CM ਨਾਲ ਗੁਪਤ ਮੀਟਿੰਗ ਦੀ ਚਰਚਾ ਨੂੰ ਪ੍ਰਤਾਪ ਬਾਜਵਾ ਨੇ ਨਕਾਰਿਆ, ਸਿੱਧੂ ਬਾਰੇ ਵੀ ਕਹੀ ਅਹਿਮ ਗੱਲ
ਪ੍ਰਤਾਪ ਬਾਜਵਾ ਨੇ ਨਵਜੋਤ ਸਿੱਧੂ ਦੀ ਵਕਾਲਤ ਕਰਦਿਆਂ ਉਹਨਾਂ ਨੂੰ ਕੋਈ ਅਹਿਮ ਅਹੁਦਾ ਦੇਣ ਦੀ ਗੱਲ ਵੀ ਆਖੀ ਹੈ
ਚੰਡੀਗੜ੍ਹ : ਅੱਜ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੁਪਤ ਮੀਟਿੰਗ ਦੀਆਂ ਚਰਚਾਵਾਂ ਤੋਂ ਸਾਫ਼ ਇਨਕਾਰ ਕੀਤਾ ਹੈ। ਹਾਲਾਂਕਿ ਬਾਜਵਾ ਨੇ ਆਖਿਆ ਹੈ ਕਿ ਉਨ੍ਹਾਂ ਦੇ ਦਰਵਾਜ਼ੇ ਕੈਪਟਨ ਅਮਰਿੰਦਰ ਸਿੰਘ ਲਈ ਹਮੇਸ਼ਾ ਖੁੱਲ੍ਹੇ ਹੋਏ ਹਨ ਅਤੇ ਉਹ ਜਦੋਂ ਵੀ ਚਾਹੁਣ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹਨ ਪਰ ਹੁਣ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਵੀ ਗੁਪਤ ਮੀਟਿੰਗ ਨਹੀਂ ਹੋਈ ਹੈ।
ਬਾਜਵਾ ਨੇ ਕਿਹਾ ਕਿ ਉਹ ਜਦੋਂ ਵੀ ਕੈਪਟਨ ਨਾਲ ਮੁਲਾਕਾਤ ਕਰਨਗੇ ਤਾਂ ਸਭ ਤੋਂ ਪਹਿਲਾਂ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦੇਣਗੇ। ਪ੍ਰਤਾਪ ਬਾਜਵਾ ਨੇ ਕੈਪਟਨ ਨਾਲ ਮੀਟਿੰਗ ਦੀਆਂ ਖ਼ਬਰਾਂ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਸ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦਾ ਸਰਕਾਰ ਪ੍ਰਤੀ ਵਰਤਾਅ ਕੁੱਝ ਬਦਲਿਆ ਨਜ਼ਰ ਆਇਆ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਪਰਿਵਾਰ ਵਾਂਗ ਹੈ ਅਤੇ ਅਸੀਂ ਸਾਰੇ ਇਸ ਪਰਿਵਾਰ ਦੇ ਮੈਂਬਰ ਹਾਂ।
ਇਸ ਦੌਰਾਨ ਜਦੋਂ ਉਨ੍ਹਾਂ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਚਿਹਰਾ ਬਣਾਏ ਜਾਣ ਸੰਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਇਸ ਗੱਲ ਨੂੰ ਟਾਲਦੇ ਹੋਏ ਆਖਿਆ ਕਿ ਇਸ ਦਾ ਫ਼ੈਸਲਾ ਕਾਂਗਰਸ ਹਾਈਕਮਾਨ ਨੇ ਕਰਨਾ ਹੈ ਅਤੇ ਹਾਈਕਮਾਨ ਜਿਹੜਾ ਵੀ ਫ਼ੈਸਲਾ ਲਵੇਗੀ, ਉਹ ਸਾਨੂੰ ਮਨਜ਼ੂਰ ਹੋਵੇਗਾ।
ਪੰਜਾਬ ਵਿਚ ਚੱਲ ਰਹੀ ਪੋਸਟਰ ਵਾਰ ’ਤੇ ਬਾਜਵਾ ਨੇ ਕਿਹਾ ਕਿ ਪੋਸਟਰ ਲੱਗਣੇ ਗ਼ਲਤ ਨਹੀਂ ਹਨ। ਜੇਕਰ ਕੋਈ ਵਰਕਰ ਆਪਣੇ ਆਗੂ ਦਾ ਪੋਸਟਰ ਲਗਾਉਂਦਾ ਹੈ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਇਕ ਹੁੰਦਾ ਹੈ ਪਰ ਟੀਮ ’ਚ 10 ਮੈਂਬਰ ਹੋਰ ਵੀ ਹੁੰਦੇ ਹਨ। ਜਿਨ੍ਹਾਂ ਦੀ ਮੌਜੂਦਗੀ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਕੈਪਟਨ ’ਤੇ ਨਿੱਜੀ ਹਮਲਾ ਨਹੀਂ ਬੋਲਿਆ ਹੈ ਜਦੋਂ-ਜਦੋਂ ਸਰਕਾਰ ਨੇ ਗ਼ਲਤ ਕੰਮ ਜਾਂ ਗ਼ਲਤ ਫ਼ੈਸਲਾ ਲਿਆ ਤਾਂ ਮੈਂ ਇਸ ਦਾ ਵਿਰੋਧ ਕੀਤਾ ਹੈ ਅਤੇ ਅੱਗੇ ਵੀ ਕਰਦਾ ਰਹਾਂਗਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਉਹਨਾਂ ਨੇ ਨਵਜੋਤ ਸਿੱਧੂ ਦੀ ਵਕਾਲਤ ਕਰਦਿਆਂ ਉਹਨਾਂ ਨੂੰ ਕੋਈ ਅਹਿਮ ਅਹੁਦਾ ਦੇਣ ਦੀ ਗੱਲ ਵੀ ਆਖੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸੀਨੀਅਰ ਨੇਤਾ ਸਿੱਧੂ ਨੂੰ ਪਾਰਟੀ ਵਿਚ ਨਹੀਂ ਦੇਣ ਆਉਣਾ ਚਾਹੁੰਦੇ, ਉਹਨਾਂ ਕਿਹਾ ਕਿ ਉਹ ਕਿਸੇ ਵੀ ਅਹੁਦੇ ਲਈ ਰੇਸ ਨਹੀਂ ਲਗਾ ਰਹੇ ਹਨ।