ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਵਾਰ : ਚਿੱਟੇ ਦੀ ਓਵਰਡੋਜ਼ ਨਾਲ ਨੌਜੁਆਨ ਦੀ ਮੌਤ
ਬੀਤੇ ਦਿਨ ਨਸ਼ੇ ਕਾਰਨ ਬੇਹੋਸ਼ ਨੌਜੁਆਨ ਨੂੰ ਹਸਪਤਾਲ ’ਚ ਕਰਵਾਇਆ ਸੀ ਭਰਤੀ
ਤਰਨਤਾਰਨ : ਪੰਜਾਬ ਵਿਚ ਨਸ਼ਿਆਂ ਕਾਰਨ ਜਿੱਥੇ ਪਹਿਲਾਂ ਹੀ ਕਈ ਘਰ ਉਜੜ ਚੁੱਕੇ ਹਨ ਉੱਥੇ ਅੱਜ ਵੀ ਇਹ ਨਸ਼ਾ ਕਈ ਨੌਜੁਆਨਾਂ ਨੂੰ ਮੌਤ ਦੇ ਮੂੰਹ ਵੱਲ ਲਿਜਾ ਰਿਹਾ ਹੈ। ਤਾਜ਼ਾ ਮਾਮਲਾ ਪੱਟੀ ਦੇ ਪਿੰਡ ਪਣਗੋਟਾ ਤੋਂ ਸਾਹਮਣੇ ਆਇਆ ਹੈ ਜਿਥੋਂ ਦਾ ਵਿਅਕਤੀ ਹਰਪ੍ਰੀਤ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਹੈ। ਬੀਤੇ ਦਿਨੀ ਉਹ ਨਸ਼ੇ ਦੀ ਹਾਲਤ ਵਿਚ ਪੱਟੀ ਦੇ ਨਜ਼ਦੀਕ ਫਲਾਂ ਦੇ ਬਾਗ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਰਵਾਰ ਨੂੰ ਮਿਲਿਆ ਸੀ, ਜਿਸ ਨੂੰ ਤੁਰਤ ਪੱਟੀ ਦੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿਥੇ ਉਸ ਨੂੰ ਪੈਰਾਲਾਈਜ਼ ਦਾ ਅਟੈਕ ਆਉਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ ਸੀ। ਅੱਜ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਮੌਕੇ ਮ੍ਰਿਤਕ ਦੀ ਭੈਣ ਨੇ ਦਸਿਆ ਕਿ ਪੱਟੀ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਦੀ ਮਦਦ ਕਰਦੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਨਸ਼ਾ ਤਸਕਰਾਂ ਨੇ ਨਾਂਅ ਜਨਤਕ ਕੀਤੇ ਜਾਣ ’ਤੇ ਉਨ੍ਹਾਂ ਦੇ ਪਰਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ।
ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਉਕਤ ਨਸ਼ਾ ਤਸਕਰਾਂ ਖ਼ਿਲਾਫ਼ 302 ਧਾਰਾ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ
ਉਧਰ ਦੂਜੇ ਪਾਸੇ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਮਾਨਾਵਾਂ ਨੇ ਦਸਿਆ ਕਿ ਨਸ਼ਾ ਪੁਲਿਸ ਦੀ ਮਿਲੀਭੁਗਤ ਨਾਲ ਹੀ ਵਿੱਕ ਰਿਹਾ ਹੈ। ਇਸ ਮੌਕੇ ਉਨ੍ਹਾਂ ਇਸ ਪਰਵਾਰ ਨਾਲ ਮੁਲਾਕਾਤ ਤੋਂ ਬਾਅਦ ਪੱਟੀ ਵਿਚ ਨਸ਼ਾ ਵੇਚਣ ਵਾਲੇ ਕੁਝ ਲੋਕਾਂ ਦੇ ਨਾਂ ਵੀ ਜਨਤਕ ਕੀਤੇ ਹਨ, ਪਰ ਪੁਲਿਸ ਨੇ 8 ਦਿਨ ਬੀਤਣ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਉਕਤ ਨਸ਼ਾ ਤਸਕਰ ਪਰਵਾਰ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਪੁਛਿਆ ਕਿ ਕਿਥੇ ਹੈ ਤੁਹਾਡੀ ਸਰਕਾਰ ਜਾਂ ਤੁਹਾਡੀ ਪੁਲਿਸ ਉਨ੍ਹਾਂ ਪਰਵਾਰ ਲਈ ਇਨਸਾਫ ਦੀ ਮੰਗ ਕੀਤੀ ਅਤੇ ਉਕਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।