ਅਗਨੀਪਥ ਸਕੀਮ: ਪ੍ਰਧਾਨ ਮੰਤਰੀ ਨੂੰ ਮਿਲੇ ਪੰਜਾਬ ਸਰਕਾਰ ਦਾ ਵਫ਼ਦ - ਪ੍ਰਤਾਪ ਬਾਜਵਾ 

ਏਜੰਸੀ

ਖ਼ਬਰਾਂ, ਪੰਜਾਬ

ਪ੍ਰਤਾਪ ਬਾਜਵਾ ਨੇ ਕਿਹਾ ਕਿ ਅਗਨੀਪਥ ਸਕੀਮ ਦਾ ਪੰਜਾਬ ਦੇ ਨੌਜਵਾਨਾਂ 'ਤੇ ਮਾੜਾ ਅਸਰ ਪਵੇਗਾ।

Partap bajwa

 

ਚੰਡੀਗੜ੍ਹ -  ਹਲਕਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ 24 ਤਾਰੀਕ ਨੂੰ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਭਾਰਤ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪਥ ਸਕੀਮ ਦੇ ਵਿਰੁੱਧ ਮਤਾ ਲਿਆਉਣ ਦੀ ਮੰਗ ਕੀਤੀ ਹੈ। ਇਸ ਮੰਗ ਦੇ ਨਾਲ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦਾ ਇਕ ਵਫ਼ਦ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰੇ ਤਾਂ ਜੋ ਸਰਕਾਰ 'ਤੇ ਦਬਾ ਪਾ ਕੇ ਅਗਨੀਪਥ ਸਕੀਮ ਨੂੰ ਤੁਰੰਤ ਵਾਪਸ ਲਿਆ ਜਾਵੇ। ਪ੍ਰਤਾਪ ਬਾਜਵਾ ਨੇ ਕਿਹਾ ਕਿ ਅਗਨੀਪਥ ਸਕੀਮ ਦਾ ਪੰਜਾਬ ਦੇ ਨੌਜਵਾਨਾਂ 'ਤੇ ਮਾੜਾ ਅਸਰ ਪਵੇਗਾ।

ਭਾਰਤੀ ਫੌਜ ਵਿਚ ਪੰਜਾਬ ਦੀ ਨੁਮਾਇੰਦਗੀ 7.8 ਫ਼ੀਸਦੀ ਹੈ, ਜੋ ਭਵਿੱਖ ਵਿਚ ਘਟ ਕੇ 2.3 ਫ਼ੀਸਦੀ ਤੱਕ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤਾ ਗਿਆ ਫ਼ੈਸਲਾ ਪੰਜਾਬੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਦੀਆਂ ਨੌਕਰੀਆਂ ਦਾ ਖੁੱਸਣਾ ਅਤੇ ਪੈਦਾ ਹੋਈ ਹਫੜਾ-ਦਫੜੀ ਇਸ ਸਰਹੱਦੀ ਸੂਬੇ ਨੂੰ ਅਸਥਿਰਤਾ ਵੱਲ ਲੈ ਕੇ ਜਾਵੇਗੀ, ਜਿਸ ਦਾ ਫਾਇਦਾ ਦੇਸ਼ ਵਿਰੋਧੀ ਤਾਕਤਾਂ ਅਤੇ ਸਰਹੱਦ ਪਾਰ ਦੇ ਦੁਸ਼ਮਣਾਂ ਵੱਲੋਂ ਉਠਾਇਆ ਜਾਵੇਗਾ। ਅਗਨੀਪਥ ਸਕੀਮ ਕਿਸੇ ਨੂੰ ਲਾਭ ਨਹੀਂ ਦੇਵੇਗੀ ਤੇ ਇਹ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਵਾਲੇ ਲੱਖਾਂ ਨੌਜਵਾਨਾਂ ਨੂੰ ਨਿਰਾਸ਼ ਕਰ ਰਹੀ ਹੈ।