‘ਪੰਜਾਬ ਅੰਦਰ ਇਕ ਦਿਨ ਦੌਰਾਨ ਤਕਰੀਬਨ 300 ਵਿਅਕਤੀਆਂ ਨੂੰ ਵਢਦੇ ਨੇ ਅਵਾਰਾ ਕੁੱਤੇ’ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੁੱਤਿਆਂ ਦੁਆਰਾ ਆਮ ਨਾਗਰਿਕਾਂ ਨੂੰ ਵੱਢਣ ਦੇ ਮਾਮਲਿਆਂ ਦੀ ਰਫ਼ਤਾਰ ਬਹੁਤ ਤੇਜ਼ ਹੋ ਚੁੱਕੀ ਹੈ ਜਦ

Dogs

ਸੰਗਰੂਰ, 17 ਜੂਨ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਵਿਚ ਕੁੱਤਿਆਂ ਦੁਆਰਾ ਆਮ ਨਾਗਰਿਕਾਂ ਨੂੰ ਵੱਢਣ ਦੇ ਮਾਮਲਿਆਂ ਦੀ ਰਫ਼ਤਾਰ ਬਹੁਤ ਤੇਜ਼ ਹੋ ਚੁੱਕੀ ਹੈ ਜਦ ਕਿ ਇਨ੍ਹਾਂ ਦੇ ਵੱਢਣ ਤੋਂ ਬਾਅਦ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਕ 2017 ਦੌਰਾਨ ਕੁੱਤਿਆਂ ਦੁਆਰਾ ਤਕਰੀਬਨ 1,12,000 ਵਿਅਕਤੀ ਅਤੇ 2018 ਦੌਰਾਨ ਤਕਰੀਬਨ 1,13,000 ਵਿਅਕਤੀ ਵੱਢੇ ਗਏ ਅਤੇ ਕਈ ਵਿਅਕਤੀ ਵੱਢੇ ਜਾਣ ਤੋਂ ਬਾਅਦ ਹਲਕਾਅ ਕਾਰਨ ਮੌਤ ਦੇ ਮੂੰਹ ਵਿਚ ਵੀ ਜਾ ਪਏ। ਅੰਕੜਿਆਂ ਮੁਤਾਬਕ ਪੰਜਾਬ ਅੰਦਰ ਇਕ ਦਿਨ ਦੌਰਾਨ ਤਕਰੀਬਨ 300 ਵਿਅਕਤੀ ਅਵਾਰਾ ਕੁੱਤਿਆਂ ਦੁਆਰਾ ਵੱਢੇ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ ਅੱਧ ਤੋਂ ਵੱਧ ਅਸਾਨ ਸ਼ਿਕਾਰ ਬੱਚੇ ਬਣਦੇ ਹਨ। 

ਪੰਜਾਬ ਵਿਚ ਇਨ੍ਹਾਂ ਦੁਆਰਾ ਵੱਢਣ ਦੇ ਸੱਭ ਤੋਂ ਵਧੇਰੇ ਕੇਸ ਲੁਧਿਆਣਾ ਜ਼ਿਲ੍ਹੇ ਅੰਦਰ ਰਿਪਰਟ ਹੋਏ ਜਿਸ ਕਾਰਨ ਇੱਥੇ ਵਸਦੇ ਆਮ ਸ਼ਹਿਰੀਆਂ ਦੀ ਸੁਰੱਖਿਆ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਅਵਾਰਾ ਕੁੱਤਿਆਂ ਵਲੋਂ ਨਾਗਰਿਕਾਂ ਨੂੰ ਵੱਢਣ ਦੇ ਕੇਸ ਸਾਲ 2014 ਤੋਂ ਲਗਾਤਾਰ ਵਧਦੇ ਜਾ ਰਹੇ ਹਨ। ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਵਲੋਂ ਜਾਣਕਾਰੀ ਦਿਤੀ ਗਈ ਹੈ ਕਿ ਸਾਲ 2014 ਦੌਰਾਨ ਪੰਜਾਬ ਅੰਦਰ ਕੁੱਤਿਆਂ ਦੁਆਰਾ ਆਮ ਸ਼ਹਿਰੀਆਂ ਨੂੰ ਵੱਢਣ ਦੇ ਲਗਭਗ 22,000, 2015 ਦੌਰਾਨ 39,000, 2016 ਦੌਰਾਨ 54,000, 2017 ਦੌਰਾਨ 1,12,000, ਅਤੇ 2018 ਦੌਰਾਨ 1,13,000 ਅਤੇ 2019 ਦੌਰਾਨ ਲਗਭਗ 1,35,000 ਕੇਸ ਰਿਪੋਰਟ ਹੋਏ।

ਗ਼ੈਰ-ਸਰਕਾਰੀ ਸੂਤਰਾਂ ਮੁਤਾਬਕ ਉਕਤ ਗਿਣਤੀ ਹੋਰ ਵੀ ਵਧ ਹੋ ਸਕਦੀ ਹੈ ਕਿਉਂਕਿ ਖਾਂਦੇ ਪੀਂਦੇ ਘਰਾਂ ਦੇ ਅਨੇਕਾਂ ਲੋਕ ਅਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ ਤੋਂ ਕਰਵਾ ਲੈਂਦੇ ਹਨ ਜਿਸ ਦੇ ਚਲਦਿਆਂ ਸਰਕਾਰੀ ਰਿਕਾਰਡ ਵਿਚ ਇਹ ਗਿਣਤੀ ਸ਼ਾਮਲ ਨਹੀਂ ਕੀਤੀ ਜਾਂਦੀ। ਇਸੇ ਸਮੇਂ ਦੌਰਾਨ ਕੁੱਤਿਆਂ ਦੁਆਰਾ ਇਸਤਰੀ ਪੁਰਸਾਂ ਨੂੰ ਕੱਟਣ ਦੇ 15,324 ਮਾਮਲੇ ਲੁਧਿਆਣਾ ਜ਼ਿਲ੍ਹੇ ਵਿਚ, 9839 ਜਲੰਧਰ ਜ਼ਿਲ੍ਹੇ, 9260 ਹੁਸ਼ਿਆਰਪੁਰ ਜ਼ਿਲ੍ਹੇ ਅਤੇ 6593 ਮਾਮਲੇ ਸੰਗਰੂਰ ਜ਼ਿਲ੍ਹੇ ਅੰਦਰ ਦਰਜ ਕੀਤੇ ਗਏ। ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਅੰਦਰ ਆਰ.ਟੀ.ਆਈ.ਦੁਆਰਾ ਹਾਸਲ ਕੀਤੀ ਗਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਇੱਥੇ ਰੋਜ਼ਾਨਾ 16 ਕੇਸ ਕੁੱਤਿਆਂ ਦੇ ਵੱਢਣ ਦੇ ਦਰਜ ਕੀਤੇ ਜਾਂਦੇ ਹਨ।

 

ਸੂਬੇ ਦੀਆਂ ਮਿਉਂਸੀਪਲ ਕਾਰਪੋਰੇਸ਼ਨਾਂ ਨੂੰ ਐਨੀਮਲ ਬਰਥ ਕੰਟਰੌਲ  (ਏ.ਬੀ.ਸੀ.) ਪ੍ਰੋਜੈਕਟ ਅਧੀਨ ਕੁੱਤਿਆਂ ਨੂੰ ਵੱਖ-ਵੱਖ ਇਲਾਕਿਆਂ ਵਿਚੋਂ ਫੜ੍ਹ ਕੇ ਨਸਬੰਦੀ ਕਰਨਾ ਅਤੇ ਫਿਰ ਉਸੇ ਇਲਾਕੇ ਅੰਦਰ ਛੱਡ ਦੇਣ ਦੀ ਯੋਜਨਾ ਬਣਾਈ ਗਈ ਸੀ ਪਰ ਮਹਾਂਨਗਰਾਂ ਵਿਚ ਕੁੱਤਿਆਂ ਦੀ ਦਿਨੋ ਦਿਨ ਵਧ ਰਹੀ ਗਿਣਤੀ ਬਿਆਨ ਕਰ ਰਹੀ ਹੈ ਕਿ ਇਸ ਯੋਜਨਾ ਉਤੇ ਵੀ ਚੱਜ ਨਾਲ ਅਮਲ ਨਹੀਂ ਹੋਇਆ। ਸੂਤਰਾਂ ਮੁਤਾਬਕ ਲੁਧਿਆਣਾ ਮਿਉਂਸਲ ਕਾਰਪੋਰੇਸ਼ਨ ਨੇ 2012 ਵਿਚ 35,000, ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਸੀ ਪਰ ਬਾਅਦ ਵਿਚ ਸਮੁੱਚਾ ਮਾਮਲਾ ਠੰਡੇ ਬਸਤੇ ਵਿਚ ਪਾ ਦਿਤਾ ਗਿਆ।

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹਲਕਾਅ (ਐਟੀ-ਰੇਬੀਜ਼) ਤੋਂ ਬਚਣ ਲਈ ਸਾਰੀ ਦਵਾ-ਦਾਰੂ ਮੌਜੂਦ ਹੈ ਅਤੇ ਮੁਫ਼ਤ ਦਿਤੀ ਜਾਂਦੀ ਹੈ ਪਰ ਬਾਵਜੂਦ ਇਸ ਦੇ ਫਿਰ ਵੀ ਸੈਂਕੜੇ ਲੋਕ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਉਂਦੇ ਹਨ। ਪੰਜਾਬ ਵਿਧਾਨ ਸਭਾ ਵਿਚ ਵੀ ਇਹ ਮਸਲਾ ਅਕਸਰ ਉਠਾਇਆ ਜਾਂਦਾ ਰਿਹਾ ਪਰ ਇਸ ਦੇ ਸਾਰਥਿਕ ਨਤੀਜੇ ਨਹੀਂ ਨਿਕਲੇ।

ਰਾਜ ਕਰਦੀਆਂ ਸੂਬਾ ਸਰਕਾਰਾਂ ਵਲੋਂ ਸਿਰਫ਼ ਇਹ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ ਕਿ ਐਨੀਮਲ ਬਰਥ ਕੰਟਰੌਲ ਨਿਯਮ 2001 ਅਧੀਨ ਕੁੱਤਿਆਂ ਦੀ ਗਿਣਤੀ ਕਾਬੂ ਕਰਨ ਲਈ ਪਸ਼ੂ ਪਾਲਣ, ਲੋਕਲ ਬਾਡੀਜ਼ ਸਮੇਤ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲਾ ਅਪਣੇ ਪੱਧਰ ਉਤੇ ਕੁੱਤਿਆਂ ਦੀ ਨਸਬੰਦੀ ਦੇ ਉਪਰਾਲੇ ਕਰਨ ਪਰ ਤਤਕਾਲੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਾਰਚ 2018 ਦੌਰਾਨ ਪੰਜਾਬ ਵਿਧਾਨ ਸਭਾ ਵਿਚ ਇਹ ਬਿਆਨ ਦਿਤਾ ਸੀ ਕਿ ਅਵਾਰਾ ਕੁੱਤਿਆਂ ਦੇ ਮਾਮਲੇ ਵਿਚ ਨਸਬੰਦੀ ਸਿਰਫ਼ 30 ਤੋਂ 40 ਫ਼ੀ ਸਦੀ ਤਕ ਹੀ ਕਾਮਯਾਬ ਹੈ। 

ਜਨਵਰੀ 2018 ਤੋਂ ਮਾਰਚ 2019 ਤਕ ਇੱਥੇ ਕੁੱਤਿਆਂ ਦੇ ਵੱਢਣ ਦੇ 7500 ਕੇਸ ਰਿਪੋਰਟ ਹੋਏ ਹਨ। ਫ਼ਰਵਰੀ 2019 ਦੌਰਾਨ ਮੋਗਾ ਜ਼ਿਲ੍ਹੇ ਅੰਦਰ ਪਤੰਗ ਉਡਾਉਂਦਾ ਇਕ 7 ਸਾਲਾ ਬੱਚਾ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਗਿਆ ਤੇ ਪ੍ਰਤੱਖ ਦਰਸ਼ੀ ਅਨੁਸਾਰ ਕੁੱਤਿਆਂ ਨੇ ਉਸ ਬੱਚੇ ਨੂੰ ਬਹੁਤ ਬੇਰਹਿਮੀ ਨਾਲ ਨੋਚਿਆ। ਮੌਤ ਤੋਂ ਬਾਅਦ ਵੇਖਿਆ ਗਿਆ ਉਸ ਬੱਚੇ ਦੇ ਸਰੀਰ ਦੇ ਬਹੁਤ ਸਾਰੇ ਅੰਦਰੂਨੀ ਅੰਗ ਗ਼ਾਇਬ ਸਨ। ਇਸੇ ਤਰਜ ਉਤੇ ਅਵਾਰਾ ਕੁੱਤਿਆਂ ਦੇ ਮਾਰੂ ਹਮਲੇ ਦਰਜਨਾਂ ਲੋਕਾਂ ਲਈ ਜਾਨਲੇਵਾ ਸਾਬਤ ਹੋਏ। ਹੱਡਾ ਰੋੜੀਆਂ ਨੇੜੇ ਰਹਿਣ ਵਾਲੇ ਅਵਾਰਾ ਕੁੱਤੇ ਅਕਸਰ ਭੁੱਖਮਰੀ ਦੌਰਾਨ ਛੋਟੇ ਪਸ਼ੂਆਂ ਅਤੇ ਰਾਹਗੀਰਾਂ ਉਤੇ ਹਮਲੇ ਕਰ ਕੇ ਮਾਸ ਖਾਣ ਦੀ ਆਦਤ ਦੀ ਪੂਰਤੀ ਕਰਦੇ ਹਨ ਅਵਾਰਾ ਕੁੱਤਿਆਂ ਨੇ ਸਾਲ 2019 ਦੌਰਾਨ 1,35,000 ਨਾਗਰਿਕਾਂ ਨੂੰ ਕੱਟਿਆ

 ਸੂਬੇ ਦੀ ਆਮ ਪਬਲਿਕ ਦਾ ਕਹਿਣਾ ਹੈ ਕਿ ਜਦ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਇਲਾਕੇ ਵਿਚ ਵਸਣ ਵਾਲੇ ਲੋਕਾਂ ਵਲੋਂ ਸਥਾਨਕ ਪ੍ਰਸ਼ਾਸਨ ਨੂੰ ਮੈਮੋਰੰਡਮ ਵਗੈਰਾ ਵੀ ਦਿਤੇ ਜਾਂਦੇ ਹਨ ਪਰ ਸਰਕਾਰੀ ਪੱਧਰ ਉਤੇ ਕੁੱਤਿਆਂ ਦੀ ਵਧ ਰਹੀ ਗਿਣਤੀ ਦੀ ਕੋਈ ਰੋਕਥਾਮ ਨਹੀਂ ਕੀਤੀ ਜਾ ਰਹੀ ਜਦ ਕਿ ਇਕ ਮੋਟੇ ਜਿਹੇ ਅਨੁਮਾਨ ਮੁਤਾਬਕ ਸੂਬੇ ਅੰਦਰ ਅਵਾਰਾ ਕੁੱਤਿਆਂ ਦੀ ਗਿਣਤੀ 5 ਲੱਖ ਤੋਂ ਵੱਧ ਹੈ।