵਾ ਕੇ ਹੋ ਜਾਂਦਾ ਹੈ, ਉਹੀ ਹਾਲ ਬਾਬੇ ਨਾਨਕ ਦੀ ਸਿੱਖੀ ਦਾ ਹੋਇਆ ਪਿਆ ਹੈ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਅੱਜ ਗੁਰਦਵਾਰਿਆਂ ਜਾਂ ਗੁਰੂ ਸਾਹਿਬਾਨ ਦੇ ਨਾਂਅ 'ਤੇ ਹੋ ਰਿਹਾ ਵਪਾਰ ਸਿੱਖੀ, ਸਿੱਖ ਸਿਧਾਂਤਾਂ, ਮਰਿਆਦਾ ਅਤੇ ਨਵੀਂ ਪੀੜ੍ਹੀ ਲਈ ਘਾਤਕ ਹੈ। 

ਸ. ਜੋਗਿੰਦਰ ਸਿੰਘ ਨੇ ਦੁਹਰਾਇਆ ਕਿ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ 'ਉੱਚਾ ਦਰ..' ਇਸ ਦੇ ਮੈਂਬਰਾਂ ਦਾ ਹੋਵੇਗਾ ਕਿਉਂਕਿ ਇਸ ਦੀ ਮਾਲਕੀ ਕਾਨੂੰਨੀ ਤੌਰ 'ਤੇ ਮੈਂਬਰਾਂ ਦੇ ਨਾਂਅ ਕਰ ਦਿਤੀ ਗਈ ਹੈ। ਉਨ੍ਹਾਂ ਦਸਿਆ, ' ਮੈਂ ਖ਼ੁਦ ਨੂੰ 'ਉੱਚਾ ਦਰ...' ਦਾ ਮੈਂਬਰ ਵੀ ਨਹੀਂ ਬਣਾਇਆ ਤਾਕਿ ਵਿਰੋਧੀਆਂ ਨੂੰ ਕੂੜ ਪ੍ਰਚਾਰ ਕਰਨ ਦਾ ਮੌਕਾ ਨਾ ਮਿਲੇ।'

ਉਨ੍ਹਾਂ ਹੋਰ ਕਿਹਾ ਕਿ 'ਉੱਚਾ ਦਰ...' ਦੀ ਸਫ਼ਲਤਾ ਲਈ ਇਸ ਦੇ 10 ਹਜ਼ਾਰ ਮੈਂਬਰ ਬਣਾਉਣੇ ਹੀ ਪੈਣਗੇ, ਜਿਵੇਂ ਪਹਿਲੇ ਦਿਨ ਹੀ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਹੁਣ ਸੁਝਾਅ ਦੇਣ ਦਾ ਸਮਾਂ ਨਹੀਂ ਬਲਕਿ ਮੈਂਬਰਸ਼ਿਪ ਪੂਰੀ ਕਰਨ ਵਾਸਤੇ ਕੁਰਬਾਨੀ ਅਤੇ ਮਿਹਨਤ ਦੀ ਲੋੜ ਹੈ। ਜਿਵੇਂ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਅਪਣੇ ਰਿਸ਼ਤੇਦਾਰਾਂ ਨੂੰ ਮੈਂਬਰ ਬਣਾਇਆ, ਕਈਆਂ ਨੇ ਬਾਂਡ ਵਾਪਸ ਕਰ ਦਿਤੇ ਤੇ ਕਿਸੇ ਨੇ ਵਿਆਜ ਛੱਡ ਦਿਤਾ ਪਰ ਇਸ ਦੇ ਬਾਵਜੂਦ ਵੀ ਬੈਂਕਾਂ ਤੋਂ, ਦੋਸਤਾਂ ਤੋਂ, ਰਿਸ਼ਤੇਦਾਰਾਂ ਤੋਂ ਅਤੇ ਜਾਣਕਾਰਾਂ ਤੋਂ ਕਰਜ਼ਾ ਲੈ ਕੇ ਕਰੋੜਾਂ ਰੁਪਏ ਖ਼ਰਚ ਕਰਨੇ ਪੈ ਰਹੇ ਹਨ

ਤਾਕਿ ਅਗਲੇ ਨਾਨਕ ਆਗਮਨ ਪੁਰਬ ਤਕ ਇਹ ਚਾਲੂ ਕੀਤਾ ਜਾ ਸਕੇ।  ਸ. ਜੋਗਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੇਸ਼ ਵਿਦੇਸ਼ 'ਚ ਵੱਖ-ਵੱਖ ਕੌਮਾਂ ਦੇ ਕਈ ਮਿਊਜ਼ੀਅਮ ਵੇਖੇ ਪਰ ਯਹੂਦੀਆਂ ਦੇ ਅਮਰੀਕਾ 'ਚ ਸਥਿਤ ਹਾਲੋਕਾਸਟ ਮਿਊਜ਼ੀਅਮ ਤੋਂ ਉਹ ਬਹੁਤ ਪ੍ਰਭਾਵਤ ਹੋਏ। ਭਾਵੇਂ ਉਕਤ ਮਿਊਜ਼ੀਅਮ ਉਤੇ ਅਰਬ ਰੁਪਏ ਤੋਂ ਵੀ ਜ਼ਿਆਦਾ ਖ਼ਰਚਾ ਹੋਣ ਬਾਰੇ ਪਤਾ ਲੱਗਾ ਪਰ ਉਨ੍ਹਾਂ ਉਸੇ ਤਰਜ਼ 'ਤੇ 'ਉੱਚਾ ਦਰ ਬਾਬੇ ਨਾਨਕ ਦਾ' ਬਣਾਉਣ ਦਾ ਫ਼ੈਸਲਾ ਕਰ ਲਿਆ।

ਬੇਸ਼ੱਕ ਉਨ੍ਹਾਂ ਦੇ ਨਾਂਅ ਇਕ ਗਜ਼ ਵੀ ਜ਼ਮੀਨ ਜਾਇਦਾਦ ਨਹੀਂ ਤੇ ਕੋਈ ਬੈਂਕ ਬੈਲੰਸ ਵੀ ਨਹੀਂ ਤੇ ਇਲਾਜ ਲਈ ਵੀ ਬੈਂਕ ਤੋਂ ਕਰਜ਼ਾ ਚੁਕਣਾ ਪੈਂਦੈ ਜਾਂ ਦੋਸਤ-ਮਿੱਤਰਾਂ ਤੋਂ ਉਧਾਰ ਪੈਸੇ ਲੈਣੇ ਪੈਂਦੇ ਹਨ ਪਰ ਫਿਰ ਵੀ 'ਉੱਚਾ ਦਰ..' ਬਣਾਉਣ ਦਾ ਇਰਾਦਾ ਦ੍ਰਿੜ ਕਰ ਲਿਆ ਜੋ ਵਾਹਿਗੁਰੂ ਦੀ ਮਿਹਰ ਅਤੇ ਆਪ ਦੇ ਸਹਿਯੋਗ ਨਾਲ ਸਿਰੇ ਚੜ੍ਹਨ ਨੇੜੇ ਪੁੱਜ ਗਿਆ ਹੈ।

ਉਨ੍ਹਾਂ ਦਸਿਆ ਕਿ ਬਾਬੇ ਨਾਨਕ ਦੀ ਬਾਣੀ ਦੇ ਅਸਲ ਅਰਥ ਕਰਨ ਵਾਲਿਆਂ ਨੇ ਇਸ ਨੂੰ ਮੱਥੇ ਟਿਕਾਉਣ, ਪ੍ਰਸ਼ਾਦ ਦੇ ਕੇ ਸੰਗਤ ਨੂੰ ਬਾਹਰ ਭੇਜ ਦੇਣ ਵਾਲਾ ਧੰਦਾ ਬਣਾ ਲਿਆ ਹੈ ਜਿਸ ਲਈ ਸੋਚ ਵਿਚਾਰ ਕਰਨ ਅਤੇ ਅਜਿਹੀਆਂ ਹੋਰ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਦੇ ਹੱਲ ਵਾਸਤੇ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। ਅਕਾਲ ਤਖ਼ਤ ਨੂੰ ਥਾਣਾ ਜਾਂ ਕਚਹਿਰੀ ਬਣਾਉਣ ਦੀ ਜਥੇਦਾਰਾਂ ਦੀ ਸੋਚ ਦਾ ਹਵਾਲਾ ਦਿੰਦਿਆਂ ਸ. ਜੋਗਿੰਦਰ ਸਿੰਘ ਨੇ ਦਸਿਆ ਕਿ ਹਰਨੇਕ ਸਿੰਘ ਨੇਕੀ ਨੂੰ ਪੰਥ 'ਚੋਂ ਛੇਕਣ ਦਾ ਕੰਮ ਕੋਈ ਨਵਾਂ ਨਹੀਂ, ਇਹ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਜਾਰੀ ਹੈ

ਪਰ ਅਫ਼ਸੋਸ ਕਿ ਤਥਾ ਕਥਿਤ ਉਕਤ ਜਥੇਦਾਰ ਕਿਸੇ ਦੇ ਸਵਾਲ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਰਖਦੇ ਬਲਕਿ ਉਸ ਵਿਰੁਧ ਛੇਕੂ ਹੁਕਮਨਾਮਾ ਜਾਰੀ ਕਰ ਕੇ ਪੰਥ 'ਚ ਨਵਾਂ ਵਿਵਾਦ ਖੜਾ ਕਰ ਦਿੰਦੇ ਹਨ। ਉਨ੍ਹਾਂ ਦਸਿਆ ਕਿ ਦੇਸ਼ ਵਿਦੇਸ਼ 'ਚ ਚਰਚ ਵਿਕਣੇ ਸ਼ੁਰੂ ਹੋ ਗਏ ਹਨ ਕਿਉਂਕਿ ਉਥੇ ਕੋਈ ਨਹੀਂ ਸੀ ਆਉਂਦਾ ਤੇ ਅੱਜ ਗੁਰਦਵਾਰਿਆਂ 'ਚ ਵੀ ਕਿਸੇ ਖਾਸ ਪ੍ਰੋਗਰਾਮ ਜਾਂ ਦਿਹਾੜੇ ਤੋਂ ਬਿਨਾਂ ਸੰਗਤ ਦੀ ਆਮਦ ਨਾਂਮਾਤਰ ਹੁੰਦੀ ਹੈ। 

ਪ੍ਰੋ. ਇੰਦਰ ਸਿੰਘ ਘੱਗਾ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਨਾਲ ਮੀਟਿੰਗ ਦੀ ਸ਼ੁਰੂਆਤ ਹੋਈ ਤੇ ਬਲਵਿੰਦਰ ਸਿੰਘ ਅੰਬਰਸਰੀਆ ਨੇ 'ਉੱਚਾ ਦਰ..' ਦੀ ਜਲਦ ਉਸਾਰੀ ਦੇ ਮਾਮਲੇ 'ਚ ਦਸ ਹਜ਼ਾਰ ਮੈਂਬਰਾਂ ਦਾ ਟੀਚਾ ਪੂਰਾ ਕਰਨ ਲਈ ਹਾਜ਼ਰੀਨ ਦਾ ਸਹਿਯੋਗ ਮੰਗਿਆ ਤਾਂ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਅਗਲੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਮੈਂਬਰਸ਼ਿਪ ਦੇ ਰੂਪ 'ਚ ਜਾਂ ਬੈਂਕ ਤੋਂ ਕਰਜ਼ਾ ਲੈ ਕੇ ਵੀ ਉਹ ਆਪੋ ਅਪਣੇ ਵਾਅਦੇ ਵਾਲੀ ਰਕਮ ਜਮ੍ਹਾਂ ਕਰਾਉਣਗੇ। ਉਨ੍ਹਾਂ ਦਸਿਆ ਕਿ ਸਾਡੇ ਕੋਲ ਬਾਬੇ ਨਾਨਕ ਦੀ ਬਾਣੀ ਦੇ ਰੂਪ 'ਚ ਬਹੁਤ ਵੱਡਾ ਖ਼ਜ਼ਾਨਾ ਹੈ

ਪਰ ਉਕਤ ਬਾਣੀ ਨੂੰ ਰੁਮਾਲਿਆਂ 'ਚ ਢੱਕ ਕੇ ਤੇ ਆਮ ਸੰਗਤ ਨੂੰ ਉਕਤ ਫ਼ਲਸਫ਼ੇ ਤੋਂ ਵਾਂਝਾ ਰੱਖਣ ਵਾਲੇ ਜਥੇਦਾਰਾਂ ਤੇ ਉਨ੍ਹਾਂ ਦੇ ਪਿੱਛਲਗਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ 'ਉੱਚ ਦਰ..' ਵਿਖੇ ਬਾਬੇ ਨਾਨਕ ਦੀ ਬਾਣੀ ਗੂੰਜੇਗੀ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਅਤੇ 'ਉੱਚਾ ਦਰ..' ਨੂੰ ਆ ਰਹੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਦਾ ਜ਼ਿਕਰ ਕੀਤਾ।

ਉਂਕਾਰ ਸਿੰਘ ਜੰਮੂ ਤੇ ਭੁਪਿੰਦਰ ਸਿੰਘ ਜੰਮੂ ਨੇ ਮੰਨਿਆ ਕਿ ਇਸ ਤਰ੍ਹਾਂ ਦੇ 'ਉੱਚਾ ਦਰ..' ਦੀ ਵਰਤਮਾਨ ਸਮੇਂ 'ਚ ਬਹੁਤ ਲੋੜ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਗਲੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਉਹ ਵੱਧ ਤੋਂ ਵੱਧ ਮੈਂਬਰ ਬਣਾ ਕੇ ਬਣਦੀ ਰਕਮ ਜਮ੍ਹਾਂ ਕਰਾਉਣਗੇ। ਕਰਨਲ ਅਮਰਜੀਤ ਸਿੰਘ ਗੋਇੰਦਵਾਲ ਸਾਹਿਬ ਅਤੇ ਐਸਡੀਓ ਜੋਗਿੰਦਰ ਸਿੰਘ ਜਲੰਧਰ ਨੇ ਕਿਹਾ ਕਿ ਸਾਡੀ ਖ਼ੁਸ਼ਕਿਸਮਤੀ ਮੰਨੀ ਜਾਵੇਗੀ ਕਿ ਐਨਾ ਵੱਡਾ ਵਿਦਵਾਨ ਅਪਣਾ ਸੁੱਖ ਆਰਾਮ ਤਿਆਗ਼ ਕੇ ਸਾਨੂੰ ਐਨੀ ਵੱਡੀ ਚੀਜ ਦੇ ਰਿਹੈ ਪਰ ਬਦਕਿਸਮਤੀ ਕਿ ਸਾਡੀ ਕੌਮ ਨੇ ਕਦੇ ਵਿਦਵਾਨਾਂ ਦੀ ਕਦਰ ਨਹੀਂ ਪਾਈ।

ਕਸ਼ਮੀਰ ਸਿੰਘ ਮੁਕਤਸਰ ਅਤੇ ਮਹਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਅੱਜ ਸੱਚ ਨਾਲ ਤੁਰਨ ਨੂੰ ਕੋਈ ਤਿਆਰ ਨਹੀਂ। ਸ. ਜੋਗਿੰਦਰ ਸਿੰਘ ਦੀ ਕੁਰਬਾਨੀ, ਪੰਜਾਬ, ਪੰਜਾਬੀ, ਪੰਜਾਬੀਅਤ, ਪੰਥ ਅਤੇ ਸਿੱਖ ਕੌਮ ਨੂੰ ਦੇਣ ਕਦੇ ਵੀ ਭੁਲਾਈ ਨਹੀਂ ਜਾ ਸਕੇਗੀ ਕਿਉਂਕਿ ਕੋਈ ਵਿਦਵਾਨ ਡਰ ਗਿਆ ਤੇ ਕਿਸੇ ਨੇ ਅਪਣੀ ਜ਼ਮੀਰ ਗਹਿਣੇ ਧਰ ਦਿਤੀ ਪਰ ਕਈ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਦੇ ਬਾਵਜੂਦ ਵੀ ਸ. ਜੋਗਿੰਦਰ ਸਿੰਘ ਨੇ ਸਿਧਾਂਤਾਂ ਨਾਲ ਸਮਝੌਤਾ ਨਾ ਕੀਤਾ।

ਮਨਜੀਤ ਸਿੰਘ ਜਗਾਧਰੀ ਅਤੇ ਮੋਹਕਮ ਸਿੰਘ ਚਾਵਲਾ ਨੇ ਕਿਹਾ ਕਿ ਪਿੰਡਾਂ 'ਚ ਇਕ ਗੁਰਦਵਾਰਾ, ਇਕ ਸ਼ਮਸ਼ਾਨਘਾਟ ਅਤੇ 'ਉੱਚਾ ਦਰ..' ਦੀ ਅਹਿਮੀਅਤ ਨੂੰ ਨਾ ਅਸੀਂ ਸਮਝ ਸਕੇ ਹਾਂ ਤੇ ਨਾ ਹੀ ਲੋਕਾਂ ਨੂੰ ਸਮਝਾ ਸਕੇ ਹਾਂ ਕਿ ਭਵਿੱਖ 'ਚ 'ਉੱਚਾ ਦਰ.' ਦਾ ਕੀ ਰੋਲ ਹੋਵੇਗਾ? ਡਾ. ਜੀਵਨਜੋਤ ਕੌਰ ਨੇ ਵੱਖ-ਵੱਖ ਪਹਿਲੂਆਂ ਤੋਂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇ ਅਕਾਲ ਤਖ਼ਤ ਤੋਂ ਕੁਦਰਤੀ ਖੇਤੀ ਕਰਨ ਬਾਰੇ ਸੰਦੇਸ਼ ਜਾਂ ਹੁਕਮਨਾਮਾ ਜਾਰੀ ਹੋਵੇ ਤਾਂ ਬਿਮਾਰ ਪਏ ਪੰਜਾਬ ਨੂੰ ਤੰਦਰੁਸਤ ਅਤੇ ਖ਼ੁਸ਼ਹਾਲ ਬਣਾਉਣ 'ਚ ਮਦਦ ਮਿਲੇਗੀ।

ਇਸ ਮੌਕੇ ਕੁੱਝ ਦਿਨਾਂ ਅੰਦਰ ਹੀ ਮਨਜੀਤ ਸਿੰਘ ਜਗਾਧਰੀ ਵਲੋਂ 10 ਲੱਖ, ਪਰਵਿੰਦਰ ਸਿੰਘ ਚੰਡੀਗੜ੍ਹ 10 ਲੱਖ, ਐਕਸੀਅਨ ਜਗਜੀਤ ਸਿੰਘ ਬਠਿੰਡਾ 5 ਲੱਖ, ਕਸ਼ਮੀਰ ਸਿੰਘ ਮੁਕਤਸਰ 5 ਲੱਖ, ਐਡਵੋਕੇਟ ਹਰਦੀਪ ਸਿੰਘ ਭਰੂਰ 1 ਲੱਖ, ਜਸਪਾਲ ਕੌਰ ਮੋਹਾਲੀ 1 ਲੱਖ ਤੇ ਸ਼ਰਨਜੀਤ ਕੌਰ ਪੰਜੋਖੜਾ ਸਾਹਿਬ ਵਲੋਂ 1 ਲੱਖ ਰੁਪਏ ਜਮ੍ਹਾਂ ਕਰਾਉਣ ਦਾ ਐਲਾਨ ਕੀਤਾ ਗਿਆ। ਡਾ. ਜੀਵਨਜੋਤ ਕੌਰ ਵਲੋਂ ਇਕ-ਇਕ ਹਾਜ਼ਰੀਨ ਤਕ ਪਹੁੰਚ ਕਰ ਕੇ ਕੀਤੀ ਉਗਰਾਹੀ ਨਾਲ 26 ਹਜ਼ਾਰ ਰੁਪਏ ਦੀ ਰਕਮ ਇਕੱਤਰ ਹੋਈ।