ਬਠਿੰਡਾ ’ਚ ਪੰਜ ਨਵੇਂ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨਾਂ ਦੌਰਾਨ ਲਏ ਟੈਸਟਾਂ ਦੇ ਅੱਜ ਸਾਹਮਣੇ ਆਏ ਨਤੀਜਿਆਂ ਵਿਚ ਚਾਰ ਪੁਲਿਸ ਮੁਲਾਜ਼ਮਾਂ ਸਮੇਤ ਕੁਲ ਪੰਜ ਜਣੇ

Corona Virus

ਬਠਿੰਡਾ, 17 ਜੂਨ (ਸੁਖਜਿੰਦਰ ਮਾਨ) : ਪਿਛਲੇ ਦਿਨਾਂ ਦੌਰਾਨ ਲਏ ਟੈਸਟਾਂ ਦੇ ਅੱਜ ਸਾਹਮਣੇ ਆਏ ਨਤੀਜਿਆਂ ਵਿਚ ਚਾਰ ਪੁਲਿਸ ਮੁਲਾਜ਼ਮਾਂ ਸਮੇਤ ਕੁਲ ਪੰਜ ਜਣੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਾਏ ਗਏ ਹਨ। ਹਾਲਾਂਕਿ ਇਹ ਸਾਰੇ ਬਿਨਾਂ ਲੱਛਣ ਵਾਲੇ ਹਨ ਪ੍ਰੰਤੂ ਕਿਸੇ ਸੰਭਾਵੀ ਖ਼ਤਰੇ ਤੋਂ ਬਚਣ ਲਈ ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਸ਼ਹਿਰ ਨਾਲ ਸਬੰਧਤ ਥਾਣਿਆਂ ਦੇ ਇੰਨ੍ਹਾਂ ਚਾਰਾਂ ਮੁਲਾਜਮਾਂ ਦੇ ਸੰਪਰਕ ਵਿਚ ਆਉਣ ਵਾਲੇ ਕਰੀਬ 50 ਮੁਲਾਜਮਾਂ ਨੂੰ ਏਕਾਂਤਵਸ ਕਰ ਦਿਤਾ ਹੈ। ਇਨ੍ਹਾਂ ਵਿਚ ਬਠਿੰਡਾ ਸ਼ਹਿਰ ਵਿਚ ਆਉਂਦੇ ਥਾਣਾ ਸਿਵਲ ਲਾਈਨ, ਦੇ 9, ਵਰਧਮਾਨ ਚੌਕੀ ਦੇ 16, ਮਹਿਲਾ ਥਾਣੇ ਦੇ 24 ਅਤੇ ਕੈਂਟ ਥਾਣੇ ਨਾਲ ਸਬੰਧਤ ਚਾਰ ਮੁਲਾਜ਼ਮ ਸ਼ਾਮਲ ਹਨ, ਜਿਨਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ।  

ਥਾਣਿਆਂ ਜਾਂ ਐਸ.ਐਸ.ਪੀ ਦਫ਼ਤਰ ਨੂੰ ਸੀਲ ਕਰਨ ਦੀਆਂ ਚਰਚਾਵਾਂ ਨੂੰ ਗਲਤ ਕਰਾਰ ਦਿੰਦਿਆਂ ਐਸ.ਐਸ.ਪੀ ਨੇ ਦਸਿਆ ਕਿ ਥਾਣਿਆਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਨਵਾਂ ਸਟਾਫ਼ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਜ਼ੇਟਿਵ ਪਾਏ ਗਏ ਇਨ੍ਹਾਂ ਚਾਰਾਂ ਪੁਲਿਸ ਮੁਲਾਜਮਾਂ ਦੇ ਸੰਪਰਕ ਅਤੇ ਉਨ੍ਹਾਂ ਦੀ ਟਰੈਵਲ ਹਿਸਟਰੀ ਨੂੰ ਦੇਖਿਆ ਜਾ ਰਿਹਾ। ਉਧਰ ਇਨ੍ਹਾਂ ਚਾਰਾਂ ਪੁਲਿਸ ਮੁਲਾਜ਼ਮਾਂ ਸਮੇਤ ਨਵੇਂ ਆਏ ਕੁਲ 5 ਕੇਸਾਂ ਨਾਲ ਹੁਣ ਜ਼ਿਲ੍ਹੇ ਵਿਚ ਕੋਰੋਨਾ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ। ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਪਾਜ਼ੇਟਿਵ ਆਇਆ ਪੰਜਵਾਂ ਵਿਅਕਤੀ ਫ਼ਰੀਦਾਬਾਦ ਤੋਂ ਪਰਤਿਆ ਸੀ। ਫ਼ਰੀਦਾਬਾਦ ਤੋਂ ਪਰਤਿਆ ਸਖ਼ਸ ਅਪਣੇ ਘਰ ਵਿਚ ਇਕਾਂਤਵਾਸ ਵਿਚ ਸੀ ਅਤੇ ਅਪਣੇ ਕੰਮ ਵਾਲੀ ਥਾਂ ਨਹੀਂ ਗਿਆ ਸੀ। ਪੰਜਾਂ ਵਿਚੋਂ ਤਿੰਨ ਪੁਰਸ਼ ਅਤੇ 2 ਔਰਤਾਂ ਹਨ।