ਮੋਦੀ ਸਰਕਾਰ ਨੌਜਵਾਨਾਂ ਦੇ ਮੁੱਦੇ ’ਤੇ ‘ਅੱਗ ਨਾਲ ਖੇਡਣਾ’ ਬੰਦ ਕਰੇ: ਰਾਘਵ ਚੱਢਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਸਦ ਮੈਂਬਰ ਰਾਘਵ ਚੱਢਾ ਨੇ ਅਗਨੀਪੱਥ ਯੋਜਨਾ ਖ਼ਿਲਾਫ਼ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ

Raghav Chadda

 

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅਗਨੀਪੱਥ ਯੋਜਨਾ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਸਖ਼ਤ ਵਿਰੋਧ ਦਰਜ ਕਰਾਇਆ ਹੈ ਅਤੇ ਇਹ ਯੋਜਨਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਦੀ ਫੌਜ ’ਚ ਜਵਾਨਾਂ ਦੀ ਭਰਤੀ ਲਈ ਅਗਨੀਪੱਥ ਯੋਜਨਾ ਲਾਗੂ ਕੀਤੀ ਹੈ, ਜਿਸ ਅਨੁਸਾਰ ਹੁਣ ਫੌਜ ’ਚ ਕੁੱਲ ਚਾਰ ਸਾਲਾਂ ਲਈ ਜਵਾਨ ਭਰਤੀ ਕੀਤੇ ਜਾਣਗੇ। 

ਰਾਘਵ ਚੱਢਾ ਨੇ ਅਗਨੀਪੱਥ ਯੋਜਨਾ ਖ਼ਿਲਾਫ਼ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ’ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਪੱਤਰ ’ਚ ਲਿਖਿਆ ਹੈ, ‘ਦੇਸ਼ ਦੀ ਫੌਜ ’ਚ ਕੰਮ ਕਰਨਾ ਅਤੇ ਆਪਣਾ ਪੂਰਾ ਜੀਵਨ ਇਸ ਲਈ ਕੁਰਬਾਨ ਕਰਨਾ ਹਜ਼ਾਰਾਂ ਨੌਜਵਾਨਾਂ ਦਾ ਸੁਫ਼ਨਾ ਹੁੰਦਾ ਹੈ।  ਪਰ ਜਦੋਂ ਤੋਂ (14 ਜੂਨ 2022) ਕੇਂਦਰ ਸਰਕਾਰ ਵੱਲੋਂ ਫੌਜ ’ਚ ਭਰਤੀ ਲਈ ਅਗਨੀਪੱਥ ਯੋਜਨਾ ਦਾ ਐਲਾਨ ਕੀਤਾ ਗਿਆ ਸੀ, ਉਦੋਂ ਤੋਂ ਹੀ ਦੇਸ਼ ਭਰ ’ਚ ਨੌਜਵਾਨਾਂ ਵੱਲੋਂ ਇਸ ਯੋਜਨਾ ਖ਼ਿਲਾਫ਼ ਆਵਾਜ਼ ਚੁੱਕੀ ਜਾ ਰਹੀ ਹੈ। ਮੋੋਦੀ ਸਰਕਾਰ ਨੌਜਵਾਨਾਂ ਦੇ ਮੁੱਦੇ ’ਤੇ ‘ਅੱਗ ਨਾਲ ਖੇਡਣਾ’ ਬੰਦ ਕਰੇ, ਕਿਉਂਕਿ ਇਹ ਯੋਜਨਾ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੇ ਬਿਲਕੁੱਲ ਹਿੱਤ ਵਿੱਚ ਨਹੀਂ ਹੈ।’

Raghav Chadda letter

ਰਾਜ ਸਭਾ ਮੈਂਬਰ ਨੇ ਇਸ ਯੋਜਨਾ ਦੀਆਂ ਕਮੀਆਂ ਗਿਣਾਉਂਦਿਆਂ ਕਿਹਾ ਕਿ ਛੇ ਮਹੀਨਿਆਂ ਦੀ ਸਿਖਲਾਈ ਬਿਲਕੁੱਲ ਗਲਤ ਹੈ। ਚਾਰ ਸਾਲਾਂ ਦੀ ਨੌਕਰੀ ਦੌਰਾਨ ਅਗਨੀਵੀਰਾਂ ਦੇ ਮਨ ’ਚ ਹਮੇਸ਼ਾਂ ਇਹ ਸ਼ੱਕ ਬਣਿਆ ਰਹੇਗਾ ਕਿ ਇਸ ਤੋਂ ਬਾਅਦ ਉਨ੍ਹਾਂ ਦਾ ਅਤੇ ਪਰਿਵਾਰ ਦਾ ਭਵਿੱਖ  ਕੀ ਹੋਵੇਗਾ। ਇਸ ਤਰ੍ਹਾਂ ਦੀ ਭਰਤੀ ਪ੍ਰਕਿਰਿਆ ਨਾਲ ਅਗਨੀਵੀਰਾਂ ਦਾ ਮਨ ਸ਼ਾਂਤ ਨਹੀਂ ਹੋਵੇਗਾ, ਜਿਹੜਾ ਦੇਸ਼ ਦੀ ਸੇਵਾ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਰੂ ਤਜ਼ਰਬਿਆਂ ਨਾਲ ਫੌਜ ਦੀ ਤਾਕਤ ਅਤੇ ਗੁਣਵੱਤਾ ’ਤੇ ਬਹੁਤ ਹੀ ਮਾੜਾ ਅਸਰ ਪਵੇਗਾ।

Raghav Chadda letter

ਚੱਢਾ ਨੇ ਕਿਹਾ ਕਿ ਸਰਕਾਰ ਨੂੰ ਆਪਣੀ ਆਰਥਿਕ ਸਥਿਤੀ ਕੰਟਰੋਲ ਕਰਨ ਲਈ ਫੌਜ ਅਤੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਸਰਕਾਰ ਨੂੰ ਆਪਣਾ ਬੱਚਤ ਖਾਤਾ ਕਿਸੇ ਹੋਰ ਥਾਂ ਤੋਂ ਸੁਧਾਰਨਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਸਲਾਹ ਦਿੰਦਿਆਂ ਲਿਖਿਆ ਕਿ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਕੁੱਝ ਪਾਇਲਟ ਪ੍ਰੋਜੈਕਟ ਚਲਾਉਣੇ ਜਾਣ ਹਨ ਅਤੇ ਫਿਰ ਇਨਾਂ ਪ੍ਰੋਜੈਕਟਾਂ ਦੇ ਨਤੀਜੇ ਦੇਖ ਕੇ ਪੂਰਨ ਤੌਰ ’ਤੇ ਲਾਗੂ ਕੀਤਾ ਜਾਵੇ। ਰਾਘਵ ਚੱਢਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਇਸ ਯੋਜਨਾ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਦੇਸ਼ ਦੇ ਨੌਜਵਾਨਾਂ ’ਤੇ ਇਸ ਤਰ੍ਹਾਂ ਦੇ ਪ੍ਰਯੋਗ ਨਾ ਕੀਤੇ ਜਾਣ। ਇਸ ਲਈ ਆਮ ਆਦਮੀ  ਪਾਰਟੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਗਨੀਪੱਥ ਯੋਜਨਾ ਦਾ ਪੂਰੀ ਤਰ੍ਹਾਂ ਵਿਰੋਧ ਕਰਦੇ ਹਨ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਨ।