ਸਿਖਿਆ ਬੋਰਡ ਦੇ ਬਾਹਰ ਕੱਚੇ ਅਧਿਆਪਕਾਂ ਦਾ ਸੰਘਰਸ਼ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਸਿਖਿਆ ਬੋਰਡ ਦੇ ਬਾਹਰ ਕੱਚੇ ਅਧਿਆਪਕਾਂ ਦਾ ਸੰਘਰਸ਼ ਜਾਰੀ

image

ਇਮਾਰਤ ਦੀ ਛੱਤ ਤੇ ਚੜ੍ਹੇ ਅਧਿਆਪਕਾਂ ਨੇ ਲਾਇਆ ਪੱਕਾ ਡੇਰਾ, ਮੰਗਾਂ ਦਾ ਹੱਲ ਹੋਏ ਬਿਨਾਂ ਧਰਨਾ ਖ਼ਤਮ ਕਰਨ ਲਈ ਤਿਆਰ ਨਹੀਂ ਹਨ ਅਧਿਆਪਕ

ਐਸ.ਏ.ਐਸ. ਨਗਰ, 17 ਜੂਨ (ਸੁਖਦੀਪ ਸਿੰਘ ਸੋਈ): ਅਪਣੀ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਬੀਤੇ ਕਲ ਸਿਖਿਆ ਸਕੱਤਰ ਦਾ ਘਿਰਾਉ ਕਰਨ ਲਈ ਪੰਜਾਬ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਇਥੇ ਪਹੁੰਚੇ ਕੱਚੇ ਅਧਿਆਪਕਾਂ ਦਾ ਧਰਨਾ ਅੱਜ ਵੀ ਲਗਾਤਾਰ ਜਾਰੀ ਰਿਹਾ। ਇਸ ਦੌਰਾਨ ਅੱਜ ਪੰਜਾਬ ਭਰ ਤੋਂ ਇਥੇ ਅਧਿਆਪਕਾਂ ਦੀ ਆਮਦ ਜਾਰੀ ਰਹੀ ਅਤੇ ਬਾਅਦ ਦੁਪਹਿਰ ਇਥੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਅਧਿਆਪਕ ਪਹੁੰਚ ਚੁੱਕੇ ਸਨ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਮੁੱਖ ਮੰਤਰੀ ਦੇ ਓ ਐਸ ਡੀ ਕੈਪਟਨ ਸੰਦੀਪ ਸੰਧੂ ਨਾਲ ਹੋਈ ਮੀਟਿੰਗ ਦੌਰਾਨ ਮਸਲੇ ਦਾ ਹੱਲ ਨਹੀਂ ਨਿਕਲਿਆ ਸੀ। 
ਹਾਂ ਪੱਖੀ ਮਾਹੌਲ ਵਿਚ ਹੋਈ ਇਸ ਮੀਟਿੰਗ ਦੌਰਾਨ ਕੈਪਟਨ ਸੰਦੀਪ ਸੰਧੂ ਵਲੋਂ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਧਿਆਪਕਾਂ ਨਾਲ ਅੱਜ ਦੁਪਹਿਰ 12 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਚ ਮੀਟਿੰਗ ਤੈਅ ਕਰਵਾ ਦਿਤੀ ਸੀ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਅਧਿਆਪਕਾਂ ਵਲੋਂ ਸੜਕ ’ਤੇ ਹੀ ਰਾਤ ਕੱਟੀ ਗਈ ਅਤੇ ਅੱਜ ਸਵੇਰੇ ਪ੍ਰਦਰਸ਼ਨਕਾਰੀਆਂ ਵਲੋਂ ਬੋਰਡ ਦੇ ਬਾਹਰ ਵਾਲੀ ਸੜਕ ’ਤੇ ਬਾਕਾਇਦਾ ਟੈਂਟ ਲਗਾ ਕੇ ਪੱਕਾ ਧਰਨਾ ਸ਼ੁਰੂ ਕਰ ਦਿਤਾ ਗਿਆ ਹੈ। ਇਸ ਦੌਰਾਨ ਪਟਰੌਲ ਦੀਆਂ ਬੋਤਲਾਂ ਲੈ ਕੇ ਇਮਾਰਤ ਦੀ ਛੱਤ ’ਤੇ ਚੜ੍ਹੇ ਅੱਧੀ ਦਰਜਨ ਦੇ ਕਰੀਬ ਅਧਿਆਪਕ ਵੀ ਉਥੇ ਹੀ ਡਟੇ ਹੋਏ ਹਨ ਅਤੇ ਕੱਚੇ ਅਧਿਆਪਕ ਅਪਣੀਆਂ ਮੰਗਾਂ ਦਾ ਨਿਪਟਾਰਾ ਹੋਏ ਬਿਨਾਂ ਧਰਨਾ ਖਤਮ ਕਰਨ ਲਈ ਤਿਆਰ ਨਹੀਂ ਹਨ।
ਇਸ ਦੌਰਾਨ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ, ਰੀਤੂ ਬਾਲਾ ਕਪੂਰਥਲਾ, ਅਮਨਦੀਪ ਕੌਰ, ਰਵਨੀਤ ਕੌਰ, ਗਗਨਦੀਪ ਕੌਰ ਅਬੋਹਰ, ਗੁਰਪ੍ਰੀਤ ਕੌਰ ਅਤੇ ਹੋਰਨਾਂ ਨੇ ਕਿਹਾ ਕਿ ਹੁਣ ਉਹ ਸਰਕਾਰ ਦੇ ਝੂਠੇ ਲਾਰਿਆਂ ਵਿਚ ਆਉਣ ਵਾਲੇ ਨਹੀਂ ਅਤੇ ਉਨ੍ਹਾਂ ਦੀ ਇਹ ਆਖਰੀ ਅਤੇ ਫੈਸਲਾਕੁਨ ਲੜਾਈ ਹੈ। ਆਗੂਆਂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਿਖਿਆ ਵਿਭਾਗ ਵਿਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ 15 ਸਾਲ ਤੋਂ ਵੀ ਵੱਧ ਸਮੇਂ ਤੋਂ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ 6-7 ਹਜ਼ਾਰ ਰੁਪਏ ਦੀ ਨਿਗੁਣੀ ਤਨਖ਼ਾਹ ’ਤੇ ਕੰਮ ਕਰਨਾ ਪੈ ਰਿਹਾ ਹੈ। ਅੱਜ ਦੁਪਹਿਰ 12 ਵਜੇ ਚੰਡੀਗੜ੍ਹ ਵਿਚ ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਅਤੇ ਸਿਖਿਆ ਮੰਤਰੀ ਵਿਚਕਾਰ ਮੀਟਿੰਗ ਹੋਈ ਜਿਹੜੀ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਖਤਮ ਹੋਈ। ਇਸ ਮੀਟਿੰਗ ਵਿਚ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਮੁੱਖ ਮੰਤਰੀ ਦੇ ਉ ਐਸ ਡੀ ਕੈਪਟਨ ਸੰਦੀਪ ਸੰਧੂ ਦੇ ਵੀ ਸ਼ਾਮਲ ਹੋਣ ਦੀ ਗੱਲ ਦੱਸੀ ਜਾ ਰਹੀ ਹੈ ਪਰ ਮੀਟਿੰਗ ਤੋਂ ਬਾਅਦ ਕੋਈ ਹੱਲ ਨਹੀਂ ਨਿਕਲ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਦੌਰਾਨ ਸਿਖਿਆ ਮੰਤਰੀ ਵਲੋਂ ਅਧਿਆਪਕਾਂ ਨੂੰ ਕੋਈ ਵਿਚ ਦਾ ਰਾਹ ਕੱਢਣ ਦੀ ਅਪੀਲ ਕੀਤੀ ਗਈ ਪਰ ਅਧਿਆਪਕ ਉਨ੍ਹਾਂ ਨੂੰ ਪੱਕੇ ਕਰਨ ਤੋਂ ਇਲਾਵਾ ਕੁੱਝ ਵੀ ਮੰਨਣ ਲਈ ਤਿਆਰ ਨਹੀਂ ਹੋਏ। ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਵਿਚ ਸਰਕਾਰ ਵਲੋਂ ਅਧਿਆਪਕਾਂ ਨੂੰ ਸਿਖਿਆ ਸਕੱਤਰ ਨਾਲ ਇਕ ਹੋਰ ਮੀਟਿੰਗ ਕਰਨ ਲਈ ਸੱਦਾ ਦਿਤਾ ਗਿਆ ਜਿਹੜੀ ਸ਼ਾਮ ਨੂੰ ਸੈਕਟਰ 9 ਵਿਖੇ ਹੋਣੀ ਹੈ। 
ਇਸ ਦੌਰਾਨ ਪੰਜਾਬ ਸਕੂਲ ਸਿਖਿਆ ਬੋਰਡ ਵਿਚ ਸਥਿਤ ਡੀਪੀਆਈ ਦਫ਼ਤਰ ਵਿਚ ਰਾਤ ਨੂੰ ਫਸੇ ਕਰਮਚਾਰੀਆਂ ਨੂੰ ਧਰਨਾਕਾਰੀਆਂ ਵਲੋਂ ਤਰਸ ਦੇ ਆਧਾਰ ’ਤੇ ਘਰ ਜਾਣ ਦਿਤਾ ਗਿਆ ਸੀ ਅਤੇ ਅੱਜ ਇਸ ਦਫ਼ਤਰ ਦੀ ਮੁਕੰਮਲ ਘੇਰਾਬੰਦੀ ਜਾਰੀ ਸੀ। ਇਸ ਦੌਰਾਨ ਪੰਜਾਬ ਸਕੂਲ ਸਿਖਿਆ ਬੋਰਡ ਦਾ ਕੰਮਕਾਜ ਭਾਵੇਂ ਆਮ ਵਾਂਗ ਚੱਲ ਰਿਹਾ ਸੀ ਪਰ ਸਕੂਲ ਬੋਰਡ ਦੇ ਜਿਆਦਾਤਰ ਕਰਮਚਾਰੀ ਵੀ ਦੁਪਹਿਰ ਦੇ ਖਾਣੇ ਤੋਂ ਬਾਅਦ ਵਾਪਸ ਨਹੀਂ ਪਰਤੇ। ਇਸ ਸਬੰਧੀ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਸਿਖਿਆ ਬੋਰਡ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਕਹਿ ਦਿਤਾ ਗਿਆ ਸੀ ਕਿ ਜੇ ਮੰਤਰੀ ਨਾਲ ਹੋਈ ਗੱਲਬਾਤ ਬੇਸਿੱਟਾ ਰਹੀ ਤਾਂ ਅਧਿਆਪਕਾਂ ਵਲੋਂ ਬੋਰਡ ਦੀ ਪੂਰੀ ਇਮਾਰਤ ਦੀ ਘੇਰਾਬੰਦੀ ਵੀ ਕੀਤੀ ਜਾ ਸਕਦੀ ਹੈ, ਇਸ ਲਈ ਉਹ ਅਪਣੇ ਵਾਹਨ ਬੋਰਡ ਦੀ ਇਮਾਰਤ ਦੇ ਅੰਦਰੋਂ ਬਾਹਰ ਕੱਢ ਕੇ ਖੜਾ ਲੈਣ ਜਿਸ ਕਾਰਨ ਲੰਚ ’ਤੇ ਗਏ ਜ਼ਿਆਦਾਤਰ ਕਰਮਚਾਰੀ ਵਾਪਸ ਨਹੀਂ ਪਰਤੇ। 
ਸਿਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਅੱਜ ਸਾਰਾ ਦਿਨ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਆਮਦ ਜਾਰੀ ਰਹੀ ਅਤੇ ਸ਼ਾਮ ਹੋਣ ਤਕ ਇਥੇ ਤਿੰਨ ਹਜ਼ਾਰ ਦੇ ਕਰੀਬ ਪ੍ਰਦਰਸ਼ਨਕਾਰੀ ਪਹੁੰਚ ਚੁੱਕੇ ਸਨ। ਇਸ ਦੌਰਾਨ ਧਰਨਾਕਾਰੀਆਂ ਵਲੋਂ ਲਗਾਇਆ ਗਿਆ ਟੈਂਟ ਵੀ ਨਾਲੋ-ਨਾਲ ਹੀ ਲੰਬਾ ਹੁੰਦਾ ਗਿਆ ਅਤੇ ਖ਼ਬਰ ਲਿਖੇ ਜਾਣ ਤਕ ਉਥੇ ਪ੍ਰਦਰਸ਼ਨਕਾਰੀ ਅਧਿਆਪਕਾਂ ਵਲੋਂ ਸਰਕਾਰ ਵਿਰੁਧ ਧਰਨਾ ਚੱਲ ਰਿਹਾ ਸੀ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰ ਕੇ ਲੰਬੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਸੀ।