Barnala News : ਦੋਸਤਾਂ ਨਾਲ ਰਜਵਾਹੇ 'ਚ ਨਹਾਉਣ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ , ਡੁੱਬਣ ਕਾਰਨ ਹੋਈ ਮੌਤ
ਪਿਤਾ ਚਲਾਉਂਦਾ ਜੂਸ ਦੀ ਦੁਕਾਨ
Barnala News : ਬਰਨਾਲਾ ਦੇ ਪਿੰਡ ਟੱਲੇਵਾਲ ਵਿੱਚ ਰਜਵਾਹੇ ਵਿੱਚ ਡੁੱਬਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਆਪਣੇ ਦੋਸਤਾਂ ਨਾਲ ਰਜਵਾਹਾ 'ਚ ਨਹਾਉਣ ਗਿਆ ਸੀ। ਜਿੱਥੇ ਉਹ ਨਹਾਉਂਦੇ ਸਮੇਂ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਾਣਕ ਸਿੰਘ (17) ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪਿੰਡ ਭੋਤਨਾ ਦੇ ਬੱਸ ਸਟੈਂਡ 'ਤੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਹੋਈ ਸੀ। ਛਬੀਲ ਤੋਂ ਬਾਅਦ ਦੇਰ ਸ਼ਾਮ ਮ੍ਰਿਤਕ ਆਪਣੇ ਸਾਥੀਆਂ ਨਾਲ ਪਿੰਡ ਟੱਲੇਵਾਲ 'ਚ ਪੁਲਿਸ ਥਾਣੇ ਦੇ ਬੈਰੀਕੇਡ ਛੱਡਣ ਗਿਆ ਸੀ। ਜਿੱਥੇ ਗਰਮੀ ਕਾਰਨ ਉਹ ਆਪਣੇ ਦੋਸਤਾਂ ਨਾਲ ਰਜਵਾਹਾ ਵਿਖੇ ਨਹਾਉਣ ਲੱਗ ਗਿਆ।
ਇਸ ਦੌਰਾਨ ਜਦੋਂ ਉਸ ਨੇ ਨਹਾਉਣ ਲਈ ਰਜਵਾਹੇ ਵਿੱਚ ਛਾਲ ਮਾਰ ਦਿੱਤੀ ਤਾਂ ਉਹ ਦੁਬਾਰਾ ਬਾਹਰ ਨਹੀਂ ਆਇਆ। ਜਿਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਕਾਫੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਕੁਝ ਘੰਟਿਆਂ ਬਾਅਦ ਮ੍ਰਿਤਕ ਦੀ ਲਾਸ਼ ਕੁਝ ਕਿਲੋਮੀਟਰ ਦੂਰ ਪਿੰਡ ਦੀਪਗੜ੍ਹ ਤੋਂ ਮਿਲੀ।
ਪਿਤਾ ਚਲਾਉਂਦਾ ਜੂਸ ਦੀ ਦੁਕਾਨ
ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਇਸ ਸਮੇਂ 12ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਦਾ ਪਿਤਾ ਬੱਸ ਸਟੈਂਡ 'ਤੇ ਜੂਸ ਦੀ ਦੁਕਾਨ ਚਲਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਭੋਤਨਾ ਸਮੇਤ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ ਗਰਮੀ ਤੋਂ ਰਾਹਤ ਪਾਉਣ ਲਈ ਪਿੰਡ ਟੱਲੇਵਾਲ ਦੇ ਵੱਡੀ ਗਿਣਤੀ ਲੋਕ ਨਹਿਰ ਅਤੇ ਵੱਡੇ ਰਜਵਾਹੇ ਵਿੱਚ ਨਹਾਉਂਦੇ ਕਰਦੇ ਹਨ। ਹਰ ਸਾਲ ਕਿਸੇ ਨਾ ਕਿਸੇ ਨੌਜਵਾਨ ਜਾਂ ਵਿਅਕਤੀ ਦੀ ਡੁੱਬਣ ਨਾਲ ਮੌਤ ਹੋ ਜਾਂਦੀ ਹੈ। ਪਿਛਲੇ ਸਾਲ ਵੀ ਇੱਕ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ।