ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਸ਼ 'ਚ ਸ਼ਾਮਲ ਹੋਣ ਦੀ ਗੱਲ ਕਬੂਲੀ
ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਸ਼ 'ਚ ਸ਼ਾਮਲ ਹੋਣ ਦੀ ਗੱਲ ਕਬੂਲੀ
ਚੰਡੀਗੜ੍ਹ, 17 ਜੂਨ (ਭੁੱਲਰ) : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਸ਼ਕਰਤਾ ਲਾਰੈਂਸ ਬਿਸ਼ਨੋਈ ਦੀ ਅੱਜ ਤੀਜੇ ਦਿਨ ਵੀ ਪੁਲਿਸ ਵਲੋਂ ਪੁਛਗਿਛ ਜਾਰੀ ਰੱਖੀ ਗਈ | ਕੇਂਦਰੀ ਏਜੰਸੀਆਂ ਵੀ ਇਸ ਪੁਛਗਿਛ ਸਮੇਂ ਪੰਜਾਬ ਪੁਲਿਸ ਨਾਲ ਤਾਲਮੇਲ ਰੱਖ ਰਹੀਆਂ ਹਨ |
ਭਾਵੇਂ ਹਾਲੇ ਜਾਂਚ ਅਧਿਕਾਰੀ ਅਧਿਕਾਰਤ ਤੌਰ 'ਤੇ ਕੁੱਝ ਵੀ ਦਸਣ ਲਈ ਤਿਅਰ ਨਹੀਂ ਪਰ ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਸ਼ 'ਚ ਹੱਥ ਹੋਣ ਦੀ ਗੱਲ ਕਬੂਲ ਕੀਤੀ ਹੈ ਪਰ ਉਹ ਕਹਿ ਰਿਹਾ ਹੈ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਇਸ ਦਿਨ ਕਾਰਵਾਈ ਕੀਤੀ ਜਾਣੀ ਸੀ | ਉਹ ਸਖ਼ਤੀ ਕਾਰਨ ਜੇਲ 'ਚ ਇਹਨੀਂ ਦਿਨੀ ਫ਼ੋਨ ਨਾ ਹੋਣ ਦੀ ਗੱਲ ਵੀ ਆਖ ਰਿਹਾ ਹੈ | ਭਾਵੇਂ ਕਿ ਹਾਲੇ ਖੁਲ੍ਹ ਕੇ ਲਾਰੈਂਸ ਬਹੁਤ ਕੁੱਝ ਨਹੀਂ ਬੋਲ ਰਿਹਾ ਤੇ ਕੁੱਝ ਗੱਲਾਂ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਭਾਵੇਂ ਵਾਰਦਾਤ 'ਚ ਇਸਤੇਮਾਲ ਕੀਤੇ ਹਥਿਆਰ ਪੰਜਾਬ-ਹਰਿਆਣਾ ਦੀ ਹੱਦ 'ਤੇ ਕਿਸੇ ਥਾਂ ਦੱਬੇ ਹੋਣ ਦੀ ਗੱਲ ਜਾਂਚ 'ਚ ਸਾਹਮਣੇ ਆਈ ਹੈ ਪਰ ਇਸ ਥਾਂ ਦੀ ਸਹੀ ਪਹਿਚਾਣ ਹਾਲੇ ਨਾ ਹੋਣ ਕਾਰਨ ਪੁਲਿਸ ਹਥਿਆਰ ਬਰਾਮਦ ਨਹੀਂ ਕਰ ਸਕੀ | ਸੂਤਰਾਂ ਅਨੁਸਾਰ ਲਾਰੈਂਸ ਮੂਸੇਵਾਲਾ ਦੇ ਕਤਲ ਦਾ ਕਾਰਨ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਹੀ ਦਸ ਰਿਹਾ ਹੈ | ਪੁਛਗਿਛ ਦੌਰਾਨ ਉਸ ਨੇ ਅਪਣੀ ਜ਼ਿੰਦਗੀ ਅਤੇ ਗਰੁੱਪ ਬਾਰੇ ਪ੍ਰਗਟਾਵਾ ਕੀਤਾ ਹੈ ਕਿ ਉਹ ਅਤੇ ਉਸ ਦਾ ਗਰੁੱਪ ਪਹਿਲਾਂ ਸਿਰਫ਼ ਫਿਰੌਤੀ ਦਾ ਕੰਮ ਹੀ ਕਰਦੇ ਸਨ | ਉਸ ਦੇ ਨਿਸ਼ਾਨੇ 'ਤੇ ਕਦੇ ਇਕ ਵੀ ਵਿਅਕਤੀ ਨਹੀਂ ਸੀ | ਉਸ ਨੇ ਪੁਲਿਸ ਨੂੰ ਦਸਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਫਿਰੌਤੀ ਦਾ ਕਾਰੋਬਾਰ ਕਦੋਂ ਗੈਂਗ ਵਾਰ ਵਿਚ ਬਦਲ ਗਿਆ |
ਸੂਤਰਾਂ ਮੁਤਾਬਕ ਲਾਰੈਂਸ ਨੇ ਮੰਨਿਆ ਕਿ ਉਸਦੇ ਗਿਰੋਹ ਨੇ ਕਈ ਦਿੱਗਜ ਅਦਾਕਾਰਾਂ ਤੋਂ ਫਿਰੌਤੀ ਵਸੂਲੀ ਸੀ | ਇਕ ਰਿਪੋਰਟ ਮੁਤਾਬਕ ਪੁਲਿਸ ਪੁਛਗਿਛ ਦੌਰਾਨ ਲਾਰੈਂਸ ਨੇ ਦਸਿਆ ਕਿ ਪੰਜਾਬ ਦੇ 6 ਜ਼ਿਲਿ੍ਹਆਂ ਸਮੇਤ ਬੱਦੀ, ਹਿਮਾਚਲ 'ਚ ਕਾਰੋਬਾਰੀਆਂ ਅਤੇ ਕਲਾਕਾਰਾਂ ਤੋਂ 5 ਤੋਂ 50 ਲੱਖ ਰੁਪਏ ਦੀ ਫਿਰੌਤੀ ਵਸੂਲੀ ਗਈ ਹੈ | ਜ਼ਖਮੀ ਗੈਂਗਸਟਰਾਂ ਦੇ ਇਲਾਜ ਲਈ ਵੀ 15 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ | ਮੋਹਾਲੀ, ਲੁਧਿਆਣਾ, ਜਲੰਧਰ, ਅੰਮਿ੍ਤਸਰ ਅਤੇ ਮਾਲਵਾ ਪੱਟੀ ਦੇ ਵਪਾਰੀ ਅਤੇ ਕਲਾਕਾਰ ਵੀ ਉਸਦੇ ਗਰੁੱਪ ਦੇ ਨਿਸ਼ਾਨੇ 'ਤੇ ਰਹੇ ਹਨ | ਦੋ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਦਿੱਲੀ ਪੁਲਿਸ ਦੀ ਤਰਜ਼ 'ਤੇ ਮੰਨਿਆ ਹੈ ਕਿ ਬਿਸ਼ਨੋਈ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਾਡ ਹੈ | ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਫੜੇ ਗਏ ਦੋਸ਼ੀ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਵਿਕਰਮ ਬਰਾੜ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਸਨ |