ਰੂਪਨਗਰ: ਭਾਖੜਾ ਨਹਿਰ 'ਚੋਂ ਰੈਮਡੇਸਿਵਿਰ ਇੰਜੈਕਸ਼ਨ ਮਿਲਣ ਦੇ ਮਾਮਲੇ 'ਚ 6 ਮੁਲਜ਼ਮ ਗ੍ਰਿਫ਼ਤਾਰ
ਰੂਪਨਗਰ ਪੁਲਿਸ ਇਨ੍ਹਾਂ ਦੋਸ਼ੀਆਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ, ਜਿਸ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਰੂਪਨਗਰ - ਰੂਪਨਗਰ ਦੀ ਭਾਖੜਾ ਨਹਿਰ ਵਿਚੋਂ ਬੀਤੇ ਮਹੀਨੇ ਭਾਰੀ ਮਾਤਰਾ ’ਚ ਨਕਲੀ ਕੋਰੋਨਾ ਵੈਕਸੀਨ ਮਿਲਣ ਦੇ ਮਾਮਲੇ ’ਚ ਰੂਪਨਗਰ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਤੋਂ 2 ਕਰੋੜ ਰੁਪਏ, 2 ਲੈਪਟਾਪ ਅਤੇ 4 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਬੀਤੀ 6 ਮਈ ਨੂੰ ਜਦੋਂ ਰੂਪਨਗਰ ਦੀ ਭਾਖੜਾ ਨਹਿਰ ਵਿਚ ਪਿੰਡ ਸਲੇਮਪੁਰ ਅਤੇ ਬਾਲਸੰਢਾ ਨਜ਼ਦੀਕ ਨਹਿਰ ਵਿਚੋਂ ਵੱਡੀ ਮਾਤਰਾ ਵਿਚ ਰੈਮਡੇਸਿਵਿਰ ਇੰਜੈਕਸ਼ਨਾਂ ਸਮੇਤ ਹੋਰ ਵੱਖ-ਵੱਖ ਐਂਟੀਵੈਟਿਕ ਟੀਕੇ ਤੈਰਦੇ ਮਿਲੇ ਸਨ। ਇਸ ਤੋਂ ਬਾਅਦ ਪੁਲਿਸ ਅਤੇ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਨਹਿਰ ਵਿਚੋਂ ਇਨ੍ਹਾਂ ਟੀਕਿਆਂ ਨੂੰ ਬਾਹਰ ਕੱਢਵਾ ਕੇ ਜਦੋਂ ਟੀਕਿਆਂ ਦੀ ਜਾਂਚ ਕੀਤੀ ਤਾਂ ਇਹ ਟੀਕੇ ਨਕਲੀ ਪਾਏ ਗਏ ਸਨ। ਇਸ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਮਾਮਲੇ ਵਿਚ ਮੁਕੱਦਮਾ ਦਰਜ ਕਰਕੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਦੋਸ਼ੀਆਂ ਤੱਕ ਪਹੁੰਚ ਗਈ।
ਇਸ ਮਾਮਲੇ ਨੂੰ ਲੈ ਕੇ ਐੱਸ. ਐੱਸ. ਪੀ. ਰੂਪਨਗਰ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਮਾਮਲੇ ਵਿਚ ਮੁਜ਼ੱਫਰ ਨਗਰ ਦੇ ਮੁਹੰਮਦ ਸ਼ਾਹਵਰ, ਯੂ. ਪੀ. ਦੇ ਅਰਸ਼ਦ ਖ਼ਾਨ, ਸਹਾਰਨਪੁਰ ਦੇ ਮੁਹੰਮਦ ਅਰਸ਼ਦ, ਕੁਰੂਕਸ਼ੇਤਰ ਦੇ ਪ੍ਰਦੀਪ ਸਰੋਹਾ ਅਤੇ ਸ਼ਾਹ ਨਜ਼ਰ, ਸ਼ਾਹ ਆਲਮ ਵਾਸੀ ਬਹਿਲੋਲਪੁਰ ਜ਼ਿਲ੍ਹਾ ਮੋਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁੱਛਗਿੱਛ ਕੀਤੀ ਤਾਂ ਦੋਸ਼ੀਆਂ ਕੋਲੋਂ ਨਕਲੀ ਟੀਕੇ ਵੇਚ ਕੇ ਕਮਾਏ ਲਗਭਗ ਦੋ ਕਰੋੜ ਰੁਪਏ ਦੀ ਨਕਦੀ, ਦੋ ਲੈਪਟੌਪ, ਨਕਲੀ ਟੀਕਿਆਂ ਦਾ ਜ਼ਖੀਰਾ ਅਤੇ ਚਾਰ ਵਾਹਨ ਬਰਾਮਦ ਹੋਏ ਹਨ।
ਪੁਲਿਸ ਦੀ ਜਾਂਚ ’ਚ ਪਾਇਆ ਗਿਆ ਹੈ ਕਿ ਮੁੱਖ ਦੋਸ਼ੀ ਮੁਹੰਮਦ ਸਾਬਿਰ ਹੈ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਵਾਈਆਂ ਨਾਲ ਸਬੰਧਤ ਸਾਰੀ ਜਾਣਕਾਰੀ ਹੈ। ਮੁਹੰਮਦ ਸਾਬਿਰ ਨੇ ਫਾਰਮਾਸੈਟਿੰਗ ਫਾਰਮ ਦਾ ਇਸਤੇਮਾਲ ਕਰਕੇ ਐਂਟੀਬਾਓਟਿਕ ਦਵਾਈਆਂ ਬਣਾਈਆਂ ਅਤੇ ਨਕਲੀ ਰੈਮਡੇਸਿਵਿਰ ਉਨ੍ਹਾਂ ਸ਼ੀਸ਼ੀਆਂ ’ਤੇ ਚਿਪਕਾ ਦਿੱਤਾ। ਇਹ ਨਕਲੀ ਇੰਜੈਕਸ਼ਨ ਦਿੱਲੀ, ਹਰਿਆਣਾ, ਪੰਜਾਬ ’ਚ ਸਪਲਾਈ ਕੀਤੇ।
ਦੱਸ ਦਈਏ ਕਿ ਰੂਪਨਗਰ ਪੁਲਿਸ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰਿਕਵਰੀ ਹੈ। ਇਸ ਤੋਂ ਪਹਿਲਾਂ ਇੰਨੀ ਵੱਡੀ ਰਿਕਵਰੀ ਅੱਜ ਤੱਕ ਰੂਪਨਗਰ ਪੁਲਸ ਵੱਲੋਂ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਮਾਮਲੇ ਵਿਚ ਰੂਪਨਗਰ ਪੁਲਸ ਵੱਲੋਂ ਅੱਠ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿਚੋਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਦੋ ਦੋਸ਼ੀ ਇਸ ਸਮੇਂ ਜੇਲ੍ਹ ਵਿੱਚ ਹਨ। ਰੂਪਨਗਰ ਪੁਲਿਸ ਇਨ੍ਹਾਂ ਦੋਸ਼ੀਆਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ, ਜਿਸ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।