ਜੈਪਾਲ ਭੁੱਲਰ ਦੇ ਪੋਸਟਮਾਰਟਮ ਲਈ ਪਿਤਾ ਵਲੋਂ ਦਾਖ਼ਲ ਪਟੀਸ਼ਨ ਹਾਈ ਕੋਰਟ ਵਲੋਂ ਰੱਦ

ਏਜੰਸੀ

ਖ਼ਬਰਾਂ, ਪੰਜਾਬ

ਜੈਪਾਲ ਭੁੱਲਰ ਦੇ ਪੋਸਟਮਾਰਟਮ ਲਈ ਪਿਤਾ ਵਲੋਂ ਦਾਖ਼ਲ ਪਟੀਸ਼ਨ ਹਾਈ ਕੋਰਟ ਵਲੋਂ ਰੱਦ

image


ਚੰਡੀਗੜ੍ਹ, 17 ਜੂਨ (ਸੁਰਜੀਤ ਸਿੰਘ ਸੱਤੀ): ਕੋਲਕਾਤਾ ਵਿਚ ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਦੇ 9 ਜੂਨ ਨੂੰ  ਹੋਏ ਮੁਕਾਬਲੇ ਉਪਰੰਤ ਹੁਣ ਉਸ ਦੇ ਪ੍ਰਵਾਰ ਵਲੋਂ ਉਨ੍ਹਾਂ ਦੇ ਬੇਟੇ ਦਾ ਏਮਜ਼ ਜਾਂ ਪੀਜੀਆਈ ਸਮੇਤ ਕਿਸੇ ਹੋਰ ਨਿਰਪੱਖ ਹਸਪਤਾਲ ਵਿਚ ਮੁੜ ਪੋਸਟ-ਮਾਰਟਮ ਕਰਵਾਉਣ ਦੀ ਮੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਰੱਦ ਕਰ ਦਿਤੀ ਹੈ | ਜੈਪਾਲ ਭੁੱਲਰ  ਦੇ ਪਿਤਾ ਭੂਪਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਹਨ, ਨੇ ਐਡਵੋਕੇਟ ਸਿਮਰਨਜੀਤ ਸਿੰਘ ਰਾਹੀਂ ਪਟੀਸ਼ਨ ਵਿਚ ਦੋਸ਼ ਲਗਾਏ ਸੀ ਕਿ ਉਨ੍ਹਾਂ ਦੇ ਬੇਟੇ ਨੂੰ  ਪਹਿਲਾਂ ਬੁਰੀ ਤਰ੍ਹਾਂ ਨਾਲ ਸਰੀਰਕ ਤਸੀਹੇ ਦਿਤੇ ਗਏ ਸੀ | ਉਨ੍ਹਾਂ ਦੇ  ਬੇਟੇ ਦੀ ਮਿ੍ਤਕ ਦੇਹ 'ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਹਨ ਅਤੇ ਉਸ ਦੇ ਸਰੀਰ 'ਤੇ ਗੋਲੀ ਦੇ ਨਿਸ਼ਾਨ ਨੂੰ  ਵੇਖ ਕੇ ਸਾਫ਼ ਹੋ ਜਾਂਦਾ ਹੈ ਕਿ ਉਸ ਦੇ ਬੇਟੇ ਨੂੰ  ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਗਈ ਤੇ ਇਹ ਮੁਕਾਬਲਾ ਪੂਰੀ ਤਰ੍ਹਾਂ ਝੂਠਾ ਮੁਕਾਬਲਾ ਸੀ | ਪਟੀਸ਼ਨਰ ਨੇ ਹਾਈ ਕੋਰਟ ਨੂੰ  ਦਸਿਆ ਸੀ ਕਿ ਉਹ ਪਹਿਲਾਂ 13 ਜੂਨ ਨੂੰ  ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ  ਪੱਤਰ ਲਿਖ ਕੇ ਅਪਣੇ ਬੇਟੇ ਦਾ ਦੁਬਾਰਾ ਪੋਸਟ-ਮਾਰਟਮ ਕਰਵਾਉਣ ਦੀ ਮੰਗ ਕਰ ਚੁੱਕੇ ਹਨ |