ਅਗਨੀਪਥ ਯੋਜਨਾ ਨੂੰ ਲੈ ਕੇ ਲੁਧਿਆਣਾ 'ਚ ਨੌਜਵਾਨਾਂ ਨੇ ਰੇਲਵੇ ਸਟੇਸ਼ਨ ਦੀ ਕੀਤੀ ਭੰਨਤੋੜ, 4 ਨੌਜਵਾਨ ਗ੍ਰਿਫ਼ਤਾਰ
17 ਟਰੇਨਾਂ ਹੋਈਆਂ ਰੱਦ
ਲੁਧਿਆਣਾ: ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦੇ ਵਿਰੋਧ ਦਾ ਸੇਕ ਪੰਜਾਬ ਵਿੱਚ ਵੀ ਪਹੁੰਚ ਗਿਆ ਹੈ। ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਨੌਜਵਾਨਾਂ ਨੇ ਭੰਨਤੋੜ ਕੀਤੀ। ਨੌਜਵਾਨ ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਪਹੁੰਚੇ। ਉਨ੍ਹਾਂ ਪਹਿਲਾਂ ਸਟੇਸ਼ਨ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਫਿਰ ਅੰਦਰ ਆ ਕੇ ਸਟਾਲਾਂ ਅਤੇ ਸਰਕਾਰੀ ਦਫ਼ਤਰਾਂ ਦੀ ਭੰਨਤੋੜ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਪੁਲਿਸ 'ਤੇ ਪਥਰਾਅ ਵੀ ਕੀਤਾ। ਇਸ 'ਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਫਿਰ ਵੀ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਦੂਜੇ ਪਾਸੇ ਮਾਹੌਲ ਨੂੰ ਦੇਖਦੇ ਹੋਏ ਜੁਆਇੰਟ ਸੀਪੀ ਰਵਚਰਨ ਬਰਾੜ, ਸਾਰੇ ਥਾਣਿਆਂ ਦੇ ਐੱਸਐੱਚਓ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਜਗਰਾਉਂ ਪੁਲ ਵੱਲ ਮਾਰਚ ਕਰ ਰਹੇ ਹਨ। ਜਿਸ ਲਈ ਪੁਲ 'ਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਵੀ ਮੌਕੇ 'ਤੇ ਪਹੁੰਚਣਗੇ। ਪੁਲਿਸ ਨੇ ਰੇਲਵੇ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।
ਇਸ ਤਰ੍ਹਾਂ ਵੱਡੀ ਗਿਣਤੀ ਵਿਚ ਟਰੇਨਾਂ ਦਾ ਰੱਦ ਹੋਣਾ ਯਾਤਰੀਆਂ ਲਈ ਵੱਡੀ ਸਮੱਸਿਆ ਹੈ। ਜੇਕਰ ਲੋਕਾਂ ਦੀ ਮੰਨੀਏ ਤਾਂ ਹੁਣ ਉਨ੍ਹਾਂ ਨੂੰ ਪ੍ਰਾਈਵੇਟ ਟੈਕਸੀਆਂ ਜਾਂ ਬੱਸਾਂ ਵਿੱਚ ਪਿੰਡ ਜਾਣਾ ਪਵੇਗਾ। ਇਸ ਦੇ ਨਾਲ ਹੀ ਪ੍ਰਾਈਵੇਟ ਬੱਸ ਚਾਲਕ ਵੀ ਰੇਲ ਗੱਡੀਆਂ ਰੱਦ ਹੋਣ ਤੋਂ ਬਾਅਦ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਆਪਣੀ ਮਰਜ਼ੀ ਦੀ ਕੀਮਤ ਵਸੂਲਦੇ ਹਨ। ਲੁਧਿਆਣਾ ਸਟੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਰੋਧ ਕਾਰਨ ਸ਼ਨੀਵਾਰ ਨੂੰ ਕਈ ਹੋਰ ਟਰੇਨਾਂ ਦੇ ਰੱਦ ਜਾਂ ਥੋੜ੍ਹੇ ਸਮੇਂ ਲਈ ਬੰਦ ਕੀਤੇ ਜਾਣ ਦੀ ਸੰਭਾਵਨਾ ਹੈ।