ਚੀਨੀ ਫ਼ੌਜ ਨਾਲ ਝੜਪ ਵਿਚ ਪੰਜਾਬ ਦੇ ਚਾਰ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਝੜਪ ਵਿਚ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ

Indian Army

ਬੁਢਲਾਡਾ/ਬੋਹਾ/ਚੀਮਾ ਮੰਡੀ/ ਘਨੌਰ/ ਧਾਰੀਵਾਲ, 17 ਜੁਨ (ਦਰਸ਼ਨ ਗੁਰਨੇ/ ਯੁੱਧਵੀਰ ਜੱਸੜ/ਗੋਬਿੰਦ ਸਿੰਘ ਦੁੱਲਟ/ ਸੁਖਦੇਵ ਸੁੱਖੀ) : ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਝੜਪ ਵਿਚ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ਬੀਰੇਵਾਲਾ ਡੋਗਰਾ ਦੇ 21 ਸਾਲ ਦਾ ਗੁਰਤੇਜ ਸਿੰਘ ਪੁੱਤਰ ਵਿਰਸਾ ਸਿੰਘ ਅਤੇ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਸ਼ਹੀਦ ਹੋ ਗਏ। ਪਟਿਆਲਾ ਤੋਂ ਮਨਦੀਪ ਸਿੰਘ ਤੇ ਗੁਰਦਾਸਪੁਰ ਤੋਂ ਸਤਨਾਮ ਸਿੰਘ ਵੀ ਇਸ ਝੜਪ ਵਿਚ ਸ਼ਹੀਦ ਹੋ ਗਏ।

ਮਾਨਸਾ ਦੇ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲ ਡੋਗਰਾ ਦਾ ਨੌਜਵਾਨ ਗੁਰਤੇਜ ਸਿੰਘ (22) ਪੁੱਤਰ ਵਿਰਸਾ ਸਿੰਘ ਦੋ ਸਾਲ ਪਹਿਲਾਂ ਹੀ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਨ੍ਹਾਂ ਦੇ ਪਿਤਾ ਢਾਈ ਏਕੜ ਜ਼ਮੀਨ ਦੇ ਕਰੀਬ ਜ਼ਮੀਨ ਦਾ ਹੀ ਮਾਲਕ ਹੈ। ਉਸ ਦੀ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਹੀ ਉਸ ਦੇ ਵੱਡੇ ਭਰਾ ਦਾ ਵਿਆਹ ਹੋਇਆ ਹੈ। ਉਸ ਦਾ ਪਰਵਾਰ ਅਜੇ ਇਸ ਵਿਆਹ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਕਿ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਘਰ ਵਿਚ ਮਾਤਮ ਪਸਰ ਗਿਆ। ਉਸ ਨੇ ਵੀ ਅਪਣੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਛੁੱਟੀ ਅਪਲਾਈ ਕੀਤੀ ਸੀ

ਪਰ ਸਰਹੱਦ 'ਤੇ ਤਣਾਅ ਕਾਰਨ ਉਸ ਦੀ ਛੁੱਟੀ ਨਾ-ਮਨਜ਼ੂਰ ਕਰ ਦਿਤੀ ਗਈ। ਗੁਰਤੇਜ ਸਿੰਘ ਨੇ ਆਖਰੀ ਵਾਰ 20 ਦਿਨ ਪਹਿਲਾਂ ਪ੍ਰਵਾਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਸੀ ਅਤੇ ਦਸਿਆ ਸੀ ਕਿ ਸਾਨੂੰ ਸਰਹੱਦ 'ਤੇ ਲਿਜਾਇਆ ਜਾ ਰਿਹਾ ਹੈ। ਇਸ ਲਈ ਇਸ ਤੋਂ ਬਾਅਦ ਗੁਰਤੇਜ ਦਾ ਪਰਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਸੀ।

ਸੰਗਰੂਰ ਦੇ ਪਿੰਡ ਤੋਲਾਵਾਲ ਵਿਖੇ ਅੱਜ ਉਸ ਸਮੇਂ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ, ਜਦੋਂ ਪਿੰਡ ਵਾਸੀਆਂ ਨੂੰ ਫ਼ੌਜ ਵਿਚ ਅਪਣੀਆਂ ਸੇਵਾਵਾਂ ਨਿਭਾ ਰਹੇ ਨੌਜਵਾਨ ਗੁਰਬਿੰਦਰ ਸਿੰਘ ਦੀ ਚੀਨ ਦੇ ਬਾਰਡਰ 'ਤੇ ਲੇਹ ਲੱਦਾਖ ਵਿਖੇ ਸ਼ਹੀਦ ਹੋਣ ਦੀ ਖ਼ਬਰ ਮਿਲੀ। ਸ਼ਹੀਦ ਗੁਰਬਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਤਿੰਨ ਸਾਲ ਪਹਿਲਾਂ ਫੌਜ਼ ਵਿਚ ਭਰਤੀ ਹੋਇਆ ਸੀ, ਜਿਸ ਦੌਰਾਨ ਉਹ ਦੋ ਵਾਰ ਛੁੱਟੀ ਕੱਟ ਕੇ ਗਿਆ ਸੀ, ਜਿਸ ਦੀ ਸ਼ਹੀਦੀ ਬਾਰੇ ਅੱਜ ਸਵੇਰੇ ਲਗਭਗ 6 ਵਜੇ ਆਰਮੀ ਹੈਡਕੁਆਰਟਰ ਵਲੋਂ ਜਾਣਕਾਰੀ ਮਿਲੀ ਸੀ।

ਇਸ ਮੌਕੇ ਪਿੰਡ ਦੇ ਸਰਪੰਚ ਮੇਵਾ ਸਿੰਘ ਨੇ ਕਿਹਾ ਕਿ ਸ਼ਹੀਦ ਗੁਰਬਿੰਦਰ ਸਿੰਘ ਦੀ ਸ਼ਹਾਦਤ ਨਾਲ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦਸਿਆ ਕਿ ਸ਼ਹੀਦ ਦੀ ਮ੍ਰਿਤਕ ਦੇਹ ਕਲ੍ਹ ਸਵੇਰ ਤੱਕ ਪਿੰਡ ਪਹੁੰਚੇਗੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਿੰਡ ਵਿਖੇ ਪੂਰੇ ਰਾਸ਼ਟਰੀ ਸਨਮਾਨ ਨਾਲ ਅੰਤਮ ਸਸਕਾਰ ਕੀਤਾ ਜਾਵੇਗਾ।
ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਜਾਂਪਲ ਨਾਇਬ ਸੂਬੇਦਾਰ ਮਨਦੀਪ ਸਿੰਘ ਸ਼ਹੀਦ ਹੋ ਗਿਆ ਹੈ ਜੋ ਕਿ ਪੰਜਾਬ ਥ੍ਰੀ ਰੈਜਮੈਂਟ ਵਿਚ ਦੇਸ਼ ਦੀ ਸੇਵਾ ਕਰ ਰਿਹਾ ਸੀ ਤੇ ਭਾਰਤੀ ਫ਼ੌਜ ਵਿਚ 1998 ਵਿਚ ਭਰਤੀ ਹੋਇਆ ਸੀ। ਉਸ ਦੀ ਸ਼ਹਾਦਤ ਦੀ ਖ਼ਬਰ ਮਿਲਣ ਤੋਂ ਬਾਅਦ ਪੂਰੇ ਪਿੰਡ ਅਤੇ ਇਲਾਕੇ ਵਿਚ ਦੁਖਦਾਈ ਮਾਹੌਲ ਹੈ।

ਪਿੰਡ ਸੀਲ ਦੇ ਵਸਨੀਕ ਰਾਮ ਸਿੰਘ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਘਨੌਰ ਨੇ ਦਸਿਆ ਸਵ. ਲਛਮਣ ਸਿੰਘ ਦਾ ਇਹ ਸਪੁੱਤਰ 1998 ਵਿਚ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ ਤੇ ਉਨ੍ਹਾਂ ਦਸਿਆ ਮਨਦੀਪ ਸਿੰਘ ਦੇ ਪਰਵਾਰ ਵਿਚ ਮਾਤਾ ਸ਼ਕੁੰਤਲਾ, ਧਰਮ ਪਤਨੀ ਗੁਰਦੀਪ ਕੌਰ ਸਮੇਤ ਦੋ ਬੱਚੇ ਲੜਕੀ ਮਹਿਕਪ੍ਰੀਤ ਕੌਰ 17 ਸਾਲ ਤੇ ਲੜਕਾ ਜੋਬਨਪ੍ਰੀਤ ਸਿੰਘ ਸਮੇਤ 3 ਭੈਣਾਂ ਹਨ। ਉਨ੍ਹਾਂ ਦਸਿਆ ਕਿ ਪਿੰਡ ਵਿਚ ਨੌਜਵਾਨ ਮੌਤ ਹੋਣ ਕਾਰਨ ਜਿਥੇ ਇਕ ਪਾਸੇ ਪਿੰਡ ਦੇ ਲੋਕਾਂ ਦੇ ਦਿਲਾਂ ਵਿਚ ਦੁੱਖ ਦਰਦ ਹੈ ਉਥੇ ਹੀ ਦੂਜੇ ਪਾਸੇ ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਇਸ ਗੱਲ ਦਾ ਮਾਣ ਵੀ ਕਰ ਰਹੇ ਹਨ ਕਿ ਉਨ੍ਹਾਂ ਦੇ ਇਲਾਕੇ ਦਾ ਪੁੱਤਰ ਦੇਸ਼ ਲਈ ਸ਼ਹੀਦੀ ਜਾਮ ਪੀ ਗਿਆ ਹੈ, ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

ਬਲਾਕ ਧਾਰੀਵਾਲ ਦੇ ਪਿੰਡ ਭੋਜਰਾਜ ਦੇ ਵਸਨੀਕ ਭਾਰਤੀ ਫ਼ੌਜ ਦੀ 3 ਮੀਡੀਅਮ ਰੈਜੀਮੈਂਟ ਵਿਚ ਨਾਇਬ ਸੂਬੇਦਾਰ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਦੀ ਚੀਨ ਨਾਲ ਝੜਪ ਵਿਚ ਸ਼ਹੀਦ ਹੋ ਗਏ ਹਨ। ਨਾਇਬ ਸੂਬੇਦਾਰ ਸਤਨਾਮ ਸਿੰਘ ਲਗਭਗ 42 ਸਾਲ ਦੇ ਸਨ ਅਤੇ ਉਹ ਅਪਣੇ ਪਿਛੇ ਮਾਤਾ ਕਸ਼ਮੀਰ ਕੌਰ ਪਿਤਾ ਜਗੀਰ ਸਿੰਘ, ਪਤਨੀ ਜਸਵਿੰਦਰ ਕੌਰ, ਬੇਟੀ ਸੰਦੀਪ ਕੌਰ (19) ਜੋ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਬੇਟਾ ਪ੍ਰਭਜੋਤ ਸਿੰਘ (17) ਜੋ ਬਾਰ੍ਹਵੀਂ ਵਿਚ ਪੜ੍ਹਦਾ ਹੈ, ਨੂੰ ਛੱਡ ਗਏ ਹਨ। ਇਸ ਮੰਦਭਾਗੀ ਘਟਨਾ ਦੀ ਸੂਚਨਾਂ ਮਿਲਦੇ ਹੀ ਪਿੰਡ ਵਿਚ ਮਾਤਮ ਛਾ ਗਿਆ ਅਤੇ ਐਸ.ਐਚ.ਓ. ਬਲਕਾਰ ਸਿੰਘ ਪੁਲਿਸ ਥਾਣਾ ਘੁੰਮਣ ਕਲਾਂ ਵੀ ਆਪਣੀ ਪੁਲਿਸ ਪਾਰਟੀ ਨਾਲ ਉਨ੍ਹਾਂ ਦੇ ਘਰ ਪਹੁੰਚ ਗਏ।